ਫਰੀਦਕੋਟ, 29 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲਵਦੀਪ ਹੁੰਦਲ ਦੀ ਅਦਾਲਤ ਨੇ ਤਕਰੀਬਨ ਸਾਢੇ 6 ਸਾਲ ਪੁਰਾਣੇ ਕੇਸ ਦਾ ਨਿਪਟਾਰਾ ਕਰਦਿਆਂ ਪਿੰਡ ਖਾਰਾ ਦੇ ਵਸਨੀਕ ਇੱਕ ਵਿਅਕਤੀ ਨੂੰ ਨਜਾਇਜ ਸ਼ਰਾਬ ਰੱਖਣ ਦੇ ਦੋਸ਼ਾਂ ਵਿੱਚ 2 ਸਾਲ ਦੀ ਸਜ਼ਾ ਅਤੇ 3 ਲੱਖ ਰੁਪਏ ਜੁਰਮਾਨਾ ਕਰਨ ਦਾ ਹੁਕਮ ਦਿੱਤਾ ਹੈ, ਜੁਰਮਾਨਾ ਜਮਾ ਨਾ ਕਰਾਉਣ ਦੀ ਸੂਰਤ ਵਿੱਚ ਇਸ ਨੂੰ 6 ਮਹੀਨੇ ਹੋਰ ਵਾਧੂ ਜੇਲ ਵਿੱਚ ਰਹਿਣਾ ਪਵੇਗਾ, ਜਦਕਿ ਇਸ ਦੇ ਦੋ ਸਾਥੀਆਂ ਖਿਲਾਫ ਪੁਖਤਾ ਸਬੂਤ ਪੇਸ਼ ਨਾ ਹੋਣ ’ਤੇ ਬਰੀ ਕਰ ਦਿੱਤਾ ਹੈ। ਪੁਲਿਸ ਸੁੂਤਰਾਂ ਅਨੁਸਾਰ ਜਦ ਤਫਤੀਸ਼ੀ ਅਫਸਰ, ਏ.ਐਸ.ਆਈ. ਕੇਵਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਕੈਂਟਰ ਦੀ ਤਲਾਸ਼ੀ ਕੀਤੀ ਤਾਂ ਉਸ ’ਚੋਂ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਬਰਾਮਦ ਹੋਈ, ਜਿਸ ਨੂੰ ਪੁਲਿਸ ਵਲੋਂ ਸੋਨੂੰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਹਰੀਕੇ ਕਲਾਂ ਸਮੇਤ ਬਲਜੀਤ ਸਿੰਘ, ਗੁਰਜਿੰਦਰ ਸਿੰਘ, ਕਰਮਜੀਤ ਸਿੰਘ ਵਾਸੀਆਨ ਖਾਰਾ ਖਿਲਾਫ 17 ਮਈ 2017 ਨੂੰ ਥਾਣਾ ਸਿਟੀ ਫਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਤੇ ਮਾਨਯੋਗ ਅਦਾਲਤ ਵਿੱਚ ਪੁਲਿਸ ਵਲੋਂ ਬਲਜੀਤ ਸਿੰਘ ਖਿਲਾਫ ਪੁਖਤਾ ਸਬੂਤ ਪੇਸ਼ ਕਰਨ ’ਤੇ ਅਦਾਲਤ ਨੇ ਸਜ਼ਾ ਵਾ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ। ਜਦਕਿ ਗੁਰਜਿੰਦਰ ਸਿੰਘ ਅਤੇ ਕਰਮਜੀਤ ਸਿੰਘ ਖਿਲਾਫ ਪੁਖਤਾ ਸਬੂਤ ਪੇਸ਼ ਨਾ ਹੋਣ ’ਤੇ ਬਰੀ ਕਰ ਦਿੱਤਾ ਹੈ ਅਤੇ ਸੋਨੂੰ ਸਿੰਘ ਦੀ ਚੱਲਦੇ ਕੇਸ ਵਿੱਚ ਮੌਤ ਹੋ ਗਈ ਹੈ।