ਆਵਾਜਾਈ ’ਚ ਅੜਿੱਕਾ ਬਣ ਰਹੀਆਂ ਰੇਹੜੀਆਂ ਅਤੇ ਲੱਗੇ ਅੱਡਿਆਂ ਨੂੰ ਹਟਵਾਇਆ
ਕੋਟਕਪੂਰਾ, 2 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ’ਚ ਟਰੈਫਿਕ ਨੂੰੁ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਸ ਕੋਟਕਪੂਰਾ ਨੇ ਕਈ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਵਾਲੇ ਅਤੇ ਆਵਾਜਾਈ ਵਿੱਚ ਅੜਿੱਕਾ ਬਨਣ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਸਿਟੀ ਟਰੈਫਿਕ ਇੰਚਾਰਜ ਏ.ਐੱਸ.ਆਈ. ਹਰਪਾਲ ਸਿੰਘ ਨੇ ਏ.ਐੱਸ.ਆਈ. ਰਜਿੰਦਰ ਸ਼ਰਮਾ, ਸਾਹਿਬ ਸਿੰਘ ਐੱਚ.ਸੀ. ਅਤੇ ਗੁਰਮੀਤ ਸਿੰਘ ਐੱਚ.ਸੀ. ’ਤੇ ਅਧਾਰਿਤ ਟੀਮ ਨਾਲ ਸਥਾਨਕ ਮੁਕਤਸਰ ਰੋਡ ’ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਅਤੇ ਉੱਥੇ ਲੱਗੇ ਅੱਡਿਆਂ, ਜੋ ਕਿ ਆਵਾਜਾਈ ਵਿੱਚ ਅੜਿੱਕਾ ਪਾ ਰਹੇ ਸਨ, ਨੂੰ ਉੱਥੋਂ ਹਟਵਾਇਆ ਗਿਆ। ਇਸ ਦੌਰਾਨ ਉੱਥੇ ਗਲਤ ਢੰਗ ਨਾਲ ਪਾਰਕ ਕੀਤੀਆਂ ਕਾਰਾਂ ਅਤੇ ਹੋਰ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਇਸ ਤੋਂ ਇਲਾਵਾ ਟਰੈਫਿਕ ਪੁਲਸ ਨੇ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ ਰੇਲਵੇ ਰੋਡ ’ਤੇ ਦੁਕਾਨਾਂ ਦੇ ਬਾਹਰ ਲੱਗਿਆ ਸਾਮਾਨ ਹਟਵਾਇਆ ਅਤੇ ਬਾਜ਼ਾਰ ’ਚ ਬੇਤਰਤੀਬੇ ਢੰਗ ਨਾਲ ਖੜ੍ਹੇ ਵਾਹਨਾਂ ਦੇ ਚਲਾਨ ਵੀ ਕੱਟੇ। ਇਸ ਦੌਰਾਨ ਸਿਟੀ ਟਰੈਫਿਕ ਇੰਚਾਰਜ ਏ.ਐੱਸ.ਆਈ. ਹਰਪਾਲ ਸਿੰਘ ਅਤੇ ਏ.ਐੱਸ.ਆਈ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਖਰੀਦੋ-ਫਰੋਖਤ ਕਰਨ ਵਾਲਿਆਂ ਦੀ ਭੀੜ ਵੱਧ ਜਾਂਦੀ ਹੈ, ਜਿਸ ਦੌਰਾਨ ਕਈ ਲੋਕ ਆਪਣੀਆਂ ਕਾਰਾਂ ਤੇ ਦੋਪਹੀਆ ਵਾਹਨ ਬੇਤਰਤੀਬੇ ਢੰਗ ਨਾਲ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਆਵਾਜਾਈ ’ਚ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸ਼ਹਿਰ ਦੀ ਜੈਤੋ ਰੋਡ ’ਤੇ ਬਣੀ ਪਾਰਕਿੰਗ ਅਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਹੀ ਖੜ੍ਹੇ ਕਰਨ ਤੋਂ ਇਲਾਵਾ ਦੋਪਹੀਆ ਵਾਹਨ ਵੀ ਢੰਗ-ਤਰੀਕੇ ਨਾਲ ਹੀ ਬਾਜ਼ਾਰਾਂ ’ਚ ਪਾਰਕ ਕਰਨ ਤਾਂ ਜੋ ਆਵਾਜਾਈ ’ਚ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਇਲਾਕੇ ਵਿੱਚ ਵਾਹਨ ਗਲਤ ਪਾਰਕ ਕੀਤੇ ਜਾਂਦੇ ਹਨ ਜਾਂ ਕਿਸੇ ਬਜਾਰ ਜਾਂ ਮੁੱਖ ਸੜਕ ’ਤੇ ਆਵਾਜਾਈ ਵਿੱਚ ਰੁਕਾਵਟ ਆਉਂਦੀ ਹੈ ਤਾਂ ਇਸਦੀ ਸੂਚਨਾ ਤੁਰੰਤ ਟਰੈਫਿਕ ਪੁਲਸ ਨੂੰ ਦਿੱਤੇ ਜਾਵੇ ਤਾਂ ਜੋ ਅਜਿਹੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਕੇ ਆਵਾਜਾਈ ਨੂੰ ਦਰੁਸਤ ਕੀਤਾ ਜਾ ਸਕੇ।

