ਅਕਾਲੀ ਆਗੂ ਨੇ ਪੁੱਛਿਆ ਕਿ ‘ਆਪ’ ਸਰਕਾਰ ਨੇ ਨਵੰਬਰ ’ਚ 4450 ਕਰੋੜ ਦਾ ਕਿਉਂ ਲਿਆ ਕਰਜਾ?
ਕੋਟਕਪੂਰਾ, 7 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਏ ਕਰਜਿਆਂ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਪੈਸਾ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਚੋਣ ਦੌਰਿਆਂ ਅਤੇ ਜਿੰਨਾਂ ਰਾਜਾਂ ’ਚ ਹਾਲ ਹੀ ’ਚ ਚੋਣਾਂ ਹੋਈਆਂ, ਉਹਨਾਂ ’ਚ ਪਾਰਟੀ ਦੇ ਪ੍ਰਚਾਰ ’ਤੇ ਖਰਚ ਕੀਤਾ ਹੈ। ਉਹਨਾਂ ਜੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਕਰਜੇ ਲੈਣ ਦੇ ਮਾਮਲੇ ’ਚ ਬੌਖਲਾ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕੱਲ੍ਹ 941 ਕਰੋੜ ਰੁਪਏ ਦਾ ਕਰਜਾ ਲਿਆ ਤੇ ਇਸ ਮਹੀਨੇ ਹੁਣ ਤੱਕ 4450 ਕਰੋੜ ਰੁਪਏ ਦਾ ਕਰਜਾ ਲੈ ਲਿਆ ਹੈ, ਜਦੋਂ ਕਿ ਸਰਕਾਰ ਨੇ ਆਪਣੇ 20 ਮਹੀਨਿਆਂ ਦੇ ਕਾਰਜਕਾਲ ਦੌਰਾਨ 60 ਹਜਾਰ ਕਰੋੜ ਰੁਪਏ ਦਾ ਕਰਜਾ ਲਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਸਿਰਫ ਆਜਾਦ ਤੇ ਨਿਰਪੱਖ ਜਾਂਚ ਹੀ ਸੱਚ ਸਾਹਮਣੇ ਲਿਆ ਸਕਦੀ ਹੈ ਕਿ ਕਿੰਨੇ ਪੈਸੇ ਦੀ ਦੁਰਵਰਤੋਂ ਹੋਈ ਹੈ। ਉਹਨਾਂ ਕਿਹਾ ਕਿ ਇਸ ਸਬੰਧ ’ਚ ਜਾਣਕਾਰੀ ਲੈਣ ਲਈ ਕੀਤੇ ਯਤਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਠੱਪ ਕਰ ਦਿੱਤੇ ਗਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਨਵੰਬਰ ਮਹੀਨੇ ’ਚ 10 ਦਿਨਾਂ ਤੱਕ ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ਦਾ ਦੌਰਾ ਕੇਜਰੀਵਾਲ ਦੇ ਨਾਲ ਰਲ ਕੇ ਕੀਤਾ ਹੈ ਤੇ ਇਹਨਾਂ ਨੂੰ ਵਿਅਕਤੀਗਤ ਦੌਰੇ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਚਾਰਟਡ ਜਹਾਜ ਕਿਰਾਏ ’ਤੇ ਲੈਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਤਿੰਨਾਂ ਰਾਜਾਂ ’ਚ ਪਾਰਟੀ ਦੇ ਚੋਣ ਪ੍ਰਚਾਰ ’ਤੇ ਆਇਆ ਸਾਰਾ ਖਰਚਾ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ’ਚ ਰੋਡ ਸ਼ੋਅ ਤੇ ਰੈਲੀਆਂ ਦੇ ਖਰਚ ਤੋਂ ਇਲਾਵਾ ਸੈਂਕੜੇ ਕਰੋੜ ਰੁਪਏ ਬੈਨਰਾਂ ਅਤੇ ਇਲੈਕਟ੍ਰਾਨਿਕ, ਪਿ੍ਰੰਟ ਅਤੇ ਸੋਸ਼ਲ ਮੀਡੀਆ ’ਤੇ ਖਰਚ ਕੀਤਾ ਹੈ। ਉਹਨਾਂ ਕਿਹਾ ਕਿ ਤਿੰਨ ਰਾਜਾਂ ’ਚ ਚੋਣ ਪ੍ਰਚਾਰ ਵਾਸਤੇ ਪੰਜਾਬ ਸਰਕਾਰ ਦੀ ਮਸ਼ੀਨਰੀ ਦੀ ਦੁਰਵਰਤੋਂ ਵੀ ਕੀਤੀ ਗਈ ਹੈ ਤੇ ਮੁੱਖ ਮੰਤਰੀ ਦਾ ਕਾਫਲਾ ਦੇਸ ਦੇ ਕਈ ਭਾਗਾਂ ਤੋਂ ਅਗਾਊਂ ਜਾਂਦਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਸਰਕਾਰੀ ਖਜਾਨਾ ਜੋ ਕਿ ਪੰਜਾਬੀਆਂ ਦੀ ਭਲਾਈ ਵਾਸਤੇ ਖਰਚਿਆ ਜਾਣਾ ਹੁੰਦਾ ਹੈ, ਉਸਦੀ ਵਰਤੋਂ ਕੇਜਰੀਵਾਲ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ’ਤੇ ਕਿਉਂ ਖਰਚਿਆ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਸਵਾਲ ਦਾ ਜਵਾਬ ਦੇਣ ਲਈ ਪਾਬੰਦ ਹਨ ਕਿਉਂਕਿ ਉਹਨਾਂ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਪੰਜਾਬ ਸਰਕਾਰ ਵੱਲੋਂ ਕਰਜੇ ਲੈਣ ਦਾ ਵਿਰੋਧ ਕੀਤਾ ਸੀ। ਸਰਦਾਰ ਰੋਮਾਣਾ ਨੇ ਜੋਰ ਦੇ ਕੇ ਕਿਹਾ ਕਿ ਆਪ ਸਰਕਾਰ ਕੋਲ 60 ਹਜਾਰ ਕਰੋੜ ਰੁਪਏ ਦੀ ਵਰਤੋਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਸਗਨ ਸਕੀਮ ਹੋਵੇ ਜਾਂ ਆਟਾ ਦਾਲ ਸਕੀਮ ਸਾਰੀਆਂ ਸਮਾਜ ਭਲਾਈ ਸਕੀਮਾਂ ਠੱਪ ਕਰ ਦਿੱਤੀਆਂ ਗਈਆਂ ਹਨ। ਲੜਕੀਆਂ ਨੂੰ ਸਾਇਕਲ ਦੇਣ ਤੇ ਮੈਡੀਕਲ ਸਹੂਲਤਾਂ ਦੇ ਲਾਭ ਸਮੇਤ ਅਨੇਕਾਂ ਹੋਰ ਸਮਾਜ ਭਲਾਈ ਸਕੀਮਾਂ ਖਤਮ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸੂਬੇ ਨੇ ਨਵੇਂ ਕਾਲਜਾਂ, ਹਸਪਤਾਲਾਂ, ਸੜਕਾਂ, ਹਵਾਈ ਅੱਡਿਆਂ ਤੇ ਸਿੰਜਾਈ ਪ੍ਰਾਜੈਕਟਾਂ ਸਮੇਤ ਬੁਨਿਆਦੀ ਢਾਂਚੇ ਵਾਸਤੇ ਕੋਈ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿ ਸਪਸਟ ਹੈ ਕਿ ਪੰਜਾਬ ਦੇ ਸਰੋਤ ਕੇਜਰੀਵਾਲ ਵਲੋਂ ਲੁਟਾਉਣ ਵਾਸਤੇ ਵਰਤ ਲਏ ਹਨ। ਸਰਦਾਰ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੰਡਾਂ ਦੀ ਦੁਰਵਰਤੋਂ ਆਪ ਦੇ ਚੋਣ ਲਾਭ ਵਾਸਤੇ ਖਰਚਣ ਦਾ ਵੀ ਕੋਈ ਲਾਭ ਨਹੀਂ ਹੋਇਆ ਕਿਉਂਕਿ ਮੱਧ ਪ੍ਰਦੇਸ਼ ’ਚ ਪਾਰਟੀ ਨੂੰ 0.5 ਫੀਸਦੀ ਵੋਟਾਂ ਮਿਲੀਆਂ, ਛਤੀਸਗੜ੍ਹ ’ਚ 0.93 ਫੀਸਦੀ ਅਤੇ ਰਾਜਸਥਾਨ ’ਚ 0.38 ਫੀਸਦੀ ਵੋਟਾਂ ਮਿਲੀਆਂ ਹਨ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਆਗੂਆਂ ਦਾ ਘਿਰਾਓ ਕਰ ਕੇ ਉਹਨਾਂ ਨੂੰ ਪੁੱਛਣ ਕਿ ਪਾਰਟੀ ਨੇ 60 ਹਜਾਰ ਕਰੋੜ ਰੁਪਏ ਕਿਥੇ ਖਰਚ ਕੀਤੇ ਹਨ।
Leave a Comment
Your email address will not be published. Required fields are marked with *