– ਨਿਯਮਾਂ ਮੁਤਾਬਿਕ ਪੈਰੋਲ ਦੇਣ ਤੇ ਦਿੱਤਾ ਜ਼ੋਰ
ਫ਼ਰੀਦਕੋਟ 1 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਅਪਰਾਧੀਆਂ ਨੂੰ ਜੇਲ੍ਹਾਂ ਵਿੱਚ ਤਾੜਨ ਦੀ ਬਜਾਏ ਸੁਧਾਰਨ ਵੱਲ ਵਧੇਰੇ ਜ਼ੋਰ ਦੇਣ ਦੀ ਪੁਰਜ਼ੋਰ ਵਕਾਲਤ ਕਰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਮੰਗਲਵਾਰ ਬਾਅਦ ਦੁਪਹਿਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਨੂੰ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਕੇਸਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਕਰਨ ਦੇ ਹੁਕਮ ਜਾਰੀ ਕੀਤੇ।
ਇਸ ਤੋਂ ਇਲਾਵਾ ਸੈਸ਼ਨ ਜੱਜ ਨੇ ਜ਼ਿਲ੍ਹਾ ਲਿਟੀਗੇਸ਼ਨ ਕਮੇਟੀ, ਯੂ.ਟੀ.ਆਰ.ਸੀ.,(ਅੰਡਰ ਟਰਾਇਲ ਰਿਵਿਊ ਕਮੇਟੀ) ਅਤੇ ਫ਼ਰੀਦਕੋਟ ਜੇਲ੍ਹ ਵਿਖੇ ਲੋੜ ਤੋਂ ਵੱਧ ਕੈਦੀਆਂ ਦੀ ਤਾਦਾਦ ਸਬੰਧੀ ਵੀ ਵਿਚਾਰ ਚਰਚਾ ਕੀਤੀ।ਇਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਲੰਬਿਤ ਪਏ ਕੇਸਾਂ ਨੂੰ ਹਰ ਹਾਲਤ ਵਿੱਚ ਜਲਦ ਤੋਂ ਜਲਦ ਨਿਪਟਾਉਣ ਸਬੰਧੀ ਕਾਰਵਾਈ ਦੀ ਰਿਪੋਰਟ ਪੁਲਿਸ ਵਲੋਂ ਕੋਰਟ ਨੂੰ ਸੌਂਪੀ ਜਾਵੇ।
ਜ਼ਿਲ੍ਹੇ ਦੇ ਐਸ.ਐਸ.ਪੀ ਸ. ਹਰਜੀਤ ਸਿੰਘ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਇਸ ਗੱਲ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤੀ ਕਿ ਕੁਝ ਅਜਿਹੇ ਸਿਵਲ ਕੇਸ (ਪੈਸੇ ਦਾ ਲੈਣ-ਦੇਣ ਅਤੇ ਚੈਕ ਬਾਊਂਸ) ਪਿਛਲੇ ਕਾਫੀ ਸਮੇਂ ਤੋਂ ਲਟਕ ਰਹੇ ਹਨ ਜਿਨ੍ਹਾਂ ਦਾ ਤੁਰੰਤ ਨਿਪਟਾਰਾ ਹੋ ਜਾਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਉਨ੍ਹਾਂ ਇਹ ਵੀ ਆਖਿਆ ਕਿ ਪੁਲਿਸ ਵਲੋਂ ਅਪਰਾਧੀਆਂ ਦੀ ਧੜ-ਪਕੜ ਕਰਨ ਵਿੱਚ ਕਿਸੇ ਵੀ ਕਿਸਮ ਦੀ ਆਨਾ-ਕਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਗੱਲ ਵੀ ਜੋਰ ਦੇ ਕੇ ਆਖੀ ਕਿ ਜਿਨ੍ਹਾਂ ਕੈਦੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਉਨ੍ਹਾਂ ਦੇ ਅਜਿਹੇ ਕੇਸਾਂ ਨੂੰ ਤਰਜੀਹ ਦਿੱਤੀ ਜਾਵੇ।
ਉਨ੍ਹਾਂ ਪੁਲਿਸ ਪਾਸੋਂ ਬੱਚੀਆਂ ਅਤੇ ਨੌਜਵਾਨ ਲੜਕੀਆਂ ਨਾਲ ਕੀਤੇ ਜਾ ਰਹੇ ਸੋਸ਼ਣ ਸਬੰਧੀ ਕੇਸਾਂ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਨੂੰ ਮੁੱਖ ਰੱਖਦਿਆਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਲੜਕੀ ਅਤੇ ਉਸ ਦੇ ਘਰਦਿਆਂ ਦੀ ਐਫ.ਆਈ.ਆਰ ਕੱਟਣ ਵੇਲੇ ਅਤੇ ਮੈਡੀਕਲ ਕਰਵਾਉਣ ਸਮੇਂ ਖਾਸ ਖਿਆਲ ਰੱਖਿਆ ਜਾਵੇ ਅਤੇ ਕੌਂਸਲਿੰਗ ਵੀ ਕੀਤੀ ਜਾਵੇ।
ਇਸ ਮੌਕੇ ਐਸ.ਡੀ.ਐਮ. ਫ਼ਰੀਦਕੋਟ ਸ੍ਰੀ ਵਰੁਣ ਕੁਮਾਰ ਅਤੇ ਐਸ.ਪੀ.ਐਚ ਜਸਮੀਤ ਸਿੰਘ ਤੋਂ ਇਲਾਵਾ ਸ੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ, ਸ਼੍ਰੀ ਲਵਦੀਪ ਹੁੰਦਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਰੀਦਕੋਟ, ਬਾਰ ਐਸੋਸੀਏਸ਼ਨ ਫਰੀਦਕੋਟ ਤੋਂ ਸਕੱਤਰ ਸ਼੍ਰੀ ਜਤਿੰਦਰ ਬਾਂਸਲ, ਸ਼੍ਰੀ ਰਾਜੀਵ ਅਰੋੜਾ ਸੁਪਰਡੰਟ ਕੇਂਦਰੀ ਜੇਲ੍ਹ, ਮੈਂਬਰ ਡਾਕਟਰ ਮਧੂ ਗੋਇਲ ਅਤੇ ਡੀ.ਪੀ.ਆਰ.ਓ. ਸ਼੍ਰੀ ਗੁਰਦੀਪ ਸਿੰਘ ਮਾਨ ਵੀ ਵਿੱਚ ਹਾਜਰ ਹੋਏ ।
Leave a Comment
Your email address will not be published. Required fields are marked with *