ਸ਼ਾਇਰ ਗੁਰਪ੍ਰੀਤ ਹੋਏ ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਦੇ ਰੂ-ਬ-ਰੂ
ਬਠਿੰਡਾ, 20 ਫਰਵਰੀ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ਼੍ਰੀਮਤੀ ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਸਮਾਗਮਾਂ ਦੀ ਲੜੀ ਤਹਿਤ ਸ਼ਾਇਰ ਗੁਰਪ੍ਰੀਤ ਨਾਲ਼ ਐੱਸ.ਐੱਸ.ਡੀ ਕਾਲਜ (ਲੜਕੀਆਂ) ਦੇ ਕਾਨਫਰੰਸ ਹਾਲ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ‘ਚ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਪ ਆਗੂ ਸ. ਜਗਦੀਸ਼ ਸਿੰਘ ਵੜੈਚ ਅਤੇ ਐੱਫ.ਐੱਮ. ਬਠਿੰਡਾ ਤੋਂ ਸ. ਸੱਤਪਾਲ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਮੁੱਖ ਮਹਿਮਾਨ ਸ਼੍ਰੀ ਅੰਮ੍ਰਿਤ ਅਗਰਵਾਲ ਨੇ ਕਿਹਾ ਕਿ ਮਾਂ-ਬੋਲੀ ਪੰਜਾਬੀ ਦੀ ਪ੍ਰਫੁੱਲਤਾ ਵੱਲ ਪੰਜਾਬ ਸਰਕਾਰ ਵੱਲੋਂ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਹੋਰਨਾਂ ਭਾਸ਼ਾਵਾਂ ਨੂੰ ਸਿੱਖਦੇ ਹੋਏ ਸਾਨੂੰ ਆਪਣੀ ਮਾਂ-ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ।
ਆਪਣੇ ਸੁਆਗਤੀ ਭਾਸ਼ਣ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੌਰਾਨ ਅਜਿਹੇ ਸਮਾਗਮ ਕਰਵਾਉਣ ਦਾ ਮੂਲ ਉਦੇਸ਼ ਸਾਹਿਤਕ ਸ਼ਖ਼ਸੀਅਤਾਂ ਦੇ ਜੀਵਨ ‘ਚੋਂ ਮਿਲਦੀ ਸੇਧ ਨੂੰ ਵਿਦਿਆਰਥੀਆਂ ਤੱਕ ਲੈ ਕੇ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਅਤੇ ਮਾਂ-ਬੋਲੀ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਵਿੱਚ ਸਹਾਈ ਹੋਣਗੇ ।
ਸ਼ਾਇਰ ਗੁਰਪ੍ਰੀਤ ਨਾਲ਼ ਰੂ-ਬ-ਰੂ ਦੌਰਾਨ ਕੀਰਤੀ ਕਿਰਪਾਲ ਦੁਆਰਾ ਕੀਤੇ ਸੁਆਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਕਵਿਤਾ ਦੀ ਮਹੱਤਤਾ ਅਤੇ ਉਸਦੀ ਸਿਰਜਣ-ਪ੍ਰਕਿਰਿਆ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਸਦੀ ਕਵਿਤਾ ਆਮ ਲੋਕਾਂ ਅਤੇ ਆਲ਼ੇ-ਦੁਆਲ਼ੇ ‘ਚੋਂ ਨਿਕਲੀ, ਜਿਸ ਵਿੱਚ ਉਸਦੀ ਮਾਂ ਦਾ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਆਪਣੇ ਸਾਹਿਤਕ ਸਫ਼ਰ ਉੱਪਰ ਰੌਸ਼ਨੀ ਪਾਉਂਦਿਆਂ ਆਪਣੀਆਂ ਹੁਣ ਤੱਕ ਆਈਆਂ ਅਨੇਕਾਂ ਕਿਤਾਬਾਂ ਅਤੇ ਮਿਲੇ ਸਨਮਾਨਾਂ ਬਾਬਤ ਤਫ਼ਸੀਲ ਨਾਲ਼ ਗੱਲਬਾਤ ਕੀਤੀ।
ਸਮਾਗਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਖੋਜ਼ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ।
ਸਮਾਗਮ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਜੀਤ ਕੌਰ, ਪੰਜਾਬੀ ਪ੍ਰੋਫੈਸਰ ਗੁਰਮਿੰਦਰਜੀਤ ਕੌਰ, ਸੁਖਮਨੀ ਸਿੰਘ ਵਿਕਰੀ ਕੇਂਦਰ ਇੰਚਾਰਜ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ, ਸਾਹਿਤਕਾਰ ਜਸਪਾਲ ਮਾਨਖੇੜਾ, ਰਣਬੀਰ ਰਾਣਾ, ਨਿਰੰਜਣ ਸਿੰਘ ਪ੍ਰੇਮੀ ,ਸਾਬਕਾ ਡੀ.ਈ.ਓ. ਹਰਦੀਪ ਤੱਗੜ, ਅਮਰਜੀਤ ਸਿੰਘ, ਸ਼ੁਭਮ ,ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।
Leave a Comment
Your email address will not be published. Required fields are marked with *