ਕੋਟਕਪੂਰਾ, 9 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੁਲਿਸ ਪ੍ਰਸ਼ਾਸ਼ਨ ਵਲੋਂ ਜਿਲ੍ਹੇ ਭਰ ’ਚ ਅਪ੍ਰੇਸ਼ਨ ‘ਕਾਸੋ’ ਤਹਿਤ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ’ਚ ਪੁਲਿਸ ਨੇ 5 ਮੁਲਜਮਾਂ ਨੂੰ ਗਿ੍ਰਫਤਾਰ ਕਰਕੇ ਚਾਰ ਕੇਸ ਦਰਜ ਕੀਤੇ ਹਨ। ਪੁਲੀਸ ਨੇ ਗਿ੍ਰਫਤਾਰ ਮੁਲਜਮਾਂ ਕੋਲੋਂ ਹੈਰੋਇਨ, ਅਫੀਮ ਅਤੇ ਨਜਾਇਜ ਸ਼ਰਾਬ ਵੀ ਬਰਾਮਦ ਕੀਤੀ ਹੈ। ਜਿਕਰਯੋਗ ਹੈ ਕਿ ਆਈ.ਜੀ. ਇੰਟੈਲੀਜੈਂਸ ਬਾਬੂ ਲਾਲ ਮੀਨਾ ਦੀ ਅਗਵਾਈ ਹੇਠ ਪੁਲਿਸ ਵਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਿਸ ’ਚ 5 ਗਜਟਿਡ ਅਧਿਕਾਰੀਆਂ ਅਤੇ 150 ਦੇ ਕਰੀਬ ਪੁਲਿਸ ਮੁਲਾਜਮਾਂ ਨੇ ਭਾਗ ਲਿਆ। ਫਰੀਦਕੋਟ ’ਚ ਇਹ ਸਰਚ ਅਪ੍ਰੇਸ਼ਨ ਡੀਐਸਪੀ ਆਸ਼ਵੰਤ ਸਿੰਘ ਦੀ ਦੇਖ-ਰੇਖ ’ਚ ਚਲਾਇਆ ਗਿਆ। ਜਿਸ ਤਹਿਤ ਬਾਜੀਗਰ ਬਸਤੀ, ਨਿਊ ਕੈਂਟ ਰੋਡ, ਜਹਾਜਗੜ੍ਹ ਬਸਤੀ ਅਤੇ ਜਤਿੰਦਰ ਚੌਕ ’ਚ ਤਲਾਸ਼ੀ ਲਈ ਗਈ। ਜਦਕਿ ਕੋਟਕਪੂਰਾ ਪੁਲਿਸ ਨੇ ਡੀ.ਐਸ.ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਨਿਗਰਾਨੀ ਹੇਠ ਮੁਹੱਲਾ ਛੱਜਘਾੜਾ, ਜਲਾਲੇਆਣਾ ਰੋਡ ਅਤੇ ਜੈਤੋ ਚੁੰਗੀ ਨੇੜੇ ਤਲਾਸ਼ੀ ਲਈ। ਇਸੇ ਤਰ੍ਹਾਂ ਜੈਤੋ ’ਚ ਵੀ ਡੀਐਸਪੀ ਸੁਖਦੀਪ ਸਿੰਘ ਦੀ ਅਗਵਾਈ ’ਚ ਮੁਹੱਲਾ ਛੱਜਘਾੜਾ, ਕੇਲਾ ਫੈਕਟਰੀ ਦੇ ਪਿੱਛੇ ਵਾਲਾ ਖੇਤਰ, ਮੁਕਤਸਰ ਰੋਡ ਦੇ ਪਿੱਛੇ ਝੁੱਗੀਆਂ ’ਚ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਵਲੋਂ 5 ਦੋਸ਼ੀਆਂ ਖਿਲਾਫ 4 ਮਾਮਲੇ ਦਰਜ ਕੀਤੇ ਗਏ ਹਨ, ਜਿਸ ’ਚ 75 ਗ੍ਰਾਮ ਹੈਰੋਇਨ, 50 ਗ੍ਰਾਮ ਅਫੀਮ ਅਤੇ 20 ਲੀਟਰ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 38 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ ਮੋਟਰ ਵਹੀਕਲ ਐਕਟ ਤਹਿਤ 2 ਵਾਹਨਾਂ ਨੂੰ ਬੰਦ ਕੀਤਾ ਗਿਆ। ਇਸ ਸਬੰਧੀ ਐਸ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਸੁਰਜੀਤ ਸਿੰਘ ਉਰਫ ਘੋਗਾ ਪੁੱਤਰ ਜਗਸੀਰ ਸਿੰਘ ਅਤੇ ਪ੍ਰਗਟ ਸਿੰਘ ਉਰਫ ਲਵਲੀ ਪੁੱਤਰ ਗੋਰਾ ਸਿੰਘ ਵਾਸੀ ਬਾਜੀਗਰ ਬਸਤੀ ਤੋਂ 60 ਗ੍ਰਾਮ ਹੈਰੋਇਨ, ਕਾਜਲ ਪਤਨੀ ਲਖਵੀਰ ਸਿੰਘ ਵਾਸੀ ਜਤਿੰਦਰ ਚੌਕ ਨੂੰ ਕਾਬੂ ਕੀਤਾ ਹੈ। ਫਰੀਦਕੋਟ, 50 ਗ੍ਰਾਮ ਅਫੀਮ, ਹਰਪ੍ਰੀਤ ਸਿੰਘ ਉਰਫ ਹੀਰਾ ਪੁੱਤਰ ਕੁਲਜੀਤ ਸਿੰਘ ਵਾਸੀ ਕੋਟਕਪੂਰਾ ਤੋਂ 15 ਗ੍ਰਾਮ ਹੈਰੋਇਨ ਅਤੇ ਅਮਨਦੀਪ ਸਿੰਘ ਉਰਫ ਦੀਪੂ ਪੁੱਤਰ ਜਸਪਾਲ ਸਿੰਘ ਤੋਂ 20 ਲੀਟਰ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ। ਸਾਰੇ ਮੁਲਜਮਾਂ ਖਿਲਾਫ ਸਬੰਧਤ ਥਾਣਿਆਂ ’ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Leave a Comment
Your email address will not be published. Required fields are marked with *