ਕੋਟਕਪੂਰਾ, 11 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ। ਇਸੇ ਲੜੀ ਤਹਿਤ ਇੱਕ ਹਫਤਾ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਕਾਲਜ ਰੋਡ, ਪੁਰਾਣਾ ਸ਼ਹਿਰ ਕੋਟਕਪੂਰਾ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ, ਤਾਂ ਜੋ ਸ਼ਹਿਰ ਨਿਵਾਸੀ ਇਸ ਕਲੀਨਿਕ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਹ ਨਵਾਂ ਆਮ ਆਦਮੀ ਕਲੀਨਿਕ ਜਿਹੜਾ ਕੋਟਕਪੁਰਾ ਦੇ ਕਰੀਬ 5 ਵਾਰਡਾਂ ਨੂੰ ਕਵਰ ਕਰਦਾ ਹੈ ਪਰ ਇਸ ਕਲੀਨਿਕ ਅੰਦਰ ਪਰਚੀ ਕਟਾਉਂਦੇ ਸਮੇਂ ਮੋਬਾਇਲ ਨੰਬਰ ਦੇ ਨਾਲ ਆਧਾਰ ਕਾਰਡ ਵੀ ਮੰਗਿਆ ਜਾ ਰਿਹਾ ਹੈ। ਜਿਸਦੇ ਚਲਦੇ ਪਹਿਲੀ ਬਾਰ ਇਸ ਕਲੀਨਿਕ ਅੰਦਰ ਇਲਾਜ ਕਰਵਾਉਣ ਲਈ ਜਾਣ ਵਾਲੇ ਕਈ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ, ਕਿਉਂਕਿ ਉਨਾਂ ਕੋਲ ਮੌਕੇ ’ਤੇ ਆਧਾਰ ਕਾਰਡ ਨਹੀਂ ਹੁੰਦਾ ਜਾਂ ਆਧਾਰ ਕਾਰਡ ਨੰਬਰ ਯਾਦ ਨਹੀਂ ਹੁੰਦਾ। ਜਦੋਂਕਿ ਸਿਵਲ ਹਸਪਤਾਲ ਕੋਟਕਪੂਰਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੀ ਓ.ਪੀ.ਡੀ. ਦੀ ਪਰਚੀ ਸਮੇਂ ਆਧਾਰ ਕਾਰਡ ਦੀ ਮੰਗ ਨਹੀਂ ਕੀਤੀ ਜਾ ਰਹੀ। ਕੋਟਕਪੂਰਾ ਦੇ ਵਾਲਮੀਕਿ ਚੌਕ ਅਤੇ ਨੇੜਲੇ ਪਿੰਡ ਪੰਜਗਰਾਈਂ ਦੇ ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕ ਅੰਦਰ ਵੀ ਸਿਰਫ ਮਰੀਜ ਜਾਂ ਉਸਦੇ ਪਰਿਵਾਰਕ ਮੈਂਬਰ ਦੇ ਮੋਬਾਇਲ ਨੰਬਰ ਦੇ ਆਧਾਰ ਤੇ ਓਪੀਡੀ ਦੀ ਪਰਚੀ ਕੱਟੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਬਹੁਤ ਸਾਰੇ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਹੁੰਦੇ। ਇਸ ਤੋਂ ਬਿਨਾਂ ਕਈ ਮਰੀਜਾਂ ਕੋਲ ਮੌਕੇ ਤੇ ਆਧਾਰ ਕਾਰਡ ਨਹੀਂ ਹੁੰਦਾ। ਆਧਾਰ ਕਾਰਡ ਦੀ ਫੋਟੋ ਵੀ ਸਿਰਫ ਉਹੀ ਮਰੀਜ ਆਪਣੇ ਨਾਲ ਰੱਖ ਸੱਕਦੇ ਹਨ। ਜਿਨਾਂ ਕੋਲ ਕੈਮਰੇ ਵਾਲਾ ਫੋਨ ਹੁੰਦਾ ਹੈ। ਇਸ ਤਰਾਂ ਆਧਾਰ ਕਾਰਡ ਦੀ ਲਾਜਮੀ ਮੰਗ ਮਰੀਜ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ। ਕੋਟਕਪੂਰਾ ਦੇ ਸਮਾਜਸੇਵੀ ਕਮਲ ਗਰਗ ਦਾ ਕਹਿਣਾ ਹੈ ਕਿ ਆਧਾਰ ਕਾਰਡ ਨੰਬਰ ਨੂੰ ਹਰ ਵੇਲੇ ਸੁਰੱਖਿਅਤ ਰੱਖਣ ਦਾ ਇਕੋ ਤਰੀਕਾ ਹੋ ਸਕਦਾ ਹੈ ਕਿ ਹਰ ਵਿਅਕਤੀ ਸਰੀਰ ਉਪਰ ਟੈਟੂ ਰਾਹੀਂ ਆਧਾਰ ਕਾਰਡ ਨੰਬਰ ਅੰਕਿਤ ਕਰਵਾਏ। ਉਨਾਂ ਕਿਹਾ ਕਿ ਜੇਕਰ ਕੋਈ ਵਿਆਕਤੀ ਬੀਮਾਰ ਹੈ ਤਾਂ ਸਿਰਫ ਆਧਾਰ ਕਾਰਡ ਨਾ ਹੋਣ ਕਰਕੇ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।