ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸਦਾ ਚਲਾਨ ਕੱਟਣ ਦੇ ਨਾਲ ਐਫ.ਆਈ.ਆਰ. ਵੀ ਹੋਵੇਗੀ ਦਰਜ : ਡਾ. ਗਿੱਲ
ਫ਼ਰੀਦਕੋਟ, 21 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਵਿਨਿਤ ਕੁਮਾਰ ਵੱਲੋ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਜਿਲ੍ਹਾ ਫਰੀਦਕੋਟ ਦੇ ਸਮੂਹ ਉਪਮੰਡਲ ਮੈਜਿਸਟ੍ਰੇਟ, ਬੀ.ਡੀ.ਪੀ.ਓ. ਕਲੱਸਟਰ ਅਫਸਰ ਅਤੇ ਸੁਪਰਵਾਇਜਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਹਨਾਂ ਵੱਲੋ ਕਲੱਸਟਰ ਅਫਸਰ ਅਤੇ ਸੁਪਰਵਾਇਜਰਾਂ ਨੂੰ ਹਦਾਇਤ ਕੀਤੀ ਕਿ ਉਹ ਲਗਾਤਾਰ ਉਹਨਾਂ ਨੂੰ ਦਿੱਤੇ ਗਏ ਪਿੰਡਾਂ ਦਾ ਦੌਰਾ ਕਰਦੇ ਰਹਿਣ ਅਤੇ ਹਰ ਰੋਜ਼ ਖੇਤਾਂ ਵਿੱਚ ਲੱਗ ਰਹੀ ਪਰਾਲੀ ਨੂੰ ਅੱਗ ਵਾਲੇ ਸਪਾਟਾਂ ਦੀ ਵੈਰੀਫਿਕੇਸ਼ਨ ਕਰਕੇ ਵੱਧ ਤੋ ਵੱਧ ਚਲਾਨ ਕੱਟਣ। ਇਸੇ ਲੜੀ ਅਧੀਨ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਸੈਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਜਿਸ ਦੀ ਅਗਵਾਈ ਸਾਇੰਸਦਾਨ ਸ੍ਰੀ ਬੀ.ਕੇ. ਜੀਨਾ ਵੱਲੋ ਕੀਤੀ ਜਾ ਰਹੀ ਹੈ ਨਾਲ ਮੀਟਿੰਗ ਕੀਤੀ ਅਤੇ ਉਪਰੰਤ ਪਿੰਡ ਚਹਿਲ ਦੀ ਬਹੁਮੰਤਵੀ ਸਹਿਕਾਰੀ ਸਭਾ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਮੁਹੱਈਆ ਕਰਵਾਈ ਜਾ ਰਹੀ ਖੇਤੀ ਮਸ਼ੀਨਰੀ ਬਾਰੇ ਪੁੱਛਿਆ ਗਿਆ। ਸਹਿਕਾਰੀ ਸਭਾ ਦੇ ਸੈਕਟਰੀ ਵੱਲੋ ਕਿਸਾਨਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
ਇਸ ਦੌਰਾਨ ਡਾ. ਗਿੱਲ ਵੱਲੋ ਪਿੰਡ ਟਹਿਣਾ ਦਾ ਦੌਰਾ ਕੀਤਾ ਗਿਆ ਜਿੱਥੇ ਦੋ ਖੇਤਾਂ ਵਿੱਚ ਕਿਸਾਨਾਂ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ। ਉਹਨਾਂ ਵੱਲੋ ਮੌਕੇ ਤੇ ਜਾ ਕੇ ਪਰਾਲੀ ਨੂੰ ਅੱਗ ਲਗਾ ਰਹੇ ਕਿਸਾਨਾਂ ਨੂੰ ਰੋਕਿਆ ਅਤੇ ਉਹਨਾਂ ਨੂੰ ਪਰਾਲੀ ਨੂੰ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਤੋਂ ਇਲਾਵਾ ਡਾ. ਗਿੱਲ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸਦਾ ਚਲਾਨ ਕੱਟਿਆ ਜਾਵੇਗਾ ਅਤੇ ਐਫ.ਆਈ.ਆਰ ਉਸਦੇ ਖਿਲਾਫ ਕਰਵਾਈ ਜਾਵੇ। ਉਹਨਾਂ ਵੱਲੋ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੇ ਬਚਾਇਆ ਜਾ ਸਕੇ।
Leave a Comment
Your email address will not be published. Required fields are marked with *