ਫਰੀਦਕੋਟ, 20 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਫਰੀਦਕੋਟ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਸਥਾਨਕ ਟੀਚਰ ਕਲੋਨੀ ਦੇ ਦੋ ਵਿਅਕਤੀਆਂ ਨੂੰ ਇੱਥੋਂ ਦੇ ਇੱਕ ਬਜੁਰਗ ਪਤੀ-ਪਤਨੀ ਦਾ ਕਤਲ ਕਰਨ ਅਤੇ ਅੱਗ ਲਾਉਣ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਅਤੇ 15–15 ਹਜਾਰ ਰੁਪਏ ਜੁਰਮਾਨਾ ਕਰਨ ਦਾ ਵੀ ਹੁਕਮ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼ਿਕਾਇਤਕਰਤਾ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਪੰਕਜ ਤਨੇਜਾ ਅਤੇ ਐਡਵੋਕੇਟ ਨਰਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਸਿਟੀ ਫਰੀਦਕੋਟ ਨੇ 31 ਜੁਲਾਈ 2019 ਨੂੰ ਪਰਮਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਿਊ ਹਰਿੰਦਰਾ ਨਗਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਨਦੀਪ ਸਿੰਘ ਉਰਫ ਰੂਬੀ ਪੁੱਤਰ ਸੋਮ ਪ੍ਰਕਾਸ਼ ਅਤੇ ਮਨਪ੍ਰੀਤ ਸਿੰਘ ਉਰਫ ਪਿੰਟੂ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਟੀਚਰ ਕਲੋਨੀ ਫਰੀਦਕੋਟ ਵਿਰੁੱਧ ਆਈਪੀਸੀ ਦੀ ਧਾਰਾ 302/460/436/34 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਡੇ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਬਲਦੇਵ ਕੌਰ ਟੀਚਰ ਕਲੋਨੀ ਵਾਲੇ ਮਕਾਨ ਵਿੱਚ ਰਹਿੰਦੇ ਸੀ, ਜੋ ਦੋਨੋ ਸਾਡੇ ਕਹਿਣ ਦੇ ਬਾਵਜੂਦ ਵੀ ਟੀਚਰ ਕਲੋਨੀ ਵਿਖੇ ਇਕੱਲੇ ਰਹਿੰਦੇ ਸੀ। ਮਿਤੀ 31-7-2019 ਨੂੰ ਮੈਨੂੰ ਟੈਲੀਫੋਨ ਰਾਹੀ ਸੁਨੇਹਾ ਆਇਆ ਕਿ ਤੁਹਾਡੇ ਘਰ ਅੱਗ ਲੱਗ ਗਈ ਹੈ। ਜਦ ਅਸੀ ਘਰ ਦੇ ਅੰਦਰ ਜਾ ਕੇ ਵੇਖਿਆ ਤਾਂ ਮੇਰੇ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਬਲਦੇਵ ਕੌਰ ਨੂੰ ਕਿਸੇ ਗਲਤ ਅਨਸਰਾਂ ਨੇ ਜਾਨੋ ਮਾਰ ਕੇ ਸਾਡੇ ਘਰ ਨੂੰ ਅੱਗ ਲਾ ਦਿੱਤੀ ਹੈ, ਜਿਸ ਨਾਲ ਮੇਰੇ ਮਾਤਾ-ਪਿਤਾ ਦੀਆਂ ਲਾਸ਼ਾਂ ਅੱਗ ਨਾਲ ਝੁਲਸੀਆਂ ਹੋਈਆਂ ਹਨ। ਐਡੀਸ਼ਨਲ ਜਿਲਾ ਅਤੇ ਸੈਸ਼ਨ ਰਾਜੀਵ ਕਾਲੜਾ ਦੀ ਅਦਾਲਤ ਵੱਲੋਂ ਦੋਨਾ ਧਿਰਾਂ ਦੀ ਬਹਿਸ ਸੁਣਨ ਉਪਰੰਤ ਮਨਦੀਪ ਸਿੰਘ ਉਰਫ ਰੂਬੀ ਪੁੱਤਰ ਸੋਮ ਪ੍ਰਕਾਸ਼ ਅਤੇ ਮਨਪ੍ਰੀਤ ਸਿੰਘ ਉਰਫ ਪਿੰਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਟੀਚਰ ਕਲੋਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
Leave a Comment
Your email address will not be published. Required fields are marked with *