ਫਰੀਦਕੋਟ, 5 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲਵਦੀਪ ਹੁੰਦਲ ਦੀ ਅਦਾਲਤ ਨੇ ਤਕਰੀਬਨ ਸਾਢੇ 6 ਸਾਲ ਪੁਰਾਣੇ ਸ਼ਰਾਬ ਰੱਖਣ ਦੇ ਇੱਕ ਮਾਮਲੇ ਵਿੱਚ ਥਾਣਾ ਸਿਟੀ ਫਰੀਦਕੋਟ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਇੱਕ ਵਿਅਕਤੀ ਨੂੰ ਸਬੂਤਾ ਅਤੇ ਗਵਾਹਾਂ ਦੇ ਆਧਾਰ ’ਤੇ ਫਰੀਦਕੋਟ ਦੇ ਵਸਨੀਕ ਇੱਕ ਵਿਅਕਤੀ ਨੂੰ ਸ਼ਰਾਬ ਰੱਖਣ ਦੇ ਦੋਸ਼ਾਂ ਵਿੱਚ 2 ਸਾਲ ਦੀ ਸਜ਼ਾ ਅਤੇ 2 ਲੱਖ ਰੁਪਏ ਜੁਰਮਾਨਾ ਕਰਨ ਦਾ ਹੁਕਮ ਦਿੱਤਾ ਹੈ, ਜੁਰਮਾਨਾ ਜਮਾ ਨਾ ਕਰਾਉਣ ਦੀ ਸੂਰਤ ਵਿੱਚ 6 ਮਹੀਨੇ ਹੋਰ ਵਾਧੂ ਜੇਲ ਵਿੱਚ ਰਹਿਣਾ ਪਵੇਗਾ, ਜਦਕਿ ਇਸ ਦੇ ਇੱਕ ਸਾਥੀ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ 15 ਜੂਨ 2017 ਨੂੰ ਥਾਣਾ ਸਿਟੀ ਫਰੀਦਕੋਟ ਵਲੋਂ ਕਿਸੇ ਖਾਸ ਮੁਖਬਰ ਦੀ ਇਤਲਾਹ ’ਤੇ ਸੰਦੀਪ ਸਚਦੇਵਾ ਉਰਫ ਬਨੀ ਪੁੱਤਰ ਤਰਸੇਮ ਕੁਮਾਰ ਅਤੇ ਅਮਰੀਕ ਸਿੰਘ ਪੁੱਤਰ ਬਾਲ ਸਿੰਘ ਵਾਸੀ ਫਰੀਦਕੋਟ ਖਿਲਾਫ ਐਕਸਾਈਜ ਐਕਟ ਦੀ ਧਾਰਾ 61/1/14 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਤੇ ਮਾਨਯੋਗ ਅਦਾਲਤ ਵਿੱਚ ਪੁਲਿਸ ਵੱਲੋਂ ਅਮਰੀਕ ਸਿੰਘ ਖਿਲਾਫ ਪੁਖਤਾ ਸਬੂਤ ਪੇਸ਼ ਹੋਣ ’ਤੇ ਪੰਜਾਬ ਐਕਸਾਈਜ ਐਕਟ 1914 ਸਪੈਸ਼ਲ ਐਕਟ ’ਤੇ 2 ਸਾਲ ਦੀ ਸਜ਼ਾ ਅਤੇ 2 ਲੱਖ ਰੁਪਏ ਜੁਰਮਾਨਾ ਕੀਤਾ ਹੈ, ਜਦਕਿ ਸੰਦੀਪ ਸਚਦੇਵਾ ਖਿਲਾਫ ਪੁਖਤਾ ਸਬੂਤ ਪੇਸ਼ ਨਾ ਹੋਣ ’ਤੇ ਬਰੀ ਕਰ ਦਿੱਤਾ ਹੈ।