ਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਦੁਖ ਨਾਲ ਸੁਣੀ ਜਾਵੇਗੀ ਕਿ ਪ੍ਰੋ. ਮੇਵਾ ਸਿੰਘ ਤੁੰਗ ਨਹੀਂ ਰਹੇ। ਇਹ ਸੂਚਨਾ ਸਭ ਤੋਂ ਪਹਿਲੀ ਵਾਰ ਸ. ਜਸਪ੍ਰੀਤ ਸਿੰਘ ਜਗਰਾਓਂ ਨੇ 26 ਮਾਰਚ 2024 ਨੂੰ ਰਾਤੀਂ 9.00 ਵਜੇ ਫੇਸਬੁਕ ਤੇ ਸਾਂਝੀ ਕੀਤੀ। ਉਹ ਇੱਕ ਬਜ਼ੁਰਗ ਲੇਖਕ (ਜਨਮ 15 ਮਾਰਚ 1938- 26 ਮਾਰਚ 2024) ਤੇ ਸੇਵਾਮੁਕਤ ਕਾਲਜ ਲੈਕਚਰਾਰ ਹੋ ਗੁਜ਼ਰੇ ਹਨ। ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਦੇ ਪਿੰਡ ਤੁੰਗ ਭਾਈਕੇ ਵੱਡੇ ਵਿੱਚ ਜਨਮੇ ਹੋਣ ਕਰਕੇ ਹੀ ਉਨ੍ਹਾਂ ਨੇ ਆਪਣੇ ਨਾਂ ਨਾਲ ‘ਤੁੰਗ’ ਜੋੜਿਆ ਹੈ। ਉਨ੍ਹਾਂ ਨੇ ਹੁਣ ਤੱਕ 14 ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਪੰਜ ਕਹਾਣੀ ਸੰਗ੍ਰਹਿ, ਤਿੰਨ ਕਾਵਿ ਸੰਗ੍ਰਹਿ, ਦੋ ਰੁਬਾਈ ਸੰਗ੍ਰਹਿ ਅਤੇ ਚਾਰ ਸਾਹਿਤ ਅਧਿਐਨ ਦੀਆਂ ਪੁਸਤਕਾਂ ਹਨ। ਉਨ੍ਹਾਂ ਦੀ ਪਹਿਲੀ ਪੁਸਤਕ ‘ਭਾਈ ਵੀਰ ਸਿੰਘ ਦੀ ਕਾਵਿ ਸ੍ਰਿਸ਼ਟੀ’ 1971 ਵਿੱਚ ਪ੍ਰਕਾਸ਼ਿਤ ਹੋਈ ਸੀ। ਉਨ੍ਹਾਂ ਨੇ ਲੰਮਾ ਸਮਾਂ ਖਾਲਸਾ ਕਾਲਜ ਪਟਿਆਲਾ ਵਿੱਚ ਪੰਜਾਬੀ ਅਧਿਆਪਨ ਕੀਤਾ ਅਤੇ ਕਿਰਾਏ ਦੇ ਮਕਾਨ ਵਿੱਚ ਪਟਿਆਲੇ, ਸਮਾਣੀਆ ਗੇਟ ਰਹਿੰਦੇ ਰਹੇ। ਉਨ੍ਹਾਂ ਨੇ ਵਿਆਹ ਨਹੀਂ ਸੀ ਕਰਵਾਇਆ ਅਤੇ ਜੀਵਨ ਦੇ ਆਖਰੀ ਬਹੁਤੇ ਸਾਲ ਕਿਰਾਏ ਦੇ ਮਕਾਨ ਵਿੱਚ ਸਨੌਰ ਰਹਿੰਦੇ ਰਹੇ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਸ. ਜਗਰਾਓਂ ਨੇ ਹੀ ਉਨ੍ਹਾਂ ਦੀ ਆਰਥਕ ਮਦਦ ਲਈ ਅਪੀਲ ਕੀਤੀ ਸੀ। ਉਨ੍ਹਾਂ ਦੀਆਂ ਬਹੁਤੀਆਂ ਕਿਤਾਬਾਂ ਸ. ਜਗਰਾਓੰ ਦੀ ਮਦਦ ਨਾਲ ਹੀ ਸਾਹਮਣੇ ਆਈਆਂ, ਜਿਨ੍ਹਾਂ ‘ਚੋਂ ਇੱਕ ਹੈ – ‘ਸਾਹਿਤਕ ਚਰਚਾ ਦੇ ਪੰਨੇ’।
‘ਸਾਹਿਤਕ ਚਰਚਾ ਦੇ ਪੰਨੇ’ ਪੁਸਤਕ ਵਿੱਚ ਕੁੱਲ 44 ਲੇਖ ਹਨ, ਜੋ ਪੰਜਾਬੀ ਸਾਹਿਤ ਦੀਆਂ ਵੱਖ- ਵੱਖ ਵਿਧਾਵਾਂ/ ਲੇਖਕਾਂ ਨਾਲ ਵਾਬਸਤਾ ਹਨ। ਪੁਸਤਕ ਵਿੱਚ ਬਾਬਾ ਫਰੀਦ, ਗੁਰੂ ਗ੍ਰੰਥ ਸਾਹਿਬ, ਜਪੁਜੀ, ਆਨੰਦ ਸਾਹਿਬ, ਆਸਾ ਦੀ ਵਾਰ, ਹੀਰ ਦਮੋਦਰ, ਸ਼ਾਹ ਹੁਸੈਨ, ਹੀਰ ਕਾਵਿ, ਹੀਰ ਵਾਰਿਸ, ਪ੍ਰੋ.ਪੂਰਨ ਸਿੰਘ, ਪ੍ਰੋ.ਮੋਹਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਪ੍ਰਭਜੋਤ ਕੌਰ, ਮਹਿੰਦਰ ਸਿੰਘ ਸਰਨਾ, ਸੁਰਜੀਤ ਸਰਨਾ, ਮਾਨ ਸਿੰਘ ਹਕੀਰ, ਕਵੀ ਗੁਰਦੀਪ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਨਾਨਕ ਸਿੰਘ, ਰਾਮ ਸਰੂਪ ਅਣਖੀ, ਨਾਟਕ ਤੇ ਰੰਗਮੰਚ, ਜੀਵਨ ਤੇ ਸਾਹਿਤ, ਸੁਲਤਾਨਾ ਬੇਗਮ, ਸਾਹਿਤ ਸਭਾ ਲਹਿਰ ਆਦਿ ਬਾਰੇ ਮਹੱਤਵਪੂਰਨ ਜਾਣਕਾਰੀ ਵਾਲੇ ਬਹੁਪੱਖੀ ਲੇਖਕ ਸ਼ਾਮਿਲ ਹਨ।
ਇਸ ਪੁਸਤਕ ਬਾਰੇ ਪ੍ਰੋ. ਤੁੰਗ ਨੇ ਖੁਦ ਕੋਈ ਭੂਮਿਕਾ ਨਹੀਂ ਲਿਖੀ। ਹਾਂ, ਡਾ ਹਰਪਾਲ ਸਿੰਘ ਪੰਨੂ ਨੇ ‘ਆਦਿ ਕਥਨ’ ਲਿਖ ਕੇ ਪ੍ਰੋ. ਤੁੰਗ ਤੇ ਉਨ੍ਹਾਂ ਦੀ ਸਾਹਿਤ- ਸਾਧਨਾ ਬਾਰੇ ਸੰਖੇਪ ਪਰਿਚੈ ਕਰਵਾਇਆ ਹੈ। ਇਸ ਪੁਸਤਕ ਵਿਚਲੇ ਸਾਰੇ ਹੀ ਨਿਬੰਧ ਦਲੀਲ ਦੀ ਕਸਵੱਟੀ ਤੇ ਖਰੇ ਉੱਤਰਦੇ ਹਨ ਤੇ ਪ੍ਰੋ. ਤੁੰਗ ਨੇ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਕੀਤਾ। ਜੇ ਕਿਸੇ ਲੇਖਕ ਦੀ ਕੋਈ ਰਚਨਾ ਚੰਗੀ ਹੈ ਤਾਂ ਉਸ ਨੂੰ ਚੰਗੀ ਕਿਹਾ ਹੈ ਤੇ ਜੇ ਪਰਖ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਤਾਂ ਉਸ ਦੀ ਐਵੇਂ ਹੀ ਝੂਠੀ ਪ੍ਰਸ਼ੰਸਾ ਨਹੀਂ ਕੀਤੀ।
ਡਾ ਪੰਨੂ ਦੇ ਲਿਖਣ ਮੁਤਾਬਿਕ ਪੁਸਤਕ ਵਿਚਲੇ ਕੁਝ ਲੇਖ ਪੰਜਾਬੀ ਟ੍ਰਿਬਿਊਨ, ਪੰਜਾਬ ਟਾਈਮਜ਼ ਤੇ ‘ਹੁਣ’ ਪੱਤ੍ਰਿਕਾ ਵਿੱਚ ਛਪ ਚੁੱਕੇ ਹਨ ਤੇ ਇਹ ਕਿਤਾਬ ਵੀ ਪ੍ਰੋ ਪੰਨੂ ਦੇ ਯਤਨਾਂ ਅਤੇ ਜਸਪ੍ਰੀਤ ਸਿੰਘ ਜਗਰਾਉਂ ਦੇ ਉੱਦਮ ਨਾਲ ਸਾਹਮਣੇ ਆਈ ਹੈ।
ਪ੍ਰੋ. ਤੁੰਗ ਨੇ ਪੁਸਤਕ ਵਿੱਚ ਸਿਰਫ਼ ਸਾਹਿਤਕ ਜਾਣਕਾਰੀ ਹੀ ਨਹੀਂ ਦਿੱਤੀ, ਕਈ ਲੇਖਕਾਂ ਦੀ ਨਿੱਜੀ ਜ਼ਿੰਦਗੀ ਬਾਰੇ ਇਸ ਤਰ੍ਹਾਂ ਵੇਰਵਾ ਦਿੱਤਾ ਹੈ ਜਿਵੇਂ ਖੁਦ ਉਨ੍ਹਾਂ ਨਾਲ ਵਿਚਰਦੇ ਰਹੇ ਹੋਣ। ਇਹ ਗੱਲ ਕਾਫੀ ਹੱਦ ਤੱਕ ਸਹੀ ਵੀ ਹੈ। ਇਸ ਸਬੰਧੀ ‘ਮੋਹਨ ਸਿੰਘ- ਅੰਮ੍ਰਿਤਾ ਦੇ ਸੰਬੰਧ’ ਲੇਖ (ਪੰਨੇ 242-246) ਨੂੰ ਪੜ੍ਹਿਆ ਜਾ ਸਕਦਾ ਹੈ। ਜਿਸ ਵਿੱਚ ਸਿਰਫ਼ ਇਨ੍ਹਾਂ ਦੋ ਕਵੀਆਂ ਦੇ ਨਿੱਜੀ ਸੰਬੰਧਾਂ ਬਾਰੇ ਹੀ ਨਹੀਂ ਦੱਸਿਆ ਗਿਆ; ਸਗੋਂ ਸੁਰਜੀਤ ਸਿੰਘ ਸੇਠੀ, ਜੋਗਾ ਸਿੰਘ, ਕਸ਼ਮੀਰ ਕਾਦਰ, ਮੋਹਨਜੀਤ, ਅਮੀਆ ਕੁੰਵਰ, ਜਸਬੀਰ ਭੁੱਲਰ, ਖੁਸ਼ਵੰਤ ਸਿੰਘ, ਈਸ਼ਵਰ ਚਿੱਤਰਕਾਰ, ਕਰਤਾਰ ਸਿੰਘ ਦੁੱਗਲ ਆਦਿ ਬਾਰੇ ਵੀ ਬੜੀਆਂ ਦਿਲਚਸਪ ਗੱਲਾਂ ਦਾ ਪਤਾ ਲੱਗਦਾ ਹੈ। ਇਸੇ ਲੇਖ ਵਿੱਚੋਂ ਕੁਝ ਮਿਸਾਲਾਂ ਦੇਖੀਆਂ ਜਾ ਸਕਦੀਆਂ ਹਨ:
– ਸੁਰਜੀਤ ਸਿੰਘ ਸੇਠੀ ਦਾ ਮਾਮਾ ਗੁਰਮੁਖ ਸਿੰਘ ਮੁਸਾਫਰ ਸੀ।
– ਕੰਦਲਾ ਅੰਮ੍ਰਿਤਾ ਦੀ ਸਕੀ ਧੀ ਨਹੀਂ ਸੀ।
– ਕਰਤਾਰ ਸਿੰਘ ਦੁੱਗਲ ਦਾ ਸਾਢੂ ਅਲੀ ਸਰਦਾਰ ਜਾਫਰੀ ਸੀ।
– ਦੁੱਗਲ ਦੀ ਮੁਸਲਮਾਨ ਬੀਵੀ ਆਇਸ਼ਾ ਨੂੰ ਅਕਾਲ ਤਖ਼ਤ ਤੇ ਅੰਮ੍ਰਿਤ ਛਕਾਇਆ ਗਿਆ ਸੀ ਤੇ ਉਸ ਦੇ ਆਨੰਦ ਕਾਰਜ ਦੀ ਰਸਮ ਉਸ ਸਮੇਂ ਦੇ ਅਕਾਲ ਤਖਤ ਦੇ ਜੱਥੇਦਾਰ ਮੋਹਨ ਸਿੰਘ ਨਾਗੋਕੇ ਨੇ ਨਿਭਾਈ।
– ਦੁੱਗਲ ਦਾ ਪਿਤਾ ਜੀਵਨ ਸਿੰਘ ਮਾਸਟਰ ਤਾਰਾ ਸਿੰਘ ਦਾ ਸਾਲਾ ਸੀ।
ਪੁਸਤਕ ਵਿੱਚ ਇੱਕ ਰਾਜਸੀ ਲੇਖ ਵੀ ਸ਼ਾਮਿਲ ਹੈ- ‘ਪਿੰਕੀ ਦੀਆਂ ਚਿੰਘਾੜਾ’, ਜਿਸ ਵਿੱਚ ਅਕਾਲੀ ਦਲ ਤੇ ਕਾਂਗਰਸ ਬਾਰੇ ਬੜੀਆਂ ਗੁੱਝੀਆਂ ਗੱਲਾਂ ਸਾਹਮਣੇ ਆਈਆਂ ਹਨ। ਇਹੋ ਜਿਹੇ ਲੇਖ ਪੜ੍ਹਦਿਆਂ ਪੰਨੂ ਦਾ ਇਹ ਕਥਨ ਸੌ ਫ਼ੀਸਦੀ ਸੱਚ ਜਾਪਦਾ ਹੈ- “ਕਾਂਗਰਸ, ਅਕਾਲੀ ਦਲ ਅਤੇ ਕਮਿਊਨਿਸਟ ਪਾਰਟੀਆਂ ਦੇ ਲੀਡਰ ਉਨ੍ਹਾਂ ਦੇ ਦੋਸਤ ਹੁੰਦੇ, ਸਲਾਹ- ਮਸ਼ਵਰਾ ਲੈਣ ਆਉਂਦੇ, ਸਿਆਸੀ ਭਵਿੱਖ ਦੀਆਂ ਕਿਆਸਾਰਾਈਆਂ ਲੱਗਦੀਆਂ। ਤੁੰਗ ਸਾਹਿਬ ਦੀਆਂ ਦਲੀਲਾਂ ਵਜ਼ਨਦਾਰ ਹੁੰਦੀਆਂ। (ਪੰਨਾ 9)
ਪੁਸਤਕ ਵਿੱਚ ਇੱਕ ਹੋਰ ਲੇਖ ਹੈ ‘ਇੱਕ ਸਾਹਿਤਕ ਤ੍ਰਿਕੋਣ ਦਾ ਬਣਨਾ ਅਤੇ ਟੁੱਟਣਾ’ (ਪੰਨੇ 224-241)। ਇਸ ਵਿੱਚ ਡਾ ਅਤਰ ਸਿੰਘ, ਡਾ ਹਰਭਜਨ ਸਿੰਘ, ਜਸਵੰਤ ਸਿੰਘ ਨੇਕੀ ਦਾ ਜ਼ਿਕਰ ਹੈ ਕਿ ਕਿਵੇਂ/ ਕਦੋਂ ਉਹ ਇੱਕ ਦੂਜੇ ਦੇ ਨੇੜੇ ਆਏ ਤੇ ਕਿਵੇਂ/ ਕਦੋਂ ਦੂਰ ਹੋਏ। ਇਸ ਲੇਖ ਵਿੱਚ ਵੀ ਹੋਰਨਾਂ ਲੇਖਕਾਂ ਬਾਰੇ ਨਵੀਆਂ ਗੱਲਾਂ ਦੀ ਭਰਪੂਰ ਜਾਣਕਾਰੀ ਮਿਲਦੀ ਹੈ:
– ਪ੍ਰੋਫੈਸਰ ਪ੍ਰੀਤਮ ਸਿੰਘ ਅਤਰ ਸਿੰਘ ਨੂੰ “ਗੁਲਾਬਜ਼ਾਦਾ” ਕਹਿ ਕੇ ਬੁਲਾਉਂਦਾ ਸੀ।
– ਹਰਭਜਨ ਸਿੰਘ ਦੀ ਵਾਕਫੀ ਰੋਪੜ ਵਿਖੇ ਫੌਹੜੀਆਂ ਤੇ ਤੁਰਨ ਵਾਲੇ ਵਿਦਿਆਰਥੀ ਕੇਸਰ ਸਿੰਘ ਨਾਲ ਹੋਈ।
– ਗੁਰਬਚਨ ਸਿੰਘ ਤਾਲਿਬ ਡਾ ਅਤਰ ਸਿੰਘ ਨੂੰ “ਅਤਰਾ ਬਤਰਾ” ਕਿਹਾ ਕਰਦਾ ਸੀ।
– ਜਸਵੰਤ ਸਿੰਘ ਨੇਕੀ ਮਨੋਵਿਗਿਆਨ ਦਾ ਤਾਂ ਚੰਗਾ ਜਾਣਕਾਰ ਸੀ ਪਰ ਉਹਦਾ “ਸਾਹਿਤ ਅਤੇ ਮਨੋਵਿਗਿਆਨ” ਲੇਖ ਘਟੀਆ ਤੇ ਨੀਵੀਂ ਪੱਧਰ ਦਾ ਸੀ।
– ਅਤਰ ਸਿੰਘ ਨੇ “ਆਲੋਚਨਾ” ਪੱਤ੍ਰਿਕਾ ਵਿੱਚ ਅਜਿਹੀ ਵਿਦਿਆਰਥਣ ਦਾ ਲੇਖ ਛਾਪਿਆ, ਜੋ ਅੱਜ ਵੀ ਇੱਕ ਸਤਰ ਨਹੀਂ ਲਿਖ ਸਕਦੀ। ਪਰ ਅਤਰ ਸਿੰਘ ਨੇ ਪ੍ਰੋ ਤੁੰਗ (ਜਦੋਂ ਉਹ 1963 ਵਿੱਚ ਵਿਦਿਆਰਥੀ ਸੀ) ਦੀ ਕਲਾਸ ਵਿੱਚ ਉਸ ਦੀ ਵਡਿਆਈ ਕੀਤੀ ਤੇ ਕਿਹਾ ਕਿ ਤੇਰਾ ਲੇਖ ਬਹੁਤ ਵਧੀਆ ਸੀ।
– ਜਸਬੀਰ ਸਿੰਘ ਆਹਲੂਵਾਲੀਆ ਜਿੱਥੇ ਵੀ ਕੋਈ ਪੈਸੇ ਖਰਚਣ ਵਾਲਾ ਮਹਿਕਮਾ ਖੁੱਲ੍ਹਦਾ ਸੀ, ਉਸ ਦਾ ਮੁਖੀ ਉਚੇਚੇ ਤੌਰ ਤੇ ਜਾ ਬਣਦਾ ਸੀ। ਗੌਰਮਿੰਟ ਕਾਲਜ ਲੁਧਿਆਣਾ ਤੋਂ ਅੰਗਰੇਜ਼ੀ ਦੀ ਛੇ ਪਰਚਿਆਂ ਵਾਲੀ ਐਮ ਏ ਇੰਗਲਿਸ਼ ਕਰਨ ਤੋਂ ਬਾਅਦ ਸ਼ਿਮਲਾ ਮਿਊਂਸਪੈਲਿਟੀ ਦੇ ਈ ਓ ਤੋਂ ਲੈ ਕੇ ਐਜੂਕੇਸ਼ਨ ਬੋਰਡ ਦੇ ਸਕੱਤਰ, ਚੇਅਰਮੈਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਫਤਹਿਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੱਕ ਦੀ ਯਾਤਰਾ ਇਸ ਤੱਥ ਦੀ ਪੁਸ਼ਟੀ ਕਰਦੀ ਹੈ।
– ਅਤਰ ਸਿੰਘ ਨੇ ਚਾਰ ਮਹੀਨਿਆਂ ਵਿੱਚ ਪੀਐਚ ਡੀ ਦਾ ਥੀਸਿਸ ਲਿਖਿਆ ਅਤੇ ਦੋ ਦੋਸਤਾਂ ਸੰਤ ਸਿੰਘ ਸੇਖੋਂ ਅਤੇ ਹਰਬੰਸ ਸਿੰਘ ਨੂੰ ਐਗਜ਼ਾਮੀਨਰ ਲਵਾਇਆ ਅਤੇ ਪੀਐੱਚ ਡੀ ਕਰਕੇ ਪਰਾਂ ਮਾਰੀ। ਉਹਨੇ ਕਦੇ ਵੀ ਇਹ ਥੀਸਿਸ ਨਹੀਂ ਛਪਵਾਇਆ, ਕਦੇ ਕਿਸੇ ਨੂੰ ਨਹੀਂ ਵਿਖਾਇਆ। ਇਹ ਇੱਕ ਚੰਗਾ ਆਰਟੀਕਲ ਜ਼ਰੂਰ ਹੈ- ਇਹ ਰਾਏ ਸੁਰਜੀਤ ਸਿੰਘ ਸੇਠੀ ਦੀ ਹੈ।
– ਸਾਹਿਤਕ ਪਾਰਖੂਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੋਣਾ ਪਿਟਣਾ ਸਾਹਿਤ ਨਹੀਂ ਹੁੰਦਾ। ਇਹ ਗੱਲ ਮੇਰੇ ਮਿੱਤਰ ਕੁਲਵੰਤ ਸਿੰਘ ਗਰੇਵਾਲ ਪਿਛਲੇ ਚਾਲੀ ਸਾਲ ਤੋਂ ਕਹਿ ਰਹੇ ਹਨ। ਗਰੇਵਾਲ ਦੇ ਸ਼ਬਦ ਹਨ ਕਿ ਸ਼ਿਵ ਕੁਮਾਰ ਕੋਲ ਲਿਰਿਕ ਨਹੀਂ ਹੈ, ਉਸ ਕੋਲ ਵੈਣ ਹੈ। ਵੈਣ, ਲਿਰਿਕ ਨਹੀਂ ਹੁੰਦਾ।
ਇਸ ਕਿਤਾਬ ਵਿੱਚ ਦੋ ਲੇਖ ਸਾਹਿਤ ਸਭਾਵਾਂ ਦੇ ਜਨਮ ਤੇ ਵਿਕਾਸ ਬਾਰੇ ਹਨ। ਜਿਨ੍ਹਾਂ ਵਿੱਚ ਲੇਖਕ ਨੇ ਬਹੁਤ ਸਾਰੀਆਂ ਸਾਹਿਤ ਸਭਾਵਾਂ ਬਾਰੇ ਆਪਣੇ ਨਿੱਜੀ ਪਰ ਗੰਭੀਰ ਵਿਚਾਰ ਪ੍ਰਸਤੁਤ ਕੀਤੇ ਹਨ। ਹਰ ਸਭਾ ਦੇ ਪ੍ਰਧਾਨ, ਸਕੱਤਰ ਬਾਰੇ ਜਾਣਕਾਰੀ ਦਿੱਤੀ ਹੈ। ਇਨ੍ਹਾਂ ਲੇਖਾਂ ਦੇ ਕ੍ਰਮਵਾਰ ਸਿਰਲੇਖ ਹਨ- “ਸਾਹਿਤ ਸਭਾ ਲਹਿਰ-1” ਅਤੇ “ਸਾਹਿਤ ਸਭਾ ਲਹਿਰ-2” ਇਨ੍ਹਾਂ ਵਿੱਚ ਲੇਖਕ ਨੇ ਦੇਸ਼ ਵੰਡ ਤੋਂ ਪਿੱਛੋਂ ਪੰਜਾਬੀ ਸਾਹਿਤ ਸਭਾਵਾਂ ਨਾਲ ਜਾਣ- ਪਛਾਣ ਕਰਵਾਉਣ ਦੇ ਨਾਲ- ਨਾਲ ਉਸ ਸਮੇਂ ਦੇ ਹਾਲਾਤਾਂ ਤੋਂ ਵੀ ਪਰੀਚਿਤ ਕਰਵਾਇਆ ਹੈ। ਇਨ੍ਹਾਂ ਵਿੱਚ ਪੰਜਾਬੀ ਲਿਖਾਰੀ ਸਭਾ ਰਾਮਪੁਰ, ਲੋਕ ਲਿਖਾਰੀ ਸਭਾ ਅੰਮ੍ਰਿਤਸਰ, ਸਾਹਿਤ ਸਭਾ ਬਰਨਾਲਾ, ਸਾਹਿਤ ਸਭਾ ਜਲੰਧਰ, ਪੰਜਾਬੀ ਸਾਹਿਤ ਸਭਾ ਦਿੱਲੀ, ਸਾਹਿਤ ਸਭਾ ਲੁਧਿਆਣਾ, ਪੰਜਾਬੀ ਸਾਹਿਤ ਸਭਾ ਪਟਿਆਲਾ ਆਦਿ ਸ਼ਾਮਲ ਹਨ। ਪੰਜਾਬੀ ਸਾਹਿਤ ਸਭਾ ਪਟਿਆਲਾ ਬਾਰੇ ਦੱਸਦਿਆਂ ਪ੍ਰੋ ਤੁੰਗ ਨੇ ਲਿਖਿਆ ਹੈ- “ਇਹਦੀ ਉਮਰ ਉੱਨੀ ਹੀ ਲੰਮੀ ਹੈ, ਜਿੰਨੀ ਮੋਹਨ ਸਿੰਘ ਪ੍ਰੇਮ ਦੇ ਗਿਆਨੀ ਕਾਲਜ ਦੀ। ਇਹ ਸਾਹਿਤ ਸਭਾ ਉਸ ਕਾਲਜ ਦੇ ਨਾਲ ਹੀ 1940 ਵਿੱਚ ਬਣਾਈ ਸੀ ਅਤੇ ਕਾਲਜ ਦੇ ਅੰਦਰ ਰੱਖੀ। ਇਹਦੇ ਨਾਲ ਸਮੇਂ- ਸਮੇਂ ਹਰਚਰਨ ਸਿੰਘ ਕੈਂਬਲਪੁਰੀ, ਨਾਵਲਕਾਰ ਰਾਮਨਾਥ ਸ਼ੁਕਲਾ, ਕੁਲਬੀਰ ਸਿੰਘ ਕਾਂਗ, ਟੀ ਆਰ ਵਿਨੋਦ, ਸੁਰਜੀਤ ਸਿੰਘ ਸੇਠੀ, ਗੁਰਬਚਨ ਸਿੰਘ ਰਾਹੀ, ਕੁਲਵੰਤ ਸਿੰਘ ਗਰੇਵਾਲ ਆਦਿ ਜੁੜਦੇ ਰਹੇ। ਪਹਿਲਾਂ ਇਹਦੀਆਂ ਮੀਟਿੰਗਾਂ ਆਕਸਫੋਰਡ ਕਾਲਜ ਵਿੱਚ ਹੋਈਆਂ, ਫਿਰ ਢੁਡਿਆਲ ਸਕੂਲ ਵਿੱਚ। ਹੁਣ ਪੱਕੇ ਤੌਰ ਤੇ ਭਾਸ਼ਾ ਭਵਨ ਪਟਿਆਲਾ ਵਿੱਚ ਹੁੰਦੀਆਂ ਹਨ। ਇਹਦੀਆਂ ਮੀਟਿੰਗਾਂ ਹਰ ਮਹੀਨੇ ਦੇ ਦੂਜੇ ਐਤਵਾਰ ਹੁੰਦੀਆਂ ਹਨ। ਹਰੇਕ ਨੂੰ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ। ਕਿਸੇ ਨਾ ਕਿਸੇ ਕਿਤਾਬ ਦਾ ਲੋਕਾਰਪਣ ਹੁੰਦਾ ਹੈ। ਹਜ਼ਾਰਾਂ ਰੁਪਏ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ ਜਾਂਦੀਆਂ ਹਨ। ਮੌਜੂਦਾ ਸਮੇਂ ਇਹਦਾ ਪ੍ਰਧਾਨ ਡਾ ਦਰਸ਼ਨ ਸਿੰਘ ਆਸ਼ਟ ਹੈ, ਜੋ ਸ਼ਾਂਤਚਿੱਤ ਹੈ ਤੇ ਸੱਚਮੁੱਚ ਪ੍ਰਧਾਨ ਬਣਨ ਦੇ ਯੋਗ ਹੈ। ਉਹ ਉੱਚੀ- ਨੀਵੀਂ ਸਭ ਸਹਿੰਦਾ ਹੈ ਤੇ ਆਏ ਮਹਿਮਾਨਾਂ ਨੂੰ ਹੱਸਦੇ- ਹੱਸਦੇ ਘਰਾਂ ਨੂੰ ਤੋਰਦਾ ਹੈ। ਪ੍ਰਧਾਨਗੀ ਦੇ ਅਹੁਦੇ ਤੇ ਇਹੋ ਜਿਹੇ ਸੱਜਣ ਹੀ ਚਾਹੀਦੇ ਹਨ (ਪੰਨੇ 279-280)।
ਇਨ੍ਹਾਂ ਸਾਹਿਤ ਸਭਾਵਾਂ ਦਾ ਸਰਵੇਖਣ ਕਰਦਿਆਂ ਪ੍ਰੋ ਤੁੰਗ ਨੇ ਇਹ ਸਿੱਟਾ ਕੱਢਿਆ ਹੈ- “ਇਨ੍ਹਾਂ ਦੇ ਇਤਿਹਾਸ ਨੂੰ ਸਾਂਭਿਆ ਜਾਵੇ। ਇਹ ਕੰਮ ਰਿਸਰਚ ਸਕਾਲਰਾਂ ਨੂੰ ਦਿੱਤਾ ਜਾਵੇ। ਖੋਜ ਦੇ ਵਿਦਿਆਰਥੀਆਂ ਲਈ ਇਹ ਇਕ ਨਾ ਮੁੱਕਣ ਵਾਲਾ ਵਿਸ਼ਾ ਤੇ ਖੇਤਰ ਹੈ। ਇਸ ਤੇ ਬੇਅੰਤ ਪੀਐੱਚ ਡੀਆਂ ਹੋ ਸਕਦੀਆਂ ਹਨ।… ਸਾਹਿਤ ਸਭਾ ਲਹਿਰ ਨੇ ਪੰਜਾਬੀ ਸਾਹਿਤ ਨੂੰ ਦੂਹਰਾ ਫਾਇਦਾ ਪਹੁੰਚਾਇਆ
… ਇਸ ਨੇ ਲੋਕਾਂ ਵਿੱਚ ਇੱਕ ਨਵੀਂ ਚੇਤਨਾ ਦਾ ਸੰਚਾਰ ਕੀਤਾ ਅਤੇ ਲੋਕਾਂ ਦੀ ਸਾਹਿਤ ਪ੍ਰਤੀ ਜਗਿਆਸਾ ਨੂੰ ਟੁੰਬਿਆ, ਪ੍ਰੇਰਿਆ ਤੇ ਜਾਗ੍ਰਿਤ ਕੀਤਾ। ਸਿੱਟੇ ਵਜੋਂ ਉਹ ਸਾਹਿਤ ਵੱਲ ਖਿੱਚੇ ਗਏ ਅਤੇ ਸਾਹਿਤਕ ਪਰਚਿਆਂ ਅਤੇ ਕਿਤਾਬਾਂ ਨਾਲ ਦਿਲ ਲਾਉਣ ਲੱਗੇ।… ਇਹ ਅਥਾਹ ਵਸਤੂ ਸਾਮੱਗਰੀ ਤੇ ਮਸਾਲਾ ਹੈ; ਜਿਸ ਦੀ ਥਾਹ ਪਾਈ ਜਾਣੀ ਚਾਹੀਦੀ ਹੈ (ਪੰਨਾ 280)।
ਪ੍ਰੋ ਤੁੰਗ ਦੇ ਇਨ੍ਹਾਂ ਲੇਖਾਂ ਦੀ ਭਾਸ਼ਾ ਉੱਤੇ ਕੋਈ ਅਲੰਕ੍ਰਿਤ ਮੁਲੰਮਾ ਨਹੀਂ ਚਾੜ੍ਹਿਆ ਗਿਆ, ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿੱਚ ਉਨ੍ਹਾਂ ਨੇ ਬਹੁਤ ਉੱਚ- ਪਾਏ ਦੇ ਲੇਖ ਲਿਖੇ ਹਨ, ਜਿਨ੍ਹਾਂ ਵਿੱਚ ਸਾਹਿਤਕ ਤੇ ਕੁਝ ਹੱਦ ਤੱਕ ਰਾਜਨੀਤਕ ਲੇਖਾਂ ਦੇ ਨਾਲ ਨਾਲ ਦੋ ਲੇਖ ਪੁਸਤਕਾਂ ਦੀ ਜਾਣਕਾਰੀ ਬਾਰੇ ਵੀ ਹਨ। ਲੇਖਕ ਦੀ ਸ਼ੈਲੀ ਇੰਨੀ ਦਿਲਚਸਪ ਹੈ ਕਿ ਜਿਸ ਵੀ ਲੇਖ ਨੂੰ ਪੜ੍ਹਨ ਲੱਗੀਏ, ਉਸਨੂੰ ਪੂਰਾ ਕੀਤੇ ਤੋਂ ਬਿਨਾਂ ਛੱਡਣ ਨੂੰ ਜੀਅ ਨਹੀਂ ਕਰਦਾ। ਹਰ ਰਚਨਾ/ ਲੇਖਕ ਦੀ ਡੂੰਘਾਈ ਨੂੰ ਬੜੀ ਨੇੜਿਉਂ ਵਾਚਿਆ ਗਿਆ ਹੈ। ਪ੍ਰੋ ਤੁੰਗ ਨੇ ਕਿਤੇ ਵੀ ਦੂਸਰੀ ਭਾਸ਼ਾ ਦੇ ਭਾਰੀ ਤੇ ਬੋਝਲ ਸ਼ਬਦਾਂ ਨੂੰ ਆਪਣੇ ਲੇਖਾਂ ਵਿੱਚ ਵਰਤ ਕੇ ਵਿਦਵਤਾ ਦਾ ਵਿਖਾਵਾ ਨਹੀਂ ਕੀਤਾ। ਉਨ੍ਹਾਂ ਦੀ ਲਿਖਣ- ਸ਼ੈਲੀ ਤੋਂ ਉਹ ਬੜੇ ਨਿਰਮਾਣ, ਸਾਧਾਰਨ ਤੇ ਗਹਿਰ- ਗੰਭੀਰ ਵਿਅਕਤੀ ਪ੍ਰਤੀਤ ਹੁੰਦੇ ਹਨ। ਪ੍ਰੋ ਪੰਨੂ ਦੇ ਸ਼ਬਦਾਂ ਨੂੰ ਹੀ ਦੁਹਰਾਉਂਦਿਆਂ ਪ੍ਰੋ ਤੁੰਗ ਬਾਰੇ ਇਹ ਕਹਿਣਾ ਬਿਲਕੁਲ ਸਹੀ ਹੈ ਕਿ “ਉਨ੍ਹਾਂ ਨੇ ਸਿਆਸੀ, ਸਾਹਿਤਕ ਘਟਨਾਵਾਂ ਅਤੇ ਸ਼ਖ਼ਸੀਅਤਾਂ ਦਾ ਜ਼ਿਕਰ ਪੁਰਖਲੂਸ ਢੰਗ ਨਾਲ ਕੀਤਾ ਹੈ, ਤਵਾਜ਼ਨ ਦਾ ਪੱਲਾ ਕਿਤੇ ਨਹੀਂ ਛੱਡਿਆ, ਨਾ ਕਿਸੇ ਨਾਲ ਰਿਆਇਤ ਨਾ ਜ਼ਿਆਦਤੀ।”
ਇਸ ਕਿਤਾਬ ਤੋਂ ਬਾਦ ਉਨ੍ਹਾਂ ਦੀ ਪਟਿਆਲਾ ਸ਼ਹਿਰ ਬਾਰੇ ਇੱਕ ਕਾਵਿ ਕਿਤਾਬ ਪ੍ਰਕਾਸ਼ਿਤ ਹੋਈ ‘ਜਗਦਾ ਜਗਦਾ ਸ਼ਹਿਰ’। ਇਹ ਕਿਤਾਬ ਵੀ ਪ੍ਰੋ. ਤੁੰਗ ਦੀ ਨਿਵੇਕਲੀ ਸ਼ੈਲੀ ਵਿੱਚ ਲਿਖੀ ਹੋਈ ਹੈ। ਦੇਸ਼-ਦੁਨੀਆਂ ਵਿੱਚ ਅਨੇਕਾਂ ਸ਼ਹਿਰ ਹੋਣਗੇ, ਜਿਨ੍ਹਾਂ ਬਾਰੇ ਵਾਰਤਕ ਵਿੱਚ ਬੇਸ਼ੁਮਾਰ ਪੁਸਤਕਾਂ ਸਿਰਜੀਆਂ ਗਈਆਂ ਹੋਣਗੀਆਂ। ਪਰ ਕਵਿਤਾ ਵਿਚa ਕਿਸੇ ਸ਼ਹਿਰ ਦੀ ਸ਼ੋਭਾ- ਉਸਤਤਿ ਕੀਤੀ ਗਈ ਹੋਵੇ, ਮੇਰੀ ਨਜ਼ਰੀਂ ਨਹੀਂ ਪਈ। ਕੋਈ ਸ਼ਹਿਰ ਖ਼ੁਆਬ ‘ਚ ਵਸਦਾ ਹੈ, ਕੋਈ ਚੇਤਿਆਂ ਵਿੱਚ, ਕੋਈ ਦਿਮਾਗ ਵਿੱਚ, ਕੋਈ ਸੋਚ ਵਿੱਚ, ਪਰ ਕਦੇ-ਕਦਾਈਂ ਹੀ ਕੋਈ ਸ਼ਹਿਰ ਰੂਹੇ-ਨਫ਼ਸਾਨੀ ਹੁੰਦਾ ਹੈ। ਪੁਸਤਕ ਦੇ ਪ੍ਰਾਰੰਭ ਵਿਚ ਪ੍ਰੋ. ਕਿਰਪਾਲ ਸਿੰਘ ਕਸੇਲ ਨੇ ਪ੍ਰੋ. ਤੁੰਗ ਦੇ ਓਜਸਵੀ ਆਭਾ ਮੰਡਲ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਸੰਖੇਪ ਪਰਿਚੈ ਵਿੱਚ ਉਹ ਲਿਖਦੇ ਹਨ, “ਤੁੰਗ ਦੇ ਅਨੁਭਵ ਸਰੋਤ ਦਾ ਜਲੌਅ ਪੂਰਨ ਸਿੰਘ ਮੰਡਲ ਵਾਲਾ ਹੈ ਤੇ ਸ਼ੈਲੀ ਤੇ ਵਿਧਾਨ ਵਿਚ ਉਸ ਤੋਂ ਇਕ ਪੀੜ੍ਹੀ ਪਿਛਲੇ ਕਵੀ ਪ੍ਰੀਤਮ ਸਿੰਘ ਸਫੀਰ ਨਾਲ ਰਲਦਾ ਮਿਲਦਾ ਹੈ। ਜਿਸ ਤੋਂ ਸਹਿਜੇ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕਵੀ ਆਪਣੇ ਪਿੱਤਰੀ ਧਨ ਤੋਂ ਪੂਰੀ ਤਰ੍ਹਾਂ ਚੇਤੰਨ ਹੈ ਅਤੇ ਇਸ ਪ੍ਰਕਾਰ ਦੋ ਕਾਵਿ-ਸ਼ੈਲੀਆਂ, ਇੱਕ ਵਸਤੂ ਪੱਖ, ਦੂਜੀ ਰੂਪ ਪੱਖ , ਨੂੰ ਉਸਨੇ ਆਪਣੀ ਕਲਾ ਵਿੱਚ ਇਉਂ ਸਮੋ ਲਿਆ ਹੈ ਕਿ ਦੋਹਾਂ ਦਾ ਸੰਜੋਗ ਏਥੇ ਨਵਾਂ ਰੰਗ ਧਾਰਦਾ ਜਾ ਰਿਹਾ ਹੈ।…” (ਪੰਨਾ 11)
ਪੁਸਤਕ ਦੇ ਸਰਵਰਕ ਤੇ ਕੁਲਵੰਤ ਸਿੰਘ ਗਰੇਵਾਲ ਨੇ ਤੁੰਗ ਨੂੰ ਅੰਗਰੇਜ਼ੀ ਕਵੀ ਵਿਲੀਅਮ ਬਲੇਕ ਨਾਲ ਉਪਮਾਇਆ ਹੈ- “ਕਵੀ ਮੇਵਾ ਸਿੰਘ ਤੁੰਗ ਬਹੁਤ ਸ਼ਕਤੀਸ਼ਾਲੀ, ਵਿਲੱਖਣ ਰਹੱਸ ਦ੍ਰਿਸ਼ਟੀ ਅਤੇ ਬਹੁਤ ਬੁਲੰਦ ਪਰਵਾਜ਼ ਦਾ ਕਵੀ ਹੈ। ਉਹ ਨਿਪਟ- ਪਦਾਰਥਵਾਦ ਦੇ ਬੰਧਨਾਂ ਤੋਂ ਬਹੁਤ ਪਹਿਲਾਂ ਮੁਕਤ ਹੋਏ ਕਵੀਆਂ ਵਿੱਚੋਂ ਜਾਂ ਮੋਢੀਆਂ ਵਿੱਚੋਂ ਇਕ ਹੈ।… ਜਿਵੇਂ ਵਿਲੀਅਮ ਬਲੇਕ ਇੱਕ ਵਡੇਰੀ ਗੈਬੀ ਸੁਰ ਦਾ ਸੁਆਮੀ ਕਵੀ ਹੈ… ਮੇਵਾ ਸਿੰਘ ਤੁੰਗ ਬਹੁਤ ਬਲੀ ਚਮਕ ਦਾ ਮਾਲਕ ਹੈ। ਉਸ ਪਾਸ ਦ੍ਰਿਸ਼ਟੀ ਦੀ ਪ੍ਰਪੱਕਤਾ ਵਿਰਲੀ ਅਤੇ ਉਸਦੀ ਸਾਹਿਤਿਕ- ਤਰਕ ਮਹਾਂ ਦ੍ਰਿਸ਼ਟੀ ਵਾਲੀ ਹੈ। ਬਹੁਤ ਬਲਸ਼ਾਲੀ ਲਿਖਦਾ ਹੈ ਤੁੰਗ..।”
ਆਪਣੇ ਜੀਵਨ ਦੇ ਅੰਤ ਤੱਕ ਵੀ ਉਹ ਪੜ੍ਹਨ ਲਿਖਣ ਵਿੱਚ ਮਸਰੂਫ਼ ਰਹੇ ਤੇ ਉਹ ਅਕਸਰ ਕਹਿੰਦੇ ਰਹੇ ਕਿ ਮੈਂ ਜੋ ਕੁਝ ਲਿਖਣਾ ਹੈ, ਉਸ ਨੂੰ ਮੁਕਾ ਕੇ ਹੀ ਸੰਸਾਰ ਤੋਂ ਵਿਦਾ ਹੋਣਾ ਚਾਹੁੰਦਾ ਹਾਂ! ਸ਼ਾਲਾ, ਅਜਿਹੀ ਆਤਮਾ ਨੂੰ ਜੰਨਤ ਨਸੀਬ ਹੋਵੇ!
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *