ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਪੁਰਾਣੀ ਅਨਾਜ ਮੰਡੀ ’ਚ ਅੱਜ ਦੁਪਹਿਰ ਸਮੇਂ ਅਵਾਰਾ ਕੁੱਤਿਆਂ ਦੇ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਵਲੋਂ ਆਪਣੇ 15-20 ਸਾਥੀਆਂ ਨਾਲ ਇੱਕ ਪੈਸਟੀਸਾਈਡ ਦੁਕਾਨਦਾਰ ’ਤੇ ਹਮਲਾ ਕਰਨ ਦੀ ਖਬਰ ਮਿਲੀ ਹੈ। ਇਸ ਮਾਮਲੇ ’ਚ ਜਖਮੀ ਹੋਏ ਦੁਕਾਨਦਾਰ ਅਤੇ ਉਸਦੇ ਕਰਮਚਾਰੀ ਨੂੰ ਇਲਾਜ ਲਈ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਮਲੇ ਦੀ ਇਹ ਪੂਰੀ ਘਟਨਾ ਦੁਕਾਨ ਦੇ ਬਾਹਰ ਤੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਵੱਲੋਂ ਅਵਾਰਾ ਕੁੱਤਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਜਾਂਦੀ ਹੈ ਪਰ ਅੱਜ ਸਵੇਰੇ ਜਦ ਉਕਤ ਵਿਅਕਤੀ ਨੇ ਉੱਥੇ ਕੁੱਤੇ ਨਹੀਂ ਵੇਖੇ ਤਾਂ ਉਸਨੇ ਪੈਸਟੀਸਾਈਡ ਦੁਕਾਨਦਾਰ ਨਿਖਲ ਜਿੰਦਲ ਨੂੰ ਇਸ ਸਬੰਧੀ ਪੁੱਛਿਆ ਅਤੇ ਆਖਿਆ ਕਿ ਉਸ (ਦੁਕਾਨਦਾਰ) ਨੇ ਕੁੱਤਿਆ ਨੂੰ ਭਜਾ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ ਹੋਈ ਕੁਝ ਤਕਰਾਰ ਤੋਂ ਬਾਅਦ ਉਕਤ ਵਿਅਕਤੀ ਉੱਥੋਂ ਚਲਾ ਗਿਆ ਅਤੇ ਕੁੱਝ ਸਮੇਂ ਬਾਅਦ ਆਪਣੇ ਸਾਥੀਆਂ ਨਾਲ ਆਇਆ ਅਤੇ ਦੁਕਾਨਦਾਰ ’ਤੇ ਹਮਲਾ ਕਰ ਦਿੱਤਾ। ਦੁਕਾਨਦਾਰ ਦੇ ਪਿਤਾ ਪ੍ਰਵੀਨ ਜਿੰਦਲ ਨੇ ਮੁਲਜਮ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਵਪਾਰੀ ਵਰਗ ’ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧ ’ਚ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ.ਐਸ.ਪੀ. ਕੋਟਕਪੂਰਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਪੂਰੀ ਤਰ੍ਹਾਂ ਹਰਕਤ ’ਚ ਆ ਚੁੱਕੀ ਹੈ ਅਤੇ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Leave a Comment
Your email address will not be published. Required fields are marked with *