ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਤੇ ਵਿਸ਼ੇਸ਼।ਝੰਡਾ ਦਿਵਸ ਹਰ ਸਾਲ 7 ਦਸੰਬਰ ਨੂੰ ਸ਼ਹੀਦਾਂ ਦੇ ਸਨਮਾਨ ਅਤੇ ਭਾਰਤੀ ਹਥਿਆਰਬੰਦ ਫੌਜ ਦੇ ਬਹਾਦਰ ਫੌਜੀਆਂ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਹਥਿਆਰਬੰਦ ਸੈਨਾ ਝੰਡਾ ਦਿਵਸ ਭਾਰਤ ਵਿੱਚ ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮੱਦਦ ਅਤੇ ਵੱਖ-ਵੱਖ ਅਪਰੇਸ਼ਨਾਂ ਦੌਰਾਨ ਸਰੀਰਕ ਤੌਰ ‘ਤੇ ਨਕਾਰਾ ਹੋਏ ਸੈਨਿਕਾਂ ਦੀ ਸਹਾਇਤਾ ਹਿੱਤ ਮਾਲੀ ਫ਼ੰਡ ਜੁਟਾਉਣ ਹਿੱਤ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੀ ਸ਼ੁਰੂਆਤ ਕੀਤੀ ਗਈ।
ਅੱਜ ਝੰਡਾ ਦਿਵਸ ਮੌਕੇ- ਆਓ ਅਸੀਂ ਆਪਣੇ ਬਹਾਦਰ ਸਿਪਾਹੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਅਤੇ ਸਨਮਾਨ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਭਾਰਤ ਦੇ ਲੋਕ ਹਮੇਸ਼ਾਂ ਹੀ ਆਪਣੇ ਬਹਾਦਰ ਫੌਜੀਆਂ ਦੇ ਕਰਜ਼ਦਾਰ ਬਣੇ ਰਹਿਣਗੇ ਜੋ ਬਾਹਰੀ ਅਤੇ ਅੰਦਰੂਨੀ ਹਮਲੇ ਤੋਂ ਦੇਸ਼ ਦੀ ਰਾਖੀ ਲਈ ਵਚਨਬੱਧ ਰਹੇ ਹਨ ਅਤੇ ਜਿਹੜੇ ਹੁਣ ਵੀ ਦਿਨ ਰਾਤ ਇਕ ਕਰਕੇ ਦੇਸ਼ ਦੀ ਰੱਖਿਆ ਕਰਨ ਪ੍ਰਤੀ ਵਫਾਦਾਰ ਹਨ। ਝੰਡਾ ਦਿਵਸ ਉੱਤੇ ਫੰਡ ਵਿਚ ਕੋਈ ਵੀ ਯੋਗਦਾਨ ਸਾਡੇ ਬਹਾਦਰ ਸਿਪਾਹੀਆਂ ਦੁਆਰਾ ਪੇਸ਼ ਕੀਤੀਆਂ ਸ਼ਾਨਦਾਰ ਸੇਵਾਵਾਂ ਪ੍ਰਤੀ ਸਤਿਕਾਰ ਦਾ ਸੰਕੇਤ ਹੋਵੇਗਾ ਜੋ ਕਿ 24 ਘੰਟੇ ਦੇਸ਼ ਦੀ ਸਰਹੱਦ ਦੀ ਸੁਰੱਖਿਆ ‘ਚ ਲੱਗੇ ਰਹਿੰਦੇ ਹਨ। ਆਪ ਸੱਭ ਨੂੰ ਮੇਰੀ ਬੇਨਤੀ ਅਤੇ ਅਪੀਲ ਹੈ ਕਿ ‘ਹਥਿਆਰਬੰਦ ਸੈਨਾਵਾਂ ਝੰਡਾ ਦਿਵਸ’ ਸਬੰਧੀ ਦਿਲ ਖੋਲ੍ਹ ਕੇ ਦਾਨ ਦਿਓ। ਅਸੀਂ ਦੇਸ਼ ਦੀ ਅਜ਼ਾਦੀ, ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦੀ ਮੱਦਦ ਲਈ ਵਰਤੇ ਜਾਂਦੇ ਇਸ ਫ਼ੰਡ ਵਿੱਚ ਯੋਗਦਾਨ ਪਾ ਕੇ ਦੇਸ਼ ਪ੍ਰਤੀ ਜ਼ਿੰਮੇਂਦਾਰੀ ਬਾਖੂਬੀ ਢੰਗ ਨਾਲ ਨਿਭਾਅ ਸਕਦੇ ਹਾਂ। ਝੰਡਾ ਦਿਵਸ ਵਾਸਤੇ ਦਿੱਤੇ ਜਾਣ ਵਾਲੇ ਦਾਨ ਨੂੰ ਭਾਰਤ ਵਿੱਚ 06 ਮਾਰਚ 1954 ਅਤੇ 26 ਮਾਰਚ 2007 ਦੇ ਨੋਟੀਫਿਕੇਸ਼ਨ ਅਨੁਸਾਰ ਆਮਦਨ ਕਰ ਤੋਂ ਵੀ ਛੋਟ ਹੈ।
ਜਾਣਕਾਰੀ ਅਨੁਸਾਰ ਦੇਸ਼ ਦੀ ਵੰਡ ਤੋਂ ਬਾਅਦ ਜੁਲਾਈ 1948 ਦੌਰਾਨ ਭਾਰਤ ਸਰਕਾਰ ਦੀ ਰੱਖਿਆ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਨਿਭਾਅ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਵਾਸਤੇ ਦਾਨ ਇਕੱਠਾ ਕਰਨ ਖਾਤਿਰ ਇੱਕ ਵਿਸ਼ੇਸ਼ ਦਿਨ ਮਿੱਥਿਆ ਜਾਵੇ। ਸੰਨ 1949 ਵਿੱਚ ਉਸ ਸਮੇਂ ਦੇ ਰੱਖਿਆ ਮੰਤਰੀ ਦੀ ਕਮੇਟੀ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ।
ਅਸਲ ‘ਚ ਇਹ ਦਿਨ ਫੌਜੀਆਂ ਪ੍ਰਤੀ ਸਦਭਾਵਨਾ ਨੂੰ ਤਾਜ਼ਾ ਕਰਨ ਅਤੇ ਉਨ੍ਹਾਂ ਬਹਾਦਰ ਸੈਨਿਕਾਂ ਦੀ ਯਾਦ ਸਾਨੂੰ ਤਾਜ਼ਾ ਕਰਵਾਉਂਦਾ ਹੈ ਜਿਹੜੇ ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਆਜ਼ਾਦੀ ਹਾਸਲ ਕਰਨ ਉਪਰੰਤ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਖਾਤਿਰ ਸ਼ਹਾਦਤ ਦਾ ਜਾਮ ਪੀ ਗਏ। ਦੇਸ਼ ਦੇ ਮਹਾਨ ਸਪੂਤਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਸਾਰੀ ਮਨੁੱਖਤਾ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਅਤੇ ਖਾਸ ਤੌਰ ‘ਤੇ ਪੰਜਾਬ ਤਾਂ ਅਤੀਤ ਤੋਂ ਹੀ ਦੇਸ਼ ਦੀ ਸੱਜੀ ਬਾਂਹ ਰਿਹਾ ਹੈ। ਇੱਕ ਫ਼ੌਜੀ ਜੰਗਲਾਂ, ਪਹਾੜਾਂ, ਬਰਫੀਲੇ, ਪਥਰੀਲੇ, ਮਾਰਥੂਲਾਂ ਆਦਿ ਸਰਹੱਦੀ ਇਲਾਕਿਆਂ ਅੰਦਰ ਜਾ ਕੇ ਆਪਣੀ ਪ੍ਰਤਿੱਗਿਆ ਦਾ ਪ੍ਰਗਟਾਵਾ ਕਰਦਿਆਂ ਪਲਟਨ, ਕੌਮ ਅਤੇ ਦੇਸ਼ ਦੀ ਖਾਤਿਰ ਮਰ ਮਿਟਣ ਲਈ ਸਦਾ ਤਿਆਰ-ਬਰ-ਤਿਆਰ ਰਹਿੰਦਾ ਹੈ। ਸਮੁੱਚੇ ਦੇਸ਼ ਵਾਸੀਆਂ ਨੂੰ ਅਤੇ ਖਾਸ ਤੌਰ ‘ਤੇ ਕਾਲਜਾਂ ਅਤੇ ਸਕੂਲੀ ਬੱਚਿਆਂ ਨੂੰ ਫੌਜੀਆਂ ਦੀ ਸਖਤ ਡਿਊਟੀ ਅਤੇ ਉਨਾਂ ਵੱਲੋਂ ਕੀਤੇ ਜਾਂਦੇ ਕੰਮਾਂ ਬਾਰੇ ਜਾਣੂ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਦੇ ਬੱਚਿਆਂ ਨੂੰ ਫੋਜ ਵਿੱਚ ਭਰਤੀ ਹੋਣ ਲਈ ਵੀ ਉਤਸਾਹਿਤ ਕੀਤਾ ਜਾਵੇ ਇਸ ਨਾਲ ਉਹ ਖੇਡਾਂ ਵੱਲ ਵੱਧ ਧਿਆਨ ਦੇਣਗੇ ਅਤੇ ਨਸ਼ੇ ਤੋਂ ਵੀ ਦੂਰ ਰਹਿਣਗੇ। ਬੱਚਿਆਂ ਨੂੰ ਵੱਖ-ਵੱਖ ਫੌਜ ਟੁਕੜੀਆਂ ਨਾਲ ਮਿਲਾਇਆ ਜਾਵੇ ਤਾਂ ਜੋ ਉਹਨਾਂ ਨੂੰ ਵੀ ਸੈਨਿਕਾਂ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਅਹਿਸਾਸ ਹੋ ਸਕੇ। ਝੰਡਾ ਦਿਵਸ ਮੌਕੇ ਇਕੱਤਰ ਕੀਤਾ ਗਿਆ ਫੰਡ ਦਾ ਇਹ ਪੈਸਾ ਜਿੱਥੇ ਜੰਗੀ ਵਿਧਵਾਵਾਂ, ਅਪੰਗ ਸੁਰੱਖਿਆ ਕਰਮੀਆਂ ਅਤੇ ਸਾਬਕਾ ਫੌਜੀਆਂ ਦੇ ਮੁੜ ਵਸੇਬੇ ਲਈ ਸਹਾਈ ਸਿੱਧ ਹੋਵੇਗਾ ਉੱਥੇ ਨਾਲ਼ ਹੀ ਆਮ ਲੋਕਾਂ ਵੱਲੋਂ ਇਕੱਠਾ ਕੀਤਾ ਗਿਆ ਇਹ ਫੰਡ ਭੇਜਣ ਨਾਲ ਦੇਸ਼ ਪ੍ਰਤੀ ਸਾਡੀ ਬਣਦੀ ਜਿੰਮੇਵਾਰੀ ਵੀ ਪੂਰੀ ਹੋਵੇਗੀ ਅਤੇ ਕੁਝ ਹੱਦ ਤੱਕ ਅਸੀਂ ਸ਼ਹੀਦਾਂ ਅਤੇ ਵਿਧਵਾਵਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਵਿੱਚ ਵੀ ਸਹਾਇਕ ਹੋਵਾਂਗੇ।
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ
9781590500
Leave a Comment
Your email address will not be published. Required fields are marked with *