12 ਸਾਈਕਲ, 65 ਟਾਇਰ, 55 ਟਿਊਬ ਅਤੇ ਲਗਭਗ 8 ਲੱਖ ਰੁਪਏ ਹੋ ਚੁੁੱਕਾ ਖਰਚ : ਖਾਲਸਾ
ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵਾ ਕਰਨ ਲਈ ਸਮਾਂ, ਸਥਾਨ, ਜਾਤ ਤੇ ਉਮਰ ਮਾਇਨੇ ਨਹੀਂ ਰੱਖਦੇ ਬਸ ਜਜਬਾ ਹੋਣਾ ਚਾਹੀਦਾ ਹੈ। ਅਜਿਹਾ ਸੀ ਹੈ ਬੈਗਲੂਰ ਦਾ ਅਮਨਦੀਪ ਸਿੰਘ ਖਾਲਸਾ ਜੋ ਸਾਈਕਲ ਤੇ ਲਗਭਗ 3 ਲੱਖ ਕਿਲੋਮੀਟਰ ਦੀ ਯਾਤਰਾ ਕਰਕੇ ਲੋਕਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰ ਰਿਹਾ ਹੈ ਤੇ ਪਿੰਡ ਪਿੰਡ ਜਾ ਕੇ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਪ੍ਰਚਾਰ ਕਰ ਰਿਹਾ ਹੈ। ਯਾਤਰਾ ਦੌਰਾਨ ਸਾਦਿਕ ਵਿਖੇ ਰੁਕੇ ਕਰੀਬ 63 ਸਾਲਾ ਅਮਨਦੀਪ ਸਿੰਘ ਖਾਲਸਾ ਪੁੱਤਰ ਰਾਮ ਰੇਡੀ ਵਾਸੀ ਚਿਕਾ ਤਰਪਤੀ ਜ਼ਿਲਾ ਪੋਲਾਰ (ਬੈਂਗਲੂਰ) ਨੇ ਦੱਸਿਆ ਕਿ ਮੇਰੇ ਇੱਕ ਬੇਟਾ ਤੇ ਇੱਕ ਬੇਟੀ ਹੈ, ਮੈਂ ਹਿੰਦੂ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਤੇ ਗਰੈਜੂਏਟ ਹਾਂ। ਮੇਰਾ ਬੇਟਾ ਅਮਰੀਕਾ ਵਿਖੇ ਡਾਕਟਰ ਹੈ ਤੇ ਬੇਟੀ ਅੰਮ੍ਰਿਤਸਰ ਵਿਆਹੀ ਹੋਈ ਹੈ। ਮੈਂ 1975 ’ਚ ਅਮਿ੍ਰਤ ਪਾਨ ਕੀਤਾ ਤਾਂ ਪਰਿਵਾਰ ਨਾਲ ਮਨਮੁਟਾਵ ਵੀ ਹੋਇਆ। ਮੈਂ ਗੁਰਦਵਾਰਾ ਗੁਰੂ ਨਾਨਕ ਮਿਸਨ ਲਾਲ ਬਾਗ ਗੈਂਗਲੂਰ ਵਿਖੇ ਪੰਜਾਬੀ ਟੀਚਰ ਵਜੋਂ ਸੇਵਾ ਨਿਭਾਉਂਦਾ ਸੀ ਤੇ ਮੇਰੀ ਪਤਨੀ ਵੀ ਉੁਥੇ ਹੀ ਰਹਿ ਰਹੀ ਹੈ। ਪਹਿਲੀ ਜਨਵਰੀ 2008 ਤੋਂ ਉਹ ਘਰੋਂ ਦੇਸ ਯਾਤਰਾ ਤੇ ਸਾਈਕਲ ਤੇ ਨਿਕਲਿਆ। ਇਸ ਦੌਰਾਨ 26 ਸਟੇਟ ਦਾ ਦੌਰਾ ਕੀਤਾ। ਇਸ ਦੌਰਾਨ 12 ਸਾਈਕਲ, 65 ਟਾਇਰ, 55 ਟਿਊਬ ਅਤੇ ਲਗਭਗ 8 ਲੱਖ ਰੁਪਏ ਖਰਚ ਹੋ ਗਿਆ। ਲਗਭਗ 35 ਹਜਾਰ ਸਕੂਲਾਂ ਅਤੇ 12500 ਪਿੰਡਾਂ ’ਚ ਜਾ ਜਾ ਕੇ ਨਸਿਆਂ ਵਿਰੁੱਧ ਪ੍ਰਚਾਰ ਕੀਤਾ ਤੇ ਕਰੀਬ 7500 ਬੰਦਿਆਂ ਨੇ ਪ੍ਰਭਾਵਿਤ ਹੋ ਕੇ ਨਸਾ ਛੱਡਣ ਦਾ ਪ੍ਰਣ ਲਿਆ। ਸਾਈਕਲ ਤੇ ਇਨੀ ਯਾਤਰਾ ਕਰਨ ਕਰਕੇ ਗਿੰਨੀਜ਼ ਬੁੱਕ ’ਚ ਨਾਮ ਦਰਜ ਹੋਇਆ ਤੇ ਮੈਨੂੰ ਕਰੀਬ ਇੱਕ ਲੱਖ ਡਾਲਰ ਦਾ ਚੈੱਕ ਮਿਲਣ ਜਾ ਰਿਹਾ ਹੈ। ਜਿਸ ਨਾਲ ਮੈਂ ਗਰੀਬ ਬੱਚਿਆਂ ਲਈ ਸਕੂਲ ਤਿਆਰ ਕਰਵਾਵਾਂਗਾ। ਉਸ ਨੇ ਦੱਸਿਆ ਕਿ ਹੁਣ ਉਹ ਸਾਈਕਲ ਆਪਣੇ ਬੇਟੀ ਘਰ ਰੱਖ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਜਹਾਜ਼ ਰਾਂਹੀ ਵਾਪਸ ਪਿੰਡ ਚਲਾ ਜਾਵੇਗਾ। ਇਸ ਉਮਰ ਵਿੱਚ ਬੁਲੰਦ ਹੌਸਲੇ ਨਾਲ ਬੋਲਣਾ, ਸਾਈਕਲ ਚਲਾਉਣਾ, ਘਰੋਂ ਬਾਹਰ ਰਾਤਾਂ ਕੱਟਣੀਆਂ, ਬਿਨਾਂ ਕਿਸੇ ਤੋਂ ਪੈਸਾ ਲਏ ਲੋਕ ਸੇਵਾ ’ਚ ਸਮਾਂ ਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਹ ਗੈਸ, ਚੁੱਲ੍ਹਾ, ਰਾਸ਼ਨ, ਬਰਤਨ, ਬਿਸਤਰਾ ਤੇ ਟੈਂਟ ਸਾਈਕਲ ਤੇ ਹੀ ਰੱਖਦਾ ਹੈ ਤੇ ਜਿਥੇ ਰਾਤ ਪੈਂਦੀ ਹੈ ਗੁਜਾਰ ਕੇ ਸਵੇਰੇ ਅਗਲੇ ਸਫਰ ’ਤੇ ਚੱਲ ਪੈਂਦਾ ਹੈ। ਉਸ ਨੇ ਦੱਸਿਆ ਕਿ ਰੋਜਾਨਾ 8 ਲੀਟਰ ਪਾਣੀ ਪੀਂਦਾ ਹੈ ਤੇ ਕੋਈ ਦਵਾਈ ਨਹੀਂ ਖਾਂਦਾ। ਰਸਤੇ ਦੌਰਾਨ ਕਈ ਲੋਕਾਂ ਵੱਲੋਂ ਉਸ ਦੀ ਵਿੱਤੀ ਮੱਦਦ ਵੀ ਕੀਤੀ, ਪਰ ਖੁਦ ਕਦੇ ਕਿਸੇ ਤੋਂ ਰੁਪਏ ਦੀ ਮੰਗ ਨਹੀਂ ਕੀਤੀ। ਅਮਨਦੀਪ ਸਿੰਘ ਖਾਲਸਾ ਹਰ ਵਰਗ ਲਈ ਪ੍ਰੇਰਣਾ ਸਰੋਤ ਬਣ ਰਿਹਾ ਹੈ।
Leave a Comment
Your email address will not be published. Required fields are marked with *