ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੁਲਿਸ ਪ੍ਰਸ਼ਾਸ਼ਨ ਨੂੰ ਚੋਰਾਂ ਅਤੇ ਲੁਟੇਰਿਆਂ ਖਿਲਾਫ ਸ਼ਿਕਾਇਤਾਂ ਕਰ ਕਰ ਕੇ ਅੱਕ ਅਤੇ ਥੱਕ ਚੁੱਕੇ ਲੋਕਾਂ ਨੇ ਹੁਣ ਖੁਦ ਹੀ ਲੁਟੇਰਿਆਂ ਅਤੇ ਚੋਰਾਂ ਨਾਲ ਨਜਿੱਠਣਾ ਸ਼ੁਰੂ ਕਰ ਦਿੱਤਾ ਹੈ। ਰੋਜਾਨਾ ਮੌਕੇ ’ਤੇ ਹੀ ਲੁਟੇਰਿਆਂ ਜਾਂ ਚੋਰਾਂ ਨੂੰ ਕਾਬੂ ਕਰਨ ਦੀਆਂ ਖਬਰਾਂ ਦੀ ਲੜੀ ਵਿੱਚ ਇਕ ਹੋਰ ਖਬਰ ਦਾ ਉਸ ਵੇਲੇ ਵਾਧਾ ਹੋ ਗਿਆ, ਜਦੋਂ ਇਕ ਵਿਆਹੁਤਾ ਤੋਂ ਮੋਬਾਇਲ ਫੋਨ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਲੋਕਾਂ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਵਿਆਹੁਤਾ ਬਬੀਤਾ ਦੇਵੀ ਪਤਨੀ ਬਾਦਲ ਸਿੰਘ ਵਾਸੀ ਗੋਬਿੰਦ ਨਗਰ, ਭੋਲੂਵਾਲਾ ਰੋਡ ਫਰੀਦਕੋਟ ਨੇ ਦੱਸਿਆ ਕਿ ਉਹ ਕੰਮਕਾਰ ਤੋਂ ਵਾਪਸ ਆਪਣੇ ਘਰ ਪਰਤਣ ਮੌਕੇ ਮੋਬਾਇਲ ਫੋਨ ਸੁਣਦੀ ਜਾ ਰਹੀ ਸੀ ਤੇ ਜਦ ਉਹ ਜਿਲਾ ਕਚਹਿਰੀਆਂ ਨੇੜੇ ਪੁੱਜੀ ਤਾਂ ਇਕ ਸਿਰੋਂ ਮੋਨੇ ਲੜਕੇ ਨੂੰ ਬੜੀ ਤੇਜੀ ਨਾਲ ਝਪਟ ਮਾਰ ਕੇ ਉਸ ਕੋਲੋਂ ਮੋਬਾਇਲ ਫੋਨ ਖੋਹ ਲਿਆ ਅਤੇ ਮੰਡੀ ਵੱਲ ਭੱਜ ਗਿਆ। ਸ਼ੋਰ ਮਚਾਉਣ ਉਪਰੰਤ ਸ਼ਿਕਾਇਤ ਕਰਤਾ ਨੇ ਆਪਣੇ ਪਤੀ ਸਮੇਤ ਲੋਕਾਂ ਦੀ ਮੱਦਦ ਨਾਲ ਰੋਹਿਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਮੁਹੱਲਾ ਢੁੱਡੀ ਵਾਲਾ ਫਰੀਦਕੋਟ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਤਫਤੀਸ਼ੀ ਅਫਸਰ ਏਐਸਆਈ ਬੇਅੰਤ ਸਿੰਘ ਮੁਤਾਬਿਕ ਰੋਹਿਤ ਕੋਲੋਂ ਮੋਬਾਇਲ ਫੋਨ ਬਰਾਮਦ ਕਰਕੇ ਉਸ ਖਿਲਾਫ ਆਈਪੀਸੀ ਦੀ ਧਾਰਾ 379ਬੀ ਵਾਧਾ ਜੁਰਮ 411 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।