ਅੱਜ ਦੇ ਜ਼ਮਾਨੇ ਵਿਚ ਹਰੇਕ ਬੰਦੇ ਦੇ ਚੇਹਰੇ ਤੇ ਕੋਈ ਨਾ ਕੋਈ ਟੈਂਸ਼ਨ ਦਿਖਾਈ ਦਿੰਦੀ ਹੈ । ਹਰ ਉਮਰ ਦੇ ਬੰਦੇ ਦੇ ਚੇਹਰੇ ਤੇ ਕੋਈ ਨਾ ਕੋਈ ਟੈਂਸ਼ਨ ਤਾਂ ਜਰੂਰ ਹੁੰਦੀ ਏ ਜੇਕਰ ਕੋਈ ਹਸਦਾ ਵੀ ਹੈ ਤਾਂ ਉਪਰੋਂ ਉਪਰੋਂ, ਜਿਸ ਤੋਂ ਉਸ ਦੇ ਦੁੱਖ ਬਾਰੇ ਨਾ ਪੁੱਛੋ ਸੁਖੀ ਕੇਵਲ ਓਹੀ ਜਾਪਦਾ ਹੈ । ਦਰਅਸਲ ਇਹਨਾਂ ਟੈਂਸ਼ਨਾ ਨੂੰ ਜਿੰਦਗੀ ‘ਚ ਆਉਣ ਦਾ ਸੱਦਾ ਵੀ ਅਸੀਂ ਆਪ ਹੀ ਦਿੱਤਾ ਹੈ ਅਸੀਂ ਆਪਣੀ ਜਿੰਦਗੀ ਦੇ ਪ੍ਰਤੀ ਜਾਂ ਆਪਣੀ ਸਿਹਤ ਪ੍ਰਤੀ ਵਧੇਰੇ ਟੈਂਸ਼ਨ ਦੇ ਜਿੰਮੇਵਾਰ ਵੀ ਆਪ ਹੀ ਆਂ । ਪਹਿਲਾਂ ਦੇ ਲੋਕ ਸਦਾ ਹੱਸਦੇ ਵੱਸਦੇ ਰਹਿੰਦੇ ਸਨ ਅਜਕਲ ਸਾਨੂੰ ਸਾਡੇ ਰੋਜ਼ ਦੇ ਕੰਮਾਂ ਕਾਰਾਂ ਨੇ – ਪੜ੍ਹਾਈਆਂ ਨੇ ਵਧੇਰੇ ਦਬਾਕੇ ਰਖਿਆ ਹੈ। ਅਸੀਂ ਲੋਕ ਆਪੋ ਆਪਣੇ ਕੰਮ ਧੰਦੇ ਕਰਦੇ ਕਰਦੇ ਖੁੱਲਕੇ ਅਤੇ ਖੁਸ਼ ਹੋ ਜ਼ਿੰਦਗੀ ਜਿਓਣ ਤੋਂ ਵਾਂਝੇ ਹੀ ਰਹਿ ਗਏ ਹਾਂ।
ਦਰਅਸਲ ਸਾਨੂੰ ਆਪਣੀਆਂ ਹਰ ਰੋਜ਼ ਦੀਆਂ ਟੈਂਸ਼ਨਾ ਨੂੰ ਦੂਰ ਰੱਖ ਕੇ ਆਪਣਿਆਂ ਨਾਲ ਵੀ ਬਹਿਣਾ ਚਾਹੀਦਾ ਹੈ ਜੇਕਰ ਰੱਬ ਵਲੋਂ ਦਿੱਤੀ ਇਕੋ ਇਕ ਜ਼ਿੰਦਗੀ ਨੂੰ ਵੀ ਅਸੀਂ ਇਸ ਟੈਂਸ਼ਨ ਦੇ ਚੱਕਰ ਵਿੱਚ ਕੱਟ ਲਈ ਤਾਂ ਫੇਰ ਉਸਦਾ ਕੋਈ ਫਾਇਦਾ ਨਹੀਂ, ਕਿਉਕਿ ਅਸੀਂ ਜਿੰਦਗ਼ੀ ਕੱਟਣ ਨਹੀਂ ਆਏ, ਜਿਉਣ ਆਏ ਹਾਂ। ਜੇਕਰ ਅਸੀਂ ਆਪਣੇ ਦਿਮਾਗ ਨੂੰ ਅਤੇ ਆਪਣੇ ਆਸੇ – ਪਾਸੇ ਦੇ ਵਾਤਾਵਰਨ ਨੂੰ ਖੁਸ਼ ਰਖਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਵੀ ਖੁਸ਼ ਰੱਖ ਸਕਾਂਗੇ । ਜ਼ਿੰਦਗੀ ਸਾਡੇ ਲਈ ਰੱਬੀ ਦਾਤ ਹੈ ਜਿਹਦਾ ਉਪਯੋਗ ਸਾਨੂੰ ਹੱਸ ਖੇਡ ਕੇ ਕਰਨਾ ਚਾਹੀਦਾ ਹੈ । ਜਦੋਂ ਅਸੀਂ ਹੱਸਦੇ ਰਹਿੰਦੇ ਹਾਂ ਤਾਂ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਸਾਡਾ ਖੂਨ ਵੀ ਵੱਧਦਾ ਹੈ । ਸਾਡੇ ਚੰਗੇ ਸੁਭਾਅ ਕਾਰਨ ਹੀ ਲੋਕੀ ਸਾਡੇ ਨਾਲ ਰਹਿਣਾ ਪਸੰਦ ਕਰਦੇ ਹਨ । ਜੇਕਰ ਆਪਾਂ ਗੱਲ ਝੁਗੀਆਂ – ਝੋਂਪੜੀਆਂ ਵਾਲਿਆ ਦੀ ਕਰੀਏ ਤਾਂ ਓਹ ਲੋਕ ਸਾਡੇ ਨਾਲੋ ਕਿਤੇ ਜਿਆਦਾ ਖੁਸ਼ ਜਾਪਦੇ ਨੇ ਕਿਉਕਿ ਓਹ ਲੋਕ ਨਿੱਕੀ – ਨਿੱਕੀ ਗੱਲ ਵਿੱਚ ਵੀ ਆਪਣੀ ਖੁਸ਼ੀ ਲਭ ਹੀ ਲੈਂਦੇ ਹਨ ਓਹਨਾ ਨੂੰ ਜੇਕਰ ਰੋਟੀ ਨਾ ਵੀ ਮਿਲੇ ਓਹ ਤਾਂ ਵੀ ਖੁਸ਼ ਰਹਿਣਾ ਰੱਬ ਦੀ ਰਜ਼ਾ ਵਿਚ ਰਹਿਣਾ ਸਿੱਖ ਲੈਂਦੇ ਹਨ । ਹੁਣ ਅਗਰ ਅਸੀਂ ਓਹਨਾ ਦੀ ਤੁਲਨਾ ਵੱਡੇ ਮਹਿਲ – ਮੁਨਾਰਿਆਂ ਵਾਲੇ ਲੋਕਾਂ ਨਾਲ ਕਰੀਏ ਤਾਂ ਓਹਨਾ ਦੇ ਚੇਹਰੇ ਤੋ ਹੀ ਪਤਾ ਲੱਗ ਜਾਂਦਾ ਹੈ ਓਹ ਕਿੰਨੇ ਕੁ ਸੁੱਖੀ ਹਨ ਜਾਂ ਕਿੰਨੇ ਕੁ ਦੁੱਖੀ ਹਨ । ਸਾਡੀ ਜ਼ਿੰਦਗੀ ਵਿਚ ਜੋ ਵੀ ਹੁੰਦਾ ਚਾਹੇ ਮਾੜਾ ਹੋਵੇ ਜਾਂ ਚੰਗਾ, ਅਗਰ ਅਸੀਂ ਹੋਏ ਬੀਤੇ ਨੂੰ ਸੋਚ ਕੇ ਉਸਦੀ ਟੈਂਸ਼ਨ ਲੈਣ ਨਾਲੋ ਓਹਨੂੰ ਰੱਬ ਦਾ ਭਾਣਾ ਸਮਝ ਕੇ ਛੱਡ ਦਈਏ ਤਾਂ ਉਸ ਵਿੱਚ ਸਾਡਾ ਹੀ ਫਾਇਦਾ ਹੋਵੇਗਾ। ਅਸੀਂ ਓਹਨਾਂ ਨਿੱਕਿਆ ਗਲਾਂ ਦੀਆਂ ਵੀ ਸੋਚ ਵਿਚਾਰ ਕਰਕੇ ਟੈਂਸ਼ਨਾ ਲੈ ਲੈਂਦੇ ਹਾਂ ਜਿਹਨਾਂ ਦੀ ਲੋੜ ਵੀ ਨਹੀਂ ਹੁੰਦੀ ਸਾਡੀ ਜ਼ਿੰਦਗੀ ਵਿਚ। ਜੇਕਰ ਕੁਝ ਮਾੜਾ ਵੀ ਹੁੰਦਾ ਹੈ ਜੇਕਰ ਸਾਨੂੰ ਕਿਸੇ ਚੀਜ਼ ਵਿੱਚ ਸਫਲਤਾ ਪ੍ਰਾਪਤ ਨਹੀਂ ਵੀ ਹੁੰਦੀ ਤਾਂ ਸਾਨੂੰ ਉਸਦੇ ਬਾਰੇ ਸੋਚ ਕੇ ਆਪਣਾ ਆਪ ਨਹੀਂ ਸਤਾਉਣਾ ਚਾਹੀਦਾ। ਜਿੱਤਣ ਨਾਲੋ ਹਾਰਨਾ ਵਧੇਰੇ ਕੁੱਝ ਸਿੱਖਾ ਜਾਂਦਾ ਹੈ । ਹਰ ਦਿਨ ਸਾਨੂੰ ਖੁਸ਼ੀ ਨਾਲ ਰੱਬ ਦੀ ਰਜ਼ਾ ਵਿਚ ਬਿਤਾਉਣਾ ਚਾਹੀਦਾ ਹੈ । ਜਦੋਂ ਅਸੀਂ ਦੁਖੀ ਰਹਿੰਦੇ ਹਾਂ ਤਾਂ ਅਸੀਂ ਆਪਣੇ ਨਾਲ ਰਹਿੰਦਿਆ ਲੋਕਾਂ ਨੂੰ ਵੀ ਆਪਣੇ ਦੁੱਖ ਸੁਣਾ ਕੇ ਦੁਖੀ ਕਰਦੇ ਹਾਂ ਸਾਨੂੰ ਹਮੇਸ਼ਾ ਖੁਸ਼ੀਆਂ ਹੀ ਵੰਡਣੀਆਂ ਚਾਹੀਦੀਆਂ ਹਨ । ਜੇਕਰ ਆਪਾਂ ਜਿੰਦਗੀ ਨੂੰ ਜਿਉਣਾ ਹੀ ਹੈ ਹਰ ਦਿਨ ਬਿਤਾਉਣਾ ਹੀ ਹੈ ਤਾਂ ਹੱਸ ਕੇ ਬਿਤਾਉਣਾ ਸਾਡੇ ਲਈ ਵਧੇਰੇ ਚੰਗਾ ਨਹੀਂ । ਜਦੋਂ ਆਪਾ ਖੁਸ਼ੀਆਂ ਦਾ ਬੀਜ ਲਾਵਾਂਗੇ ਤਾਂ ਖੁਸ਼ੀਆਂ ਹੀ ਉੱਗਣ ਗਿਆ । ਖੁਸ਼ ਰਹਿਣਾ ਵੀ ਸਫਲਤਾ ਦੀ ਨਿਸ਼ਾਨੀ ਹੈ ਜੇਕਰ ਆਪਾ ਹਰ ਚੀਜ਼ ਨੂੰ ਖੁਸ਼ੀ ਨਾਲ ਸਵੀਕਾਰ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਆਪਣੀ ਜਿੰਦਗੀ ਵਿੱਚ ਸਫਲ ਹੋ ਰਹੇ ਆ । ਜਿਉਂਦੇ ਜੀ ਤਾਂ ਸਾਡੀ ਜਿੰਦਗੀ ਵਿਚੋ ਕਦੇ ਦੁੱਖ ਹੀ ਨਹੀਂ ਮੁੱਕਣਗੇ ।

✍️ਪਲਕਪ੍ਰੀਤ ਕੌਰ ਬੇਦੀ
ਜਲੰਧਰ
ਲੇਖਿਕਾ ਬਲਦੇਵ ਸਿੰਘ ਬੇਦੀ ( ਲੇਖਕ ) ਦੀ ਬੇਟੀ ਹੈ ਅਤੇ ਦਸਵੀਂ ਕਲਾਸ ਦੀ ਵਿਦਿਆਰਥਣ ਹੈ।