ਫ਼ਰੀਦਕੋਟ 19 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਬਾਬਾ ਫਰੀਦ ਜੀ ਦੀ ਰਹਿਮਤ ਅਤੇ ਚੇਅਰਮੈਨ ਸਵ:ਸ ਇੰਦਰਜੀਤ ਸਿੰਘ ਖ਼ਾਲਸਾ ਜੀ ਦੇ ਦਿਖਾਏ ਗਏ ਆਦਰਸ਼ਾਂ ‘ਤੇ ਚੱਲ ਰਹੀ ਪ੍ਰਸਿੱਧ ਸਿੱਖਿਆ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਮਨਜੀਤ ਸਿੰਘ ਦੇ ਪਹਿਲੇ ਬਾਲ ਕਾਵਿ-ਸੰਗ੍ਰਹਿ ‘ਕਿਤਾਬਾਂ ਨਾਲ ਯਾਰੀ’ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਇੱਕ ਵਿਸ਼ੇਸ਼ ਸਮਾਗਮ ਰਚਾ ਕੇ ਲੋਕ-ਅਰਪਿਤ ਕੀਤਾ ਗਿਆ । ਇਸ ਕਾਵਿ-ਪੁਸਤਕ ਅਤੇ ਵਿਦਿਆਰਥੀ-ਲੇਖਕ ਬਾਰੇ ਜਾਣ-ਪਹਿਚਾਣ ਕਰਵਾਉਂਦਿਆਂ ਪੰਜਾਬੀ ਸ਼ਾਇਰ ਅਤੇ ਅਧਿਆਪਕ ਕੁਲਵਿੰਦਰ ਵਿਰਕ ਨੇ ਕਿਹਾ ਕਿ “ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ” ਵੱਲੋਂ ਛਾਪੀ ਗਈ ਇਸ ਕਿਤਾਬ ਵਿੱਚ ਗੁਰਮਨਜੀਤ ਸਿੰਘ ਦੀਆਂ ਬਹੁਤ ਹੀ ਖ਼ੂਬਸੂਰਤ ਅਤੇ ਸਮਾਜ, ਦੇਸ਼, ਕੌਮ ਆਦਿ ਪ੍ਰਤੀ ਗਹਿਰਾ ਚਿੰਤਨ ਕਰਦੀਆਂ ਕਵਿਤਾਵਾਂ ਸ਼ਾਮਲ ਹਨ । ਉਸਦੀਆਂ ਇਹ ਕਵਿਤਾਵਾਂ ਵੱਡੇ ਸੁਨੇਹੇ ਸਿਰਜਦੀਆਂ ਹਨ । ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਇਸ ਬਾਲ-ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਕੇ ਉਹਨਾਂ ਨੂੰ ਨਵੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਿਹਾ ਹੈ । ਵੱਖ-ਵੱਖ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਛਪਦੇ ਰਹੇ ਵਿਦਿਆਰਥੀ ਲੇਖਕ ਗੁਰਮਨਜੀਤ ਸਿੰਘ ਦੀ ਇਹ ਪਹਿਲੀ ਬਾਲ-ਕਵਿਤਾਵਾਂ ਦੀ ਪੁਸਤਕ ਹੈ, ਜਿਸ ਲਈ ਇਹ ਵਿਦਿਆਰਥੀ, ਉਸਦੇ ਅਧਿਆਪਕ ਅਤੇ ਮਾਤਾ-ਪਿਤਾ ਵਿਸ਼ੇਸ਼ ਤੌਰ ‘ਤੇ ਵਧਾਈ ਦੇ ਪਾਤਰ ਹਨ । ਉਹਨਾਂ ਆਸ ਪ੍ਰਗਟਾਈ ਕਿ ਗੁਰਮਨਜੀਤ ਸਿੰਘ ਪੰਜਾਬੀ ਕਾਵਿ-ਖੇਤਰ ਵਿੱਚ ਇੱਕ ਵੱਡਾ ਹਸਤਾਖ਼ਰ ਸਾਬਿਤ ਹੋਵੇਗਾ । ਲੇਖਕ ਗੁਰਮਨਜੀਤ ਸਿੰਘ ਨੇ ਇਸ ਕਿਤਾਬ ਲਈ ਪ੍ਰਿੰਸੀਪਲ, ਅਧਿਆਪਕਾਂ, ਮਾਤਾ-ਪਿਤਾ ਅਤੇ ‘ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ’ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ । ਮੰਚ-ਸੰਚਾਲਨ ਕਰਨ ਵਾਲੇ ਅਧਿਆਪਕ ਨੇ ਵੀ ਇਸ ਬਾਲ-ਲੇਖਕ ਨੂੰ ਮੁਬਾਰਕਾਂ ਦਿੱਤੀਆਂ । ਇਸ ਮੌਕੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ਅੰਤ ਵਿੱਚ ਬਾਬਾ ਫਰੀਦ ਸੁਸਾਇਟੀ ਦੇ ਮੈਂਬਰ ਸਾਹਿਬਾਨਾਂ ਨੇ ਵੀ ਗੁਰਮਨਜੀਤ ਸਿੰਘ ਅਤੇ ਉਸਦੇ ਮਾਤਾ – ਪਿਤਾ ਨੂੰ ਵਧਾਈ ਦਿੱਤੀ।