ਪੁਲਿਸ ਨੂੰ ਪੁਰਾਣੇ ਪੈਂਡਿੰਗ ਪਏ ਸਿਵਲ ਕੇਸਾਂ ਦੇ ਤੁਰਤ ਨਿਪਟਾਰੇ ਦੇ ਹੁਕਮ ਜਾਰੀ ਕੀਤੇ
ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਪਰਾਧੀਆਂ ਨੂੰ ਜੇਲ੍ਹਾਂ ’ਚ ਤਾੜਨ ਦੀ ਬਜਾਇ ਸੁਧਾਰਨ ਵੱਲ ਵਧੇਰੇ ਜ਼ੋਰ ਦੇਣ ਦੀ ਪੁਰਜ਼ੋਰ ਵਕਾਲਤ ਕਰਦਿਆਂ ਜਿਲ੍ਹਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਮੰਗਲਵਾਰ ਬਾਅਦ ਦੁਪਹਿਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਨੂੰ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਕੇਸਾਂ ਦਾ ਤੁਰਤ ਪ੍ਰਭਾਵ ਨਾਲ ਨਿਪਟਾਰਾ ਕਰਨ ਦੇ ਹੁਕਮ ਜਾਰੀ ਕੀਤੇ। ਇਸ ਤੋਂ ਇਲਾਵਾ ਸੈਸ਼ਨ ਜੱਜ ਨੇ ਜਿਲ੍ਹਾ ਲਿਟੀਗੇਸ਼ਨ ਕਮੇਟੀ, ਯੂ.ਟੀ.ਆਰ.ਸੀ., (ਅੰਡਰ ਟਰਾਇਲ ਰਿਵਿਊ ਕਮੇਟੀ) ਅਤੇ ਫ਼ਰੀਦਕੋਟ ਜੇਲ੍ਹ ਵਿਖੇ ਲੋੜ ਤੋਂ ਵੱਧ ਕੈਦੀਆਂ ਦੀ ਤਾਦਾਦ ਸਬੰਧੀ ਵੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਲੰਬਿਤ ਪਏ ਕੇਸਾਂ ਨੂੰ ਹਰ ਹਾਲਤ ’ਚ ਜਲਦ ਤੋਂ ਜਲਦ ਨਿਪਟਾਉਣ ਸਬੰਧੀ ਕਾਰਵਾਈ ਦੀ ਰਿਪੋਰਟ ਪੁਲਿਸ ਵੱਲੋਂ ਕੋਰਟ ਨੂੰ ਸੌਂਪੀ ਜਾਵੇ। ਜ਼ਿਲ੍ਹੇ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਇਸ ਗੱਲ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਕੁਝ ਅਜਿਹੇ ਸਿਵਲ ਕੇਸ (ਪੈਸੇ ਦਾ ਲੈਣ-ਦੇਣ ਅਤੇ ਚੈਕ ਬਾਊਂਸ) ਪਿਛਲੇ ਕਾਫੀ ਸਮੇਂ ਤੋਂ ਲਟਕ ਰਹੇ ਹਨ, ਜਿਨ੍ਹਾਂ ਦਾ ਤੁਰਤ ਨਿਪਟਾਰਾ ਹੋ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਉਨ੍ਹਾਂ ਇਹ ਵੀ ਆਖਿਆ ਕਿ ਪੁਲਿਸ ਵਲੋਂ ਅਪਰਾਧੀਆਂ ਦੀ ਧੜ-ਪਕੜ ਕਰਨ ’ਚ ਕਿਸੇ ਵੀ ਕਿਸਮ ਦੀ ਆਨਾ-ਕਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਗੱਲ ਵੀ ਜੋਰ ਦੇ ਕੇ ਆਖੀ ਕਿ ਜਿਨ੍ਹਾਂ ਕੈਦੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਉਨ੍ਹਾਂ ਦੇ ਅਜਿਹੇ ਕੇਸਾਂ ਨੂੰ ਤਰਜੀਹ ਦਿੱਤੀ ਜਾਵੇ।