ਲੱਖਾਂ ਖ਼ਾਬ ਸੀ ਦਿਲ ਦੇ ਅੰਦਰ
ਰਹੀ ਮੁਹੱਬਤ ਮੇਰੀ ਅਧੂਰੀ।
ਕੰਨ ਪੜਾਏ ਜੋਗੀ ਬਣਿਆ
ਖ਼ਾਹਿਸ਼ ਫ਼ਿਰ ਵੀ ਹੋਈ ਨਾ ਪੂਰੀ।
ਕੁੱਲੀ, ਗੁੱਲੀ, ਜੁੱਲੀ ਮਿਲ ‘ਜੇ
ਕਿਹੜਾ ਏਨਾ ਇਸ਼ਕ ਜ਼ਰੂਰੀ।
ਸਭ ਦੀ ਹਾਂ ਵਿੱਚ ਹਾਂ ਮਿਲਾਈ
ਮਿਲੀ ਮਿਸਲ ਨੂੰ ਨਾ ਮਨਜ਼ੂਰੀ।
ਤੈਥੋਂ ਆਪਣਾ ਹੱਕ ਹੀ ਮੰਗਿਐ
ਨੱਕ ਚੜ੍ਹਾਵੇਂ, ਵੱਟੇਂ ਘੂਰੀ।
ਕੁਦਰਤ ‘ਚੋਂ ਹੀ ਕਾਦਰ ਦਿਸਦਾ
ਡਲ੍ਹਕੇ ਨਾਦ ਇਲਾਹੀ ਨੂਰੀ।
ਦਰ-ਦਰ ਕਾਹਤੋਂ ਭਟਕ ਰਿਹਾ ਹੈਂ
ਕਾਹਦੀ ਹੈ ਤੇਰੀ ਮਜਬੂਰੀ।
ਘਰ ਮੇਰੇ ਵਿੱਚ ਖ਼ੁਸ਼ੀਆਂ-ਖੇੜੇ
ਕੀ ਰੱਖਿਆ ਹੈ ਵਿੱਚ ਮਸੂਰੀ।
ਨਦਰ ਮਿਹਰ ਦੀ ਹੋਵੇ ਜੇਕਰ
ਹੋਵਣ ਸੁਪਨੇ ਫ਼ੇਰ ਸੰਧੂਰੀ।
ਮਿਲਜੁਲ ਰਹੀਏ ਜੱਗ ਤੇ ਸਾਰੇ
ਕਾਹਨੂੰ ਹੋਈਏ ਦੂਰੋ-ਦੂਰੀ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) 9417692015.