ਭਗਵੰਤ ਮਾਨ ਨੇ ਲੋਕਾਂ ਦਾ ਸਮਾਂ ਸਰਕਾਰੀ ਦਫਤਰਾਂ ’ਚ ਬਰਬਾਦ ਹੋਣ ਤੋਂ ਬਚਾਇਆ
ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੂਬੇ ਦੇ ਲੋਕਾਂ ਲਈ ਅਹਿਮ ਫ਼ੈਸਲਾ ਲੈਂਦੇ ਹੋਏ ਜ਼ਰੂਰੀ 43 ਸਕੀਮਾਂ ਦੇ ਲਾਭ ਘਰ ਬੈਠਿਆਂ ਪਹੁੰਚਾਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਪੰਜਾਬ ਦੇ ਲੋਕਾਂ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ। ਬਿਜਲੀ ਦੇ ਬਿੱਲ ਮਾਫ਼ ਕਰਨਾ, ਨੌਜਵਾਨਾਂ ਨੂੰ ਨੌਕਰੀਆਂ ਤੇ ਹੁਣ ਘਰ ਬੈਠੇ ਹੀ ਲੋਕਾਂ ਨੂੰ ਸਾਰੀਆਂ ਸੇਵਾਵਾਂ ਦੇ ਲਾਭ ਮਿਲਣ ਜਾ ਰਹੇ ਹਨ, ਜਿਸ ’ਚ ਕੋਟ ਕਚਹਿਰੀਆਂ ਦੇ ਕੰਮ ਲਾਇਸੈਂਸ, ਰਾਸ਼ਨ ਕਾਰਡ ਛੋਟੀਆਂ-ਛੋਟੀਆਂ ਜ਼ਰੂਰਤਾਂ ਹੁਣ ਬਸ ਤੁਹਾਡੇ ਇਕ ਫੋਨ ਘੁਮਾਉਣ ’ਤੇ ਹੀ ਪੂਰੀਆਂ ਹੋ ਜਾਣਗੀਆਂ। ਸੰਦੀਪ ਸਿੰਘ ਕੰਮੇਆਣਾ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ‘ਸਰਕਾਰ ਤੁਹਾਡੇ ਦੁਆਰ’ ਸਕੀਮ ਤਹਿਤ ਲੋਕਾਂ ਨੂੰ ਸੁਚਾਰੂ ਤਰੀਕੇ ਤੇ ਆਸਾਨੀ ਨਾਲ ਇਹ ਸੇਵਾਵਾਂ ਮੁਹੱਈਆ ਕਰਨ ਦੇ ਉਦੇਸ਼ ਨਾਲ ਕਦਮ ਚੁੱਕਿਆ ਹੈ, ਜਿਸ ਵਿੱਚ ਆਮ ਲੋਕਾਂ ਨੂੰ 1076 ਨੰਬਰ ਹੈਲਪਲਾਈਨ ’ਤੇ ਕਾਲ ਕਰਕੇ ਆਪਣੀ ਸਹੂਲਤ ਮੁਤਾਬਿਕ ਸਮਾਂ ਦੇ ਕੇ ਇਹ ਸੇਵਾਵਾਂ ਲਈਆਂ ਜਾ ਸਕਣਗੀਆਂ। ਉਨਾਂ ਕਿਹਾ ਕਿ ਬਿਨੈਕਾਰ ਨੂੰ ਸੰਬੰਧਿਤ ਸੇਵਾ ਲੈਣ ਲਈ ਲੁੜੀਂਦੇ ਦਸਤਾਵੇਜ਼ ਫ਼ੀਸ ਅਤੇ ਹੋਰ ਸ਼ਰਤਾਂ ਬਾਰੇ ਦੱਸ ਦਿੱਤਾ ਜਾਵੇਗਾ, ਜਿਸ ਲਈ ਬਿਨੈਕਾਰ ਨੂੰ ਮੋਬਾਇਲ ’ਤੇ ਇਕ ਸੁਨੇਹਾ ਪ੍ਰਾਪਤ ਹੋਵੇਗਾ। ਇਸ ਰਾਹੀਂ ਲੁੜੀਂਦੇ ਦਸਤਾਵੇਜ਼ ’ਤੇ ਮਿਤੀ ਬਾਰੇ ਪਤਾ ਚੱਲ ਜਾਵੇਗਾ। ਉਹਨਾਂ ਦੱਸਿਆ ਕਿ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਦਿਖਾਈ ਦੇ ਰਹੇ ਹਨ, ਜਿਸ ਤੋਂ ਸਾਫ਼ ਸਾਬਿਤ ਹੁੰਦਾ ਹੈ ਕਿ ਜੋ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਕੇ ਦਿਖਾ ਰਹੀ ਹੈ। ਆਮ ਲੋਕਾਂ ਨੂੰ ਬੁਨਿਆਦੀ ਲੋੜਾਂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਹੁਣ ਉਨਾਂ ਨੂੰ ਆਪਣੇ ਘਰ ਬੈਠੇ ਹੀ ਉਪਲਬਧ ਹੋਣਗੀਆਂ। ਉਨਾਂ ਨੂੰ ਸਰਕਾਰੀ ਅਦਾਰਿਆਂ ਦੇ ਚੱਕਰ ਵੀ ਨਹੀਂ ਕੱਟਣੇ ਪੈਣਗੇ। ਅਜਿਹਾ ਕਰਨ ਨਾਲ ਇਕ ਤਾਂ ਵਿਚੋਲੀਏ ਖ਼ਤਮ ਹੋ ਜਾਣਗੇ ਅਤੇ ਦੂਜਾ ਜੋ ਸਿਫ਼ਾਰਸ਼ਾਂ ਅਤੇ ਰਿਸ਼ਵਤਾਂ ਦਾ ਜਾਲ ਬਣਾਇਆ ਜਾਂਦਾ ਸੀ, ਉਹ ਵੀ ਖ਼ਤਮ ਹੋ ਜਾਵੇਗਾ।