ਲੁਧਿਆਣਾਃ 17ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਅਮਰੀਕਾ ਦੇ ਸ਼ਹਿਰ ਸੀਆਟਲ ਵੱਸਦੇ ਪੰਜਾਬੀ ਕਵੀ ਗੁਰਪ੍ਰੀਤ ਸੋਹਲ ਦੀ ਪਲੇਠੀ ਕਾਵਿ ਪੁਸਤਕ “ਸੁੱਚੇ ਬੋਲ” ਪ੍ਰਸਿੱਧ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ, ਡਾ. ਦੀਪਕ ਮਨਮੋਹਨ ਸਿੰਘ, ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ,ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਨਵਾਂ ਜ਼ਮਾਨਾ ਦੇ ਸਾਹਿੱਤ ਸੰਪਾਦਕ ਡਾ. ਹਰਜਿੰਦਰ ਸਿੰਘ ਅਟਵਾਲ ਤੇ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਸ਼ਿੰਦਰਪਾਲ ਸਿੰਘ ਨੇ ਲੋਕ ਅਰਪਨ ਕੀਤੀ।
ਡਾ. ਵਰਿਆਮ ਸਿੰਘ ਸੰਧੂ ਨੇ ਨੌਜਵਾਨ ਕਵੀ ਨੂੰ ਆਸ਼ੀਰਵਾਦ ਦੇਦਿਆਂ ਕਿਹਾ ਕਿ ਪਰਦੇਸ਼ਾਂ ਵਿੱਚ ਰਹਿੰਦਿਆਂ ਸਾਹਿਤ ਸਿਰਜਣਾ ਆਸਾਨ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੀ ਕਿਰਤ ਕਮਾਈ ਕਰਦਿਆਂ ਸ਼ਬਦ ਸਾਧਨਾ ਨਾਲ ਜੁੜ ਕੇ ਗੁਰਪ੍ਰੀਤ ਨੇ ਸਾਬਤ ਕਦਮ ਹੋਣ ਦਾ ਸਬੂਤ ਦਿੱਤਾ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗੁਰਪ੍ਰੀਤ ਸੋਹਲ ਨਾਲ ਪਿਛਲੇ ਬਾਰਾਂ ਸਾਲ ਦੀ ਸ਼ਬਦ ਸਾਂਝ ਦੇ ਹਵਾਲੇ ਨਾਲ ਕਿਹਾ ਕਿ 2012 ਤੋਂ ਬਾਦ ਗੁਰਪ੍ਰੀਤ ਨੇ ਚੰਗਾ ਪੜ੍ਹਨ ਅਤੇ ਲਿਖਣ ਦੇ ਖੇਤਰ ਗਹਿਰ ਗੰਭੀਰਤਾ ਵਿਖਾਈ ਹੈ। ਉਹ ਭਵਿੱਖ ਦੀ ਰੌਸ਼ਨ ਉਮੀਦ ਵਰਗਾ ਸਿਰਜਕ ਹੈ ਜਿਸ ਨੇ ਪਰਦੇਸੀ ਧਰਤੀ ਤੇ ਰਹਿੰਦਿਆਂ ਵੀ ਵਤਨ ਦੀ ਮਿੱਟੀ ਨੂੰ ਕਦੇ ਨਹੀਂ ਵਿਸਾਰਿਆ। ਪ੍ਰੀਤ ਪਬਲੀਕੇਸ਼ਨ ਨਾਭਾ ਨੇ ਉਸ ਦੇ ਕਲਾਮ ਨੂੰ ਸੁੰਦਰ ਸਰੂਪ ਵਿੱਚ ਪ੍ਰਕਾਸ਼ਤ ਕਰਕੇ ਸ਼ੁਭ ਕਾਰਜ ਕੀਤਾ ਹੈ। ਪ੍ਰੀਤ ਪਬਲੀਕੇਸ਼ਨ ਦੇ ਮਾਲਕ ਤੇ ਪੰਜਾਬੀ ਕਵੀ ਸੁਰਿੰਦਰਜੀਤ ਚੌਹਾਨ ਨੇ ਸਭ ਲੇਖਕਾਂ ਦਾ ਪੁਸਤਕ ਲੋਕ ਅਰਪਨ ਲਈ ਧੰਨਵਾਦ ਕੀਤਾ।
Leave a Comment
Your email address will not be published. Required fields are marked with *