ਚੌਦਾਂ ਵਰਿਆਂ ਦਾ
ਛੀਂਟਕਾ ਦਗਦੇ ਚਿਹਰੇ ਵਾਲਾ ਮੁੰਡਾ
ਅਪਣੀ ਟੋਲੀ ਦਾ
ਅਫਲਾਤੂ
ਸਮੁੰਦਰੋਂ ਪਾਰ
ਮਾਨਸਿਕ ਗੁਲਾਮੀ ‘ਚ
ਆਜ਼ਾਦ ਸਾਹ ਲੈਂਦੇ ਲੋਕਾਂ ਮੂੰਹੋਂ ਨਿਕਲਦੀ ਹੈ
ਸ਼ਰਾਰਤੀ ਠਹਾਕਿਆ ‘ਚ ਭਿੱਜੀ
ਭਾਰਤ ਲਈ
ਇੱਕ ਜ਼ਲਾਲਤੀ ਆਵਾਜ਼
” ਤੀਹ ਕਰੋੜ ਗੁਲਾਮ ਭੇਡਾਂ”
ਹੈ ਕੋਈ ਮਨੁੱਖ ?
ਅਫਲਾਤੂ
ਦੀਆਂ ਮੋਟੀਆਂ ਅੱਖਾਂ ਵਿੱਚ ਦੌੜ ਜਾਂਦਾ ਲਾਵੇ ਵਰਗਾ ਕੁਝ
ਉਸਦੇ ਸਾਹ ਨੂੰ ਔਖਾ ਕਰਦੀ
ਮਾਂ ਮਿੱਟੀ ਉੱਤੇ ਸਰਕਦੀ
ਕੋਈ ਗਾਲ਼ ਵਰਗੀ ਜ਼ੰਜੀਰ
ਡਰ ਨੂੰ ਡਰਾ
ਮੱਥੇ ਉੱਤੇ ਕਾਲਖ ਨੂੰ ਚੀਰਦਾ ਉਹ ਬਿਗਾਨੀ ਧਰਤੀ ਉੱਤੇ ਪੁੱਟਦਾ ਹੈ ਪਹਿਲਾ ਕਦਮ
ਜਿਸਦੀ ਧਮਕ ਦਾ ਉਚਾਰਣ
ਗ਼ਦਰ
ਅਫਲਾਤੂ
ਖਤਰਨਾਕ ਬਾਗੀ
ਹਕੂਮਤੀ ਤਿਉੜੀਆਂ ਚ ਫੈਲਦਾ ਖੌਫ਼
ਗੋਰਿਆਈ ਹਿੱਕ ਉੱਤੇ ਉਗੇ ਕ੍ਰਾਂਤੀ-ਬੀਜ ਨੂੰ ਮਿਟਾਉਣ ਦੀਆਂ
ਸ਼ਾਤਰ,ਖੁਫੀਆ ਜਾਲ ਬੁਣਦੀਆਂ
ਕੁਝ ਬਦਚਲਣ ਨੀਤਾਂਂ
ਅਫਲਾਤੂ
ਮੌਤ ਦੇ ਚਾਅ ਨੂੰ ਚੜ੍ਹਦਾ ਰੰਗ . ਚਾਲ ਵਿਚ ਆਜ਼ਾਦੀ ਦਾ ਜਸ਼ਨ ਇਕ ਗੀਤ
ਗੁੜਤੀ ਦੀ ਮਿਠਾਸ ਵਰਗਾ
ਜਿੱਥੇ ਇਨਕਲਾਬ ਵਰਗਾ ਸ਼ਬਕ ਜੰਮਦਾ ਹੈ
ਇੱਕ ਸੁਪਨਾ ਜੰਮਦਾ ਹੈ
ਆਜ਼ਾਦ
ਉੱਨੀ ਵਰਿਆਂ ਦਾ
ਸ਼ਹੀਦ, ਦਗਦੇ ਚਿਹਰੇ ਵਾਲਾ ਓਹੀ ਮੁੰਡਾ
ਕਰਤਾਰ ਸਿੰਘ ਸਰਾਭਾ
ਅਪਣੇ ਦੇਸ਼ ਦਾ
ਅਫਲਾਤੂ

ਅੰਜਨਾ ਮੈਨਨ
Leave a Comment
Your email address will not be published. Required fields are marked with *