ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਨਿਕਾ ਲਾਂਬਾ ਦੀ ਅਦਾਲਤ ਫਰੀਦਕੋਟ ਨੇ ਨਜਾਇਜ ਤੌਰ ’ਤੇ ਅਸਲਾ ਰੱਖਣ ਦੇ ਇੱਕ ਮਾਮਲੇ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਆਖਰੀ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਸਜ਼ਾ ਅਤੇ 5 ਹਜਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਦਿੱਤਾ ਹੈ ਅਤੇ ਜੇਕਰ ਜੁਰਮਾਨਾ ਜਮਾ ਨਾ ਕਰਵਾਏ ਤਾਂ ਉਸ ਨੂੰ ਇੱਕ ਮਹੀਨੇ ਦੀ ਵੱਖਰੀ ਸਜ਼ਾ ਭੁਗਤਣੀ ਪਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਵਲੋਂ 30 ਨਵੰਬਰ 2021 ਨੂੰ ਦੋ ਵਿਅਕਤੀਆਂ ਪਾਸੋਂ ਪਿਸਤੋਲ ਅਤੇ ਰੋਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਜਿੰਨਾ ਦੀ ਪਹਿਚਾਣ ਨਿਖਿਲ ਕਟਾਰੀਆ ਅਤੇ ਗੋਰਵ ਕੁਮਾਰ ਵਾਸੀਆਨ ਫਰੀਦਕੋਟ ਵਜੋਂ ਹੋਈ। ਜਿਨ੍ਹਾਂ ਨੂੰ ਗਿ੍ਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ’ਤੇ ਮਾਨਯੋਗ ਅਦਾਲਤ ਵੱਲੋਂ ਗੋਰਵ ਕੁਮਾਰ ਨੂੰ ਨਬਾਲਗ ਵਜੋਂ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਸਬੰਧ ਉਸ ਦੇ ਖਿਲਾਫ ਵੱਖਰਾ ਇੱਕ ਕੇਸ ਮਾਨਯੋਗ ਜੁਵਨਾਇਲ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਨਿਖਿਲ ਕਟਾਰੀਆ ਨੂੰ ਮਾਨਯੋਗ ਅਦਾਲਤ ਨੇ ਦੋਨਾ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਸਜ਼ਾ ਅਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ।