ਢਾਈ ਸਾਲ ਦਾ ਬੱਚਾ ਅੱਜਕੱਲ੍ਹ ਜਾਂਦਾ ਪੜ੍ਹਨ ਸਕੂਲੇ।
ਸਕੂਲ-ਵੈਨ ਵਿੱਚ ਪਹਿਲਾਂ ਤਾਂ ਕਈਂ ਮੀਲ ਲੈਂਦਾ ਏ ਝੂਲੇ।
ਪੋਹ-ਮਾਘ ਦੀ ਸਰਦੀ ਦੇ ਵਿੱਚ ਠਰ ਜਾਂਦੇ ਅੰਗ ਕੂਲ਼ੇ
ਪਰ ਬਣਦੀ ਵੱਡੀ ਟੋਹਰ ਮਾਪਿਆਂ ਦੀ ਕਿਵੇਂ ਨਾ ਹੁਕਮ ਕਬੂਲੇ।
ਹੱਥੀਂ ਨੇ ਉਜਾੜੀ ਜਾਂਦੇ ਮਾਲੀ ਵੇਖੋ ਬਾਗ ਨੂੰ………..।
ਚਿੰਬੜ ਗਿਆ ਭੂਤ ਅੰਗਰੇਜੀ ਦਾ ਦਿਮਾਗ ਨੂੰ।
ਗੁਰਸਿਮਰਨ , ਗੁਰਵਾਕ ਜਿਹੇ ਨਾਂ ਉੰਝ ਤਾਂ ਰੱਖਦੇ ਘਰਦੇ।
ਪਰ ਪਹੁੰਚਣ ਸਾਰ ਸਕੂਲ ਨੇ ਪਹਿਲਾਂ ਪਰੇਅਰ ਮੌਰਨਿੰਗ ਕਰਦੇ।
ਊੜਾ, ਆੜਾ, ਈੜੀ ਤਾਈਂ ਸਕੂਲ ਵਾਲੇ ਨਾ ਜਰਦੇ।
ਪੰਜਾਬੀਅਤ ਦੇ ਵਾਰਸ ਪਹਿਲਾਂ ਏ. ਬੀ. ਸੀ. ਨੇ ਪੜ੍ਹਦੇ।
ਭੁੱਲੀ ਜਾਣ ‘ਸੋਈ ਸੋਈ ਦੇਵੈ’ ਵਾਲੇ ਰਾਗ ਨੂੰ………..।
ਚਿੰਬੜ ਗਿਆ ਭੂਤ ਅੰਗਰੇਜੀ ਦਾ ਦਿਮਾਗ ਨੂੰ।
ਬਚਪਨ-ਸ਼ਚਪਨ, ਲੋਰੀਆਂ-ਬਾਤਾਂ, ਲਾਡ-ਪਿਆਰ ਸਭ ਖੋਏ।
ਬੈਠਾ ਵਿੱਚ ਤਣਾਅ ਦੇ ਬੱਚਾ ਪੜ੍ਹੀ ਜਾਵੇ ਨਾਲੇ ਰੋਏ।
ਨਾ ਚੱਜ ਨਾਲ ਖੇਡੇ ਬੱਚਾ ਨਾ ਖਾਵੇ ਨਾ ਸੋਏ।
ਹਰਦਮ ਸੋਚੇ ਕੀ ਬਣੂੰ ਪ੍ਰਸੈਂਟ ਘੱਟ ਜੇ ਹੋਏ।
ਜੰਮਣਾ ਕੀ ਦਹੀਂ ਜੇ ਤੇਜ਼ਾਬ ਲਾਉਣਾ ਜਾਗ ਨੂੰ…….।
ਚਿੰਬੜ ਗਿਆ ਭੂਤ ਅੰਗਰੇਜੀ ਦਾ ਦਿਮਾਗ ਨੂੰ।
ਗਰਮੀ ਦੇ ਮੌਸਮ ਵਿੱਚ ਬੱਚਾ ਜਾਪੇ ਫ਼ਸਿਆ ਫ਼ਸਿਆ।
ਬੂਟ, ਜੁਰਾਬਾਂ, ਬੈਲਟਾਂ, ਟਾਈਆਂ ਦੇ ਵਿੱਚ ਰਹਿੰਦਾ ਕਸਿਆ।
ਮਾਪੇ ਕਹਿਣ ਤਕੜਾ ਨਈ ਹੁੰਦਾ ਨਿੱਤ ਜਾਂਦਾ ਏ ਘਸਿਆ।
ਪਰ ਕੀ ਰੋਗ ਬਾਲ-ਮਨ ਨੂੰ ਨਾ ਉਹਨੇ ਬੋਲ ਕੇ ਦੱਸਿਆ।
ਵਿੱਚੋ-ਵਿੱਚ ਦੱਬੇ ਨੰਨ੍ਹੀ ਜਾਨ ਫਿਰ ਵੈਰਾਗ ਨੂੰ…….।
ਚਿੰਬੜ ਗਿਆ ਭੂਤ ਅੰਗਰੇਜੀ ਦਾ ਦਿਮਾਗ ਨੂੰ।
ਪਿੰਡ ਘੜਾਮੇ ਆਖੇ ਰੋਮੀ ਕੁੱਝ ਤਾਂ ਸੋਚ ਵਿਚਾਰੋ।
ਭੇਡ-ਚਾਲ ਵਿੱਚ ਨਵੀਂ ਨਸਲ ਨਾ ਕਿਸ਼ਤਾਂ ਵਿੱਚ ਉਜਾੜੋ।
ਨਾਮਵਾਰ, ਪ੍ਰਸਿੱਧ ਬੰਦਿਆਂ ਵੱਲ ਨਜ਼ਰ ਜਰਾ ਇੱਕ ਮਾਰੋ।
ਬਹੁਤੇ ਪੜ੍ਹੇ ਨੇ ਮਾਂ-ਬੋਲੀ ਵਿੱਚ ਉਹਨਾਂ ਤਾਈਂ ਚਿਤਾਰੋ।
ਧੋ ਲਵੋ ਜੇ ਧੋ ਹੁੰਦਾ ਬੇਦਾਵੇ ਵਾਲੇ ਦਾਗ ਨੂੰ………।
ਚਿੰਬੜ ਗਿਆ ਭੂਤ ਅੰਗਰੇਜੀ ਦਾ ਦਿਮਾਗ ਨੂੰ।
ਚਿੰਬੜ ਗਿਆ ਭੂਤ ਅੰਗਰੇਜੀ ਦਾ ਦਿਮਾਗ ਨੂੰ।
ਰੋਮੀ ਘੜਾਮੇਂ ਵਾਲ਼ਾ।
98552-81105
(ਗੱਲ ਸੱਚ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਨਾ ਜੀ)
Leave a Comment
Your email address will not be published. Required fields are marked with *