ਸਾਡੀ ਮਾਂ ਬੋਲੀ ਸਾਡਾ ਸਭ ਦਾ ਮਾਣ ਹੈ, ਸਾਡੀ ਮਾਂ ਬੋਲੀ ਹੀ ਸਾਡੀ ਸਭ ਦੀ ਪਛਾਣ ਹੈ।ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ 21 ਫਰਵਰੀ ਨੂੰ ਆਯੋਜਿਤ ਇੱਕ ਵਿਸ਼ਵਵਿਆਪੀ ਸਾਲਾਨਾ ਸਮਾਰੋਹ ਹੈ। ਇਹ ਪਹਿਲੀ ਵਾਰ ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਘੋਸ਼ਿਤ ਕੀਤਾ ਗਿਆ ਸੀ। ਇਸਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਦੁਆਰਾ 2002 ਵਿੱਚ ਸੰਯੁਕਤ ਰਾਸ਼ਟਰ ਦੇ ਮਤੇ 56/262 ਨੂੰ ਅਪਣਾਉਣ ਦੇ ਨਾਲ ਰਸਮੀ ਤੌਰ ‘ਤੇ ਮਾਨਤਾ ਦਿੱਤੀ ਗਈ ਸੀ।
ਵਿਸ਼ਵ ਭਰ ਵਿੱਚ ਇਸ ਦਿਨ ਦੀ ਬੜੀ ਮਹਾਨਤਾ ਹੈ। ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫ਼ਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਕੀਤਾ ਗਿਆ। ਯੂਐੱਨ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਅੰਤਰ ਰਾਸ਼ਟਰੀ ਸਾਲ ਕਰਾਰ ਦਿੱਤਾ ਸੀ।
ਦੁਨੀਆ ਵਿੱਚ ਲਗਭਗ 7 ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਵਿੱਚ ਵੀ ਮੁੱਖ ਤੌਰ ’ਤੇ 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕ ਆਪਣੀ ਮਾਂ-ਬੋਲੀ ਨੂੰ ਵਿਸਥਾਰ ਨਾਲ ਜਾਣਦੇ ਹਨ ਅਤੇ ਆਪਣੀ ਮਾਂ ਬੋਲੀ ਦਾ ਬਾਖੂਬੀ ਪ੍ਰਚਾਰ ਕਰਦੇ ਹਨ। ਇਸ ਦੇ ਨਾਲ ਨਾਲ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਸਤਿਕਾਰ ਸ਼ਰਧਾ ਦਿਖਾਉਂਦੇ ਹੋਏ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਦਿਨ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸਿੱਖਿਆ ’ਤੇ ਸਾਹਿਤ ਨਾਲ ਜੁੜੇ ਲੋਕ ਵੱਖ-ਵੱਖ ਭਾਸ਼ਾਵਾਂ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਾ ਸਬੰਧੀ ਵੱਖ ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਮਾਤ ਭਾਸ਼ਾ ਦਿਵਸ “ਦੁਨੀਆਂ ਦੇ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ” ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ। ਸਾਲ 2008 ਨੂੰ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਇਆ ਗਿਆ। ਕੀ ਹੈ ਇਤਿਹਾਸ?
ਇਤਿਹਾਸ ਅਨੁਸਾਰ ਅਗਸਤ 1947 ਵਿੱਚ ਫ਼ਿਰਕੂ ਆਧਾਰ ‘ਤੇ ਹਿੰਦੋਸਤਾਨ ਦੋ ਹਿੱਸਿਆਂ- ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ। ਇਸ ਦੇ ਵੱਖ-ਵੱਖ ਇਲਾਕਿਆਂ ਵਜੋਂ ਪੂਰਬੀ ਬੰਗਾਲ ਦੀ ਮੁਸਲਿਮ ਬਹੁ-ਵਸੋਂ ਵਾਲੇ ਹਿੱਸੇ ਨੂੰ ਪੂਰਬੀ ਪਾਕਿਸਤਾਨ ਅਤੇ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਸਰਹੱਦੀ ਸੂਬੇ ਵਾਲੇ ਇਲਾਕੇ ਨੂੰ ਪੱਛਮੀ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਰਾਜਸੀ ਤਾਕਤ ਪੱਛਮੀ ਪਾਕਿਸਤਾਨ ਵਾਲਿਆਂ ਹੱਥ ਆਉਣ ਕਾਰਨ ਉਨ੍ਹਾਂ ਉਰਦੂ ਨੂੰ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਗਿਆ। ਉਨ੍ਹਾਂ ਪੂਰਬੀ ਪਾਕਿਸਤਾਨ (ਮੌਜੂਦਾ ਬੰਗਲਾਦੇਸ਼) ਵਾਲੇ ਇਲਾਕੇ ਵਿੱਚ ਵੀ ਉਰਦੂ ਅਤੇ ਫਾਰਸੀ ਲਾਗੂ ਕਰਨੀ ਚਾਹੀ ਜਿਸ ਦਾ ਬੰਗਾਲੀ ਭਾਸ਼ਾ ਬੋਲਣ ਵਾਲਿਆਂ ਨੇ ਡੱਟ ਕੇ ਵਿਰੋਧ ਕੀਤਾ ਅਤੇ ਇਸ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਸੰਘਰਸ਼ ਸ਼ੁਰੂ ਕਰ ਦਿੱਤਾ। ਮਾਂ-ਬੋਲੀ ਦੇ ਸਨਮਾਨ ਅਤੇ ਹੋਂਦ ਲਈ ਆਰੰਭ ਕੀਤੇ ਇਸ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਨੇ ਬੜੀ ਸਖ਼ਤੀ ਵਰਤੀ। ਜ਼ੁਲਮ-ਤਸ਼ੱਦਦ ਕੀਤੇ ਪਰ ਬੰਗਾਲੀ ਝੁਕਣ ਵਾਲੇ ਨਹੀਂ ਸਨ। ਇਨ੍ਹਾਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉੱਤੇ ਪਾਕਿਸਤਾਨ ਦੀਆਂ ਸੁਰੱਖਿਆ ਫ਼ੌਜਾਂ ਵੱਲੋਂ ਢਾਕਾ ਵਿੱਚ 21 ਫਰਵਰੀ 1952 ਨੂੰ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਸੈਂਕੜੇ ਲੋਕ ਸ਼ਹੀਦ ਹੋ ਗਏ। ਸ਼ਹਾਦਤ ਦਾ ਇਹ ਦਿਨ ਬੰਗਲਾਦੇਸ਼ (ਉਸ ਸਮੇਂ ਦੇ ਪੂਰਬੀ ਪਾਕਿਸਤਾਨ) ਦੇ ਇਤਿਹਾਸ ਵਿੱਚ ਵਿਲੱਖਣ ਦਿਨ ਸਿੱਧ ਹੋਇਆ ਅਤੇ ਇਸ ਨੇ ਬੰਗਲਾਦੇਸ਼ ਰਾਸ਼ਟਰ ਦੀ ਨੀਂਹ ਰੱਖ ਦਿੱਤੀ। ਸਮੇਂ-ਸਮੇਂ ਇਹ ਅੰਦੋਲਨ ਦਬਾ ਦਿੱਤਾ ਜਾਂਦਾ ਰਿਹਾ ਪਰ 1950 ਅਤੇ 1960 ਦੇ ਦਹਾਕੇ ਵਿੱਚ ਕਿਸੇ ਨਾ ਕਿਸੇ ਰੋਸ ਮੁਜ਼ਾਹਰੇ ਦੇ ਰੂਪ ਵਿੱਚ ਉਭਰਦਾ ਇਹ ਅੰਦੋਲਨ ਸਮੇਂ ਦੀ ਤੋਰ ਨਾਲ ਇੱਕ ਲਹਿਰ ਬਣ ਗਿਆ।
ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਸਨਮਾਨ ਲਈ ਸੁਲਘਦੀ ਇਹ ਚਿੰਗਾਰੀ 1971 ਵਿੱਚ ਆਜ਼ਾਦੀ ਦੀ ਲੜਾਈ ਦੇ ਰੂਪ ਵਿੱਚ ਭਾਂਬੜ ਬਣ ਕੇ ਉੱਠੀ ਅਤੇ ‘ਸੋਨਾਰ ਬੰਗਲਾ’ ਵਜੋਂ ਜਾਣੀ ਜਾਂਦੀ ਇਸ ਧਰਤੀ ਨੂੰ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਹੋ ਗਈ।
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਵਿਚਾਰ ਬੰਗਲਾਦੇਸ਼ ਦੀ ਪਹਿਲ ਸੀ। ਬੰਗਲਾਦੇਸ਼ ਵਿੱਚ 21 ਫਰਵਰੀ ਉਸ ਦਿਨ ਦੀ ਵਰ੍ਹੇਗੰਢ ਹੈ ਜਦੋਂ ਬੰਗਲਾਦੇਸ਼ ਦੇ ਲੋਕਾਂ ਨੇ ਬੰਗਲਾ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਲੜਾਈ ਲੜੀ ਸੀ। ਇਹ ਪੱਛਮੀ ਬੰਗਾਲ ਅਤੇ ਭਾਰਤ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਦਿਹਾੜਾ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਦਾ ਹੈ। 1999 ਵਿੱਚ ਯੂਨੈਸਕੋ ਨੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਵਜੋਂ ਘੋਸ਼ਿਤ ਕੀਤਾ। ਸਨ 2000 ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਣ ਦਾ ਰਸਮੀ ਉਦਘਾਟਨ ਕੀਤਾ ਗਿਆ। ਮੇਰੇ ਸੋਹਣੇ ਸੂਬੇ ਪੰਜ਼ਾਬ ਅੰਦਰ ਅੱਜਕੱਲ੍ਹ ਘਰਾਂ ਵਿੱਚ ਵੀ ਪੰਜਾਬੀ ਭਾਸ਼ਾ ਨਹੀਂ ਬੋਲੀ ਜਾਂਦੀ। ਮਾਂਵਾਂ ਖ਼ੁਦ ਆਪਣੇ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਦੀਆਂ ਹਨ। ਦੂਜੀਆਂ ਭਾਸ਼ਾਵਾਂ ਸਿੱਖਣਾ ਤੇ ਉਨ੍ਹਾਂ ਦੀ ਢੁਕਵੇਂ ਥਾਂ ’ਤੇ ਵਰਤੋਂ ਕਰਨਾ ਵੀ ਚੰਗੀ ਗੱਲ ਹੈ, ਪਰ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ, ਜੋ ਬੋਲੀ ਮਾਵਾਂ ਨੇ ਦੱਸੀ ਹੈ, ਉਸ ਵਰਗੀ ਰੀਸ ਕਿਧਰੇ ਵੀ ਨਹੀਂ। ਇਸ ਲਈ ਆਪਣੀ ਮਾਂ-ਬੋਲੀ ਦਾ ਹਮੇਸ਼ਾ ਸਤਿਕਾਰ ਕਰੋ ਤੇ ਉਸ ਨੂੰ ਸੰਭਾਲ ਕੇ ਰੱਖੋ। ਸਾਨੂੰ ਵੀ ਆਪਣੀ ਮਾਂ-ਬੋਲੀ ਦੇ ਸੱਚੇ ਸੇਵਕ ਬਣ ਕੇ ਇਸ ਦਾ ਹੋਰ ਵਧੇਰੇ ਪ੍ਰਚਾਰ, ਪ੍ਰਸਾਰ ਤੇ ਸਤਿਕਾਰ ਕਰਨ ਲਈ ਯਤਨਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਕਿਉਂ ਕਿ ਸਾਡੀ ਬੋਲੀ ਸਾਡਾ ਸਭ ਦਾ ਮਾਣ ਹੈ, ਸਾਡੀ ਮਾਂ ਬੋਲੀ ਹੀ ਸਾਡੀ ਸਭ ਦੀ ਪਛਾਣ ਹੈ।
ਲੈਕਚਰਾਰ ਲਲਿਤ ਗੁਪਤਾ ਮੰਡੀ ਅਹਿਮਦਗੜ੍ਹ।9781590500
Leave a Comment
Your email address will not be published. Required fields are marked with *