ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਨਯੋਗ ਸ਼ੈਸ਼ਨ ਜੱਜ ਨਵਜੋਤ ਕੌਰ ਦੀ ਅਦਾਲਤ ਫਰੀਦਕੋਟ ਨੇ ਲਗਭਗ ਸਵਾ ਚਾਰ ਸਾਲ ਪਹਿਲਾਂ ਥਾਣਾ ਸਿਟੀ ਕੋਟਕਪੂਰਾ ਪੁਲਿਸ ਵੱਲੋਂ ਇੱਕ ਵਿਅਕਤੀ ਦਾ ਮੋਬਾਇਲ ਖੋਹਣ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਇੱਕ ਵਿਅਕਤੀ ਨੂੰ ਜੁਰਮ ਸਾਬਤ ਹੋਣ ’ਤੇ 5 ਸਾਲ ਦੀ ਸਜ਼ਾ ਅਤੇ 10 ਹਜਾਰ ਰੁਪਏ ਜੁਰਮਾਨਾ ਕਰਨ ਦਾ ਆਦੇਸ਼ ਦਿੱਤਾ ਹੈ। ਜੁਰਮਾਨਾ ਜਮਾ ਨਾ ਕਰਾਉਣ ਦੀ ਸੂਰਤ ਵਿੱਚ ਤਿੰਨ ਮਹੀਨੇ ਹੋਰ ਜੇਲ ਵਿੱਚ ਰਹਿਣਾ ਪਵੇਗਾ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਰਘਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕੋਟਕਪੂਰਾ ਨੇ ਥਾਣਾ ਸਿਟੀ ਕੋਟਕਪੂਰਾ ਨੂੰ 11 ਅਕਤੂਬਰ 2019 ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਸੀ ਕਿ ਮੈਂ ਈ.ਟੀ.ਉ.ਐੱਨ. ਐਜੂਕੇਸ਼ਨ ਸੈਂਟਰ ਖੋਲਿਆ ਹੋਇਆ ਹੈ, ਜਦ ਮੈ ਆਪਣੇ ਘਰ ਦੇ ਗੇਟ ਕੋਲ ਆਇਆ ਤਾਂ ਪਿੱਛੋ ਇੱਕ ਮੋਟਰਸਾਇਕਲ, ਜਿਸ ਨੂੰ ਇੱਕ ਮੋਨਾ ਲੜਕਾ ਚਲਾ ਰਿਹਾ ਸੀ। ਮੈ ਫੋਨ ਸੁਣ ਰਿਹਾ ਸੀ ਕਿ ਉਸ ਲੜਕੇ ਨੇ ਇਕਦਮ ਝਪਟ ਮਾਰ ਕੇ ਫੋਨ ਖੋਹ ਲਿਆ। ਜਦ ਮੈ ਲੜਕੇ ਵੱਲ ਦੇਖਿਆ ਤਾਂ ਲੜਕਾ ਅਜੇ ਸਿੰਘ ਪੁੱਤਰ ਜਸਵਿੰਦਰ ਸਿੰਘ ਜੋ ਕੋਟਕਪੂਰਾ ਦਾ ਵਸਨੀਕ ਹੈ। ਅਸੀ ਇਸ ਲੜਕੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਿਆ। ਜਿਸ ’ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਅਜੇ ਸਿੰਘ ਵਾਸੀ ਕੋਟਕਪੂਰਾ ਖਿਲਾਫ ਅਈਪੀਸੀ ਦੀ ਧਾਰਾ 379ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਤੇ ਸ਼ਿਕਾਇਤ ਕਰਤਾ ਵੱਲੋਂ ਮਾਨਯੋਗ ਅਦਾਲਤ ਵਿੱਚ ਪੁਖਤਾ ਸਬੂਤ ਪੇਸ਼ ਕਰਨ ’ਤੇ ਅਦਾਲਤ ਵੱਲੋਂ ਸਜ਼ਾ ਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ।