ਭੁੱਲੀ ਨਹੀਂ ਹੈ ਦੇਸ਼ ਦੇ ਵਾਸੀਆਂ ਨੂੰ,
ਇੱਜ਼ਤ, ਅਣਖ ਤੇ ਸ਼ਾਨ ਪੰਜਾਬੀਆਂ ਦੀ।
ਸਮੇਂ-ਸਮੇਂ ਤੇ ਜਦੋਂ ਵੀ ਮੰਗ ਹੋਈ,
ਕੰਮ ਆਈ ਹੈ ਜਾਨ ਪੰਜਾਬੀਆਂ ਦੀ।
ਵਤਨ ਵਾਸਤੇ ਸਦਾ ਤਿਆਰ ਰਹਿੰਦੇ,
ਦੇਸ਼-ਭਗਤੀ ਦੇ ਨਾਲ ਨੇ ਭਰੇ ਸੂਰੇ।
ਹਿੱਕਾਂ ਡਾਹ ਕੇ ਵੈਰੀ ਦੇ ਮਾਰਨੇ ਨੂੰ,
ਇੱਕ-ਦੂਜੇ ਤੋਂ ਰਹਿੰਦੇ ਨੇ ਸਦਾ ਮੂਹਰੇ।
ਜਦੋਂ-ਜਦੋਂ ਵੀ ਦੇਸ਼ ਤੇ ਭੀੜ ਆਈ,
ਜੋਸ਼ ਸਦਾ ਵਿਖਾਇਆ ਪੰਜਾਬੀਆਂ ਨੇ।
ਗਫ਼ਲਤ-ਨੀਂਦ ਵਿੱਚ ਲੋਕਾਂ ਸੁੱਤਿਆਂ ਨੂੰ,
ਫੜ ਕੇ ਬਾਹੋਂ ਜਗਾਇਆ ਪੰਜਾਬੀਆਂ ਨੇ।
ਰਾਜ ਮੁਗ਼ਲਾਂ ਦਾ ਜਾਂ ਸੀ ਪੰਜਾਬੀਆਂ ਦਾ,
ਜਾਨ ਆਪਣੀ ਜੰਗ ਵਿੱਚ ਝੋਕ ਦਿੱਤੀ।
ਸਾਕੇ ਸਿਰਾਂ ਉੱਤੋਂ ਕਿੰਨੇ ਲੰਘ ਗਏ ਨੇ,
ਗੱਡੀ ਤੇਜ਼ੀ ਨਾਲ ਲੰਘਦੀ ਰੋਕ ਦਿੱਤੀ।
ਦੇਸ਼-ਵੰਡ ਜਾਂ ਸਾਕਾ ਚੁਰਾਸੀ ਵਾਲਾ,
ਰਸਤਾ ਰੋਕ ਨਾ ਸਕਿਆ ਪੰਜਾਬੀਆਂ ਦਾ।
ਕਿਸੇ ਅਬਲਾ, ਅਨਾਥ ਤੇ ਆਈ ਬਿਪਤਾ,
ਵੇਖ ਖੂਨ ਖੌਲ ਉੱਠਿਆ ਪੰਜਾਬੀਆਂ ਦਾ।
ਭਾਵੇਂ ਦੇਸ਼ ਵਿੱਚ ਇਨ੍ਹਾਂ ਦੀ ਘੱਟ ਗਿਣਤੀ,
ਹਰ ਖੇਤਰ ਵਿੱਚ ਝੰਡੇ ਗੱਡ ਦਿੱਤੇ।
ਜੋ ਵੀ ਅੜਿਆ ਨਾਲ ਦੀ ਨਾਲ ਝੜਿਆ,
ਕੈਰੀ ਅੱਖ ਵਾਲੇ ਦੇ ਵੱਟ ਕੱਢ ਦਿੱਤੇ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.