ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ’ਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ’ਚ ਹੋ ਰਹੇ ਵਾਧੇ ਸਮੇਤ ਨਜਾਇਜ ਕਬਜਿਆਂ, ਟ੍ਰੈਫਿਕ ਸਮੱਸਿਆ ਦੀ ਰੋਕਥਾਮ, ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਮੁਤਾਬਿਕ ਉਸ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਸੀਸੀਟੀਵੀ ਕੈਮਰਿਆਂ ਦੀ ਮੰਗ ਕੀਤੀ ਸੀ। ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ ਨੇ ਉਕਤ ਸੁਝਾਅ ਨੂੰ ਦਰੁਸਤ ਮੰਨਦਿਆਂ ਇਸ ਸਬੰਧੀ ਬਕਾਇਦਾ ਕਾਰਜ ਸਾਧਕ ਅਫਸਰ ਨਗਰ ਕੌਂਸਲ ਕੋਟਕਪੂਰਾ ਨੂੰ ਲਿਖਤੀ ਤੌਰ ’ਤੇ ਹਦਾਇਤ ਕੀਤੀ ਕਿ ਸ਼ਹਿਰ ਦੀ ਟੈ੍ਰਫਿਕ ਸਮੱਸਿਆ ਅਤੇ ਅਪਰਾਧਿਕ ਵਾਰਦਾਤਾਂ ਰੋਕਣ ਲਈ ਸੀਸੀਟੀਵੀ ਕੈਮਰੇ ਬਹੁਤ ਜਰੂਰੀ ਹਨ, ਜਿਸ ਦਾ ਕੰਟਰੋਲ ਰੂਮ ਨਗਰ ਕੌਂਸਲ ਦਫਤਰ ਅਤੇ ਡੀਐੱਸਪੀ ਦਫਤਰ ਸਮੇਤ ਸਿਟੀ ਥਾਣਾ ਕੋਟਕਪੂਰਾ ਵਿਖੇ ਬਣਾਇਆ ਜਾਵੇ। ਉਹਨਾਂ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਚੌਂਕਾਂ ਅਤੇ ਅਹਿਮ ਸਥਾਨਾ ਦੀ ਚੋਣ ਕੀਤੀ ਗਈ ਹੈ, ਜਿੱਥੇ ਉਕਤ ਸੀਸੀਟੀਵੀ ਕੈਮਰੇ ਲਾਏ ਜਾਣਗੇ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਹਿਰ ਦੇ ਵਪਾਰੀਆਂ ਨੇ ਵੀ ਚੋਰੀ, ਲੁੱਟ ਖੋਹ ਅਤੇ ਗੁੰਡਾ ਅਨਸਰਾਂ ਦੀਆਂ ਕਾਰਵਾਈਆਂ ਦੇ ਵਿਰੋਧ ਵਿੱਚ ਸ਼ਹਿਰ ਬੰਦ ਰੱਖ ਕੇ ਅਤੇ ਰੋਸ ਪ੍ਰਦਰਸ਼ਨ ਕਰਕੇ ਸ਼ਹਿਰ ਦੀਆਂ ਅਹਿਮ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦੀ ਮੰਗ ਕੀਤੀ ਸੀ ਤਾਂ ਜੋ ਚੰਡੀਗੜ ਸਮੇਤ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਦੀ ਤਰਾਂ ਕੋਟਕਪੂਰੇ ਵਿੱਚ ਵੀ ਅਪਰਾਧਿਕ ਕਾਰਵਾਈਆਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ।
Leave a Comment
Your email address will not be published. Required fields are marked with *