ਕਹਿਣ ਸੁਣਨ ਨੂੰ ਤਾਂ ਏਹ ਆਮ ਜੀਆਂ ਗੱਲਾਂ ਲੱਗਣਗੀਆਂ ਕਿ ਪੰਜਾਬੀ ਨੂੰ ਅਸੀਂ ਗਲ ਫਰਾਹਾ ਦੇ ਰਹੇ ਆ। ਕੀ ਇਹ ਸੱਚ ਐ? ਬਾਖੂਬ ਜਾਣਦੇ ਆ ਸਾਰੇ ਕੋਈ ਸ਼ੱਕ ਹੀ ਨਹੀਂ ! ਸਵਾਲ ਇਹ ਆ ਕਿ ਇਹ ਗਲ ਚੋ ਨਿੱਕਲੂ ਕਿਵੇਂ? ਇਕੱਲਾ ਬੰਦਾ ਕਦੇ ਕੁੱਝ ਨੀ ਕਰ ਸਕਦਾ, ਜਿਵੇਂ ਅੰਨ੍ਹੇ ਦਾ ਸਹਾਰਾ ਖੂੰਡੀ ਆ ਠੀਕ ਉਸੇ ਤਰ੍ਹਾਂ ਸਾਥ ਦੀ ਲੋੜ ਹੈ। ਹਾਲੇ ਪੰਜਾਬੀਆਂ ਨੂੰ ਏਹ ਗਿਆਨ ਝਾੜਨ ਵਾਲੀਆਂ ਗੱਲਾਂ ਜਾਪਣਗੀਆਂ ਪਰ ਆਉਣ ਆਲੇ ਸਮੇਂ ਪੰਜਾਬ ਨੇ ਅੰਗਰੇਜ਼ੀ ਦਾ ਗੜ੍ਹ ਬਣ ਜਾਣੈ। ਆਪਣੇ ਬੱਚੇ ਨੂੰ ਕਾਨਵੇਂਟ ਚ ਲਾ ਕੇ ਅਸੀਂ ਛਾਤੀ ਚਾਉਡੀ ਕਿਉੰ ਕਰਦੇ ਆ? ਕਿਉੰ ਅਸੀਂ ਮਾਣ ਮਹਿਸੂਸ ਕਰਦੇ ਐਂ? ਬੱਚਿਆਂ ਨੂੰ ਅੰਗਰਜ਼ੀ ਬੋਲਣ ਤੇ ਅਸੀਂ ਉਹਨਾਂ ਨੂੰ ਪੜ੍ਹਿਆ ਲਿਖਿਆ ਕਿਉੰ ਮੰਨਦੇ ਆ? ਇਹ ਸਾਡੀ ਤੰਗ ਸੋਚ ਦਾ ਹੀ ਨਤੀਜਾ ਹੈ। ਸਾਡੇ ਸੂਬੇ ਪੰਜਾਬ ‘ਚ ਵੀ ਬਹੁਤ ਸਾਰੇ ਅਜਿਹੇ ਸਕੂਲ (ਜ਼ਿਆਦਾਤਰ ਨਿੱਜੀ! ) ਹਨ- ਜਿੱਥੇ ਪੰਜਾਬੀ ਭਾਸ਼ਾ ਬੋਲਣ ਦੀ ਮਨਾਹੀ ਹੈ ਤੇ ਪਹਿਲ ਦੇ ਅਧਾਰ ‘ਤੇ ਅੰਗਰੇਜ਼ੀ ਤੇ ਹਿੰਦੀ ਬੋਲਣ ਦੀ ਹੀ ਮਨਜ਼ੂਰੀ ਹੈ। ਬੱਚਿਆਂ ‘ਤੇ ਜ਼ਬਰਦਸਤੀ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਥੋਪਕੇ ਉਹਨਾਂ ਦੀ ਸੁਭਾਵਿਕਤਾ-ਸਿਰਜਣਸ਼ੀਲਤਾ ਦਾ ਸੱਤਿਆਨਾਸ਼ ਕਰ ਦਿੱਤਾ ਜਾਂਦਾ ਹੈ। ਅੱਜ ਪੰਜਾਬ ਦੇ ਲਗਭਗ ਸਾਰੇ ਨਾਮੀਂ ਬੁੱਧਜੀਵੀ ਅੰਗਰੇਜ਼ੀ ਵਿੱਚ ਹੀ ਲਿਖਦੇ ਹਨ-ਸਾਡੇ ਬੁੱਧਜੀਵੀਆਂ ਦਾ ਇਹ ਅੰਗਰੇਜ਼ੀ ਪ੍ਰੇਮ ਵਿਖਾਉਂਦਾ ਹੈ ਕਿ ਕਿਸ ਹੱਦ ਤੱਕ ਉਹ ਆਮ ਲੋਕਾਂ ਦੀ ਭਾਸ਼ਾ ਪੰਜਾਬੀ ਤੋਂ ਦੂਰ ਹਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਪਹਿਲਾਂ ਆਪਣੀ ਮਾਂ-ਬੋਲੀ ‘ਚ ਲਿਖਿਆ ਜਾਵੇ ਤੇ ਉਸ ਤੋਂ ਮਗਰੋਂ ਦੂਜੀਆਂ ਭਾਸ਼ਾਵਾਂ ‘ਚ ਅਨੁਵਾਦ ਹੋਵੇ- ਪਰ ਹੋ ਇਸ ਤੋਂ ਬਿਲਕੁਲ ਉਲਟਾ ਰਿਹਾ ਹੈ। ਪੰਜਾਬੀ ‘ਚ ਛਪਦੇ ਸਾਹਿਤਕ ਰਸਾਲੇ ਜਾਂ ਸਾਡੇ ਸਾਹਿਤਕਾਰ ਜਿਹਨਾਂ ਤੋਂ ਪੰਜਾਬੀ ਭਾਸ਼ਾ ਦੀ ਖੈਰੀਅਤ ਦੀ ਥੋੜੀ ਉਮੀਦ ਰੱਖੀ ਜਾ ਸਕਦੀ ਹੈ- ਉਹ ਵੀ ਪੰਜਾਬੀ ਦੀ ਬੇੜੀ ‘ਚ ਬੱਟੇ ਪਾ ਰਹੇ ਹਨ ਤੇ ਭਾਸ਼ਾ ਦਾ ਕਬਾੜਾ ਉਹਨਾਂ ਵੱਲੋਂ ਵੀ ਬਾਦਸਤੂਰ ਜਾਰੀ ਹੈ। ਸਾਡੇ ਸਾਹਿਤਕਾਰ-ਬੁੱਧੀਜੀਵੀ ਵੀ ਸਿਰਫ ਬੌਧਿਕਤਾ ਘੋਟਣ ਵਾਸਤੇ ਅੰਗਰੇਜ਼ੀ-ਹਿੰਦੀ ਦਾ ਇਸਤੇਮਾਲ ਕਰਦੇ ਹਨ।ਵਿਕਾਸ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੋਵੇਗੀ ਕਿਉਂਕਿ ਮਾਂ-ਬੋਲੀ ਦੇ ਸਵਾਲ ਦੇ ਨਾਲ਼ ਹੀ ਸਾਡਾ ਅਤੀਤ, ਸਾਡਾ ਵਰਤਮਾਨ ਤੇ ਸਾਡੇ ਬਿਹਤਰ ਭਵਿੱਖ ਦਾ ਸਵਾਲ ਵੀ ਜੁੜਿਆ ਹੋਇਆ ਹੈ।
ਅੰਗਰੇਜੀਅਤ ਮਾਨਸਿਕਤਾ ਦਾ ਵਿਰੋਧ ਕਰੋ!
ਭਾਸ਼ਾਈ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਵਾਸਤੇ ਅੱਗੇ ਆਓ!

– ਜੋਤ ਭੰਗੂ
7696425957
ਬੋਹੜਪੁਰ ( ਪਟਿਆਲਾ)