ਸਵੇਰੇ-ਸਵੇਰੇ ਦਰਵਾਜ਼ੇ ‘ਤੇ ਦਸਤਕ ਹੋਈ। ਸੋਹਣ ਨੇ ਦਰਵਾਜ਼ਾ ਖੋਲ੍ਹਿਆ। ਉਸਦਾ ਦੋਸਤ ਰਾਕੇਸ਼ ਸੀ। ਸੋਹਣ ਨੇ ਰਾਕੇਸ਼ ਦਾ ਨਿੱਘਾ ਸੁਆਗਤ ਕਰਦਿਆਂ ਕਿਹਾ – “ਆ ਜਾ ਦੋਸਤ, ਤੂੰ ਸਹੀ ਮੌਕੇ ‘ਤੇ ਆਇਆ ਹੈਂ, ਅੱਜ ਤੇਰੀ ਭਾਬੀ ਆਲੂ- ਪਿਆਜ਼ ਦੇ ਪਕੌੜੇ ਬਣਾ ਰਹੀ ਹੈ।”
ਸੋਫੇ ‘ਤੇ ਬੈਠਦਿਆਂ ਰਾਕੇਸ਼ ਨੇ ਦੁਖੀ ਮਨ ਨਾਲ ਕਿਹਾ – “ਪਕੌੜਿਆਂ ਨੂੰ ਛੱਡ ਯਾਰ, ਮੈਨੂੰ ਇਕ ਕੱਪ ਚਾਹ ਪਿਆ ਦੇ।”
ਪਤਨੀ ਨੂੰ ਚਾਹ ਬਣਾਉਣ ਲਈ ਕਹਿ ਕੇ ਸੋਹਨ ਰਾਕੇਸ਼ ਕੋਲ ਬੈਠ ਗਿਆ। ਉਸਨੂੰ ਉਦਾਸ ਦੇਖ ਕੇ ਉਸਨੇ ਪੁੱਛਿਆ – “ਕੀ ਗੱਲ ਹੈ ਰਾਕੇਸ਼, ਸਭ ਠੀਕ ਤਾਂ ਹੈ ਨਾ…! ਤੂੰ ਬੜਾ ਫਿਕਰਮੰਦ ਲੱਗ ਰਿਹਾ ਹੈਂ।”
“ਕੁਝ ਨਹੀਂ, ਮੈਂ ਬਹੁਤ ਪਰੇਸ਼ਾਨ ਹਾਂ।” ਰਾਕੇਸ਼ ਨੇ ਕਿਹਾ।
“ਕੀ ਹੋਇਆ?”
“ਕੰਮ ਨਹੀਂ ਚੱਲ ਰਿਹਾ।”
“ਯਾਨੀ?” ਸੋਹਨ ਨੇ ਹੈਰਾਨੀ ਨਾਲ ਪੁੱਛਿਆ।
“ਯਾਰ, ਮੈਂ ਹੁਣ ਤੱਕ ਤਿੰਨ ਵਾਰ ਆਪਣਾ ਕਿੱਤਾ ਬਦਲ ਚੁੱਕਾ ਹਾਂ। ਮੁਨਾਫੇ ਨੂੰ ਛੱਡ, ਲਾਗਤ ਵੀ ਪੂਰੀ ਨਹੀਂ ਹੁੰਦੀ। ਜੋ ਪੈਸੇ ਲੱਗਦੇ ਹਨ, ਉਹ ਵੱਖਰੇ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਰਾਂ ਤਾਂ ਕੀ ਕਰਾਂ!” ਉਹ ਦੁਖੀ ਆਵਾਜ਼ ਵਿੱਚ ਬੋਲਿਆ।
“ਰਾਕੇਸ਼, ਹਰ ਕੰਮ ਵਿੱਚ ਸਮਾਂ ਲੱਗਦਾ ਹੈ।”
“ਕਿੰਨਾ ਕੁ ਸਮਾਂ ਲੱਗਦਾ ਹੈ ਯਾਰ! ਦੇਖ, ਪਹਿਲਾਂ ਮੈਂ ਇੱਕ ਰੈਸਟੋਰੈਂਟ ਖੋਲ੍ਹਿਆ, ਪਰ ਤਿੰਨ ਮਹੀਨਿਆਂ ਬਾਅਦ ਮੈਨੂੰ ਘਾਟੇ ਕਾਰਨ ਬੰਦ ਕਰਨਾ ਪਿਆ। ਉਸ ਤੋਂ ਬਾਅਦ ਸੁਪਰ ਮਾਰਕੀਟ… ਅਤੇ ਹੁਣ ਇਲੈਕਟ੍ਰਾਨਿਕ ਆਈਟਮ ਦੀ ਫਰੈਂਚਾਇਜ਼ੀ ਲਈ ਹੈ। ਪਰ ਮੇਰੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਮੇਰੀ ਸਥਿਤੀ ਵਿਚ ਇਹ ਕਹਾਵਤ ਪੂਰੀ ਹੋ ਰਹੀ ਹੈ ਕਿ ‘ਨਾ ਸਾਵਣ ਸੁੱਕਾ ਅਤੇ ਨਾ ਹੀ ਭਾਦੋਂ ਹਰਾ’ ਹੈ।”
“ਮੇਰੇ ਦਾਦਾ ਜੀ ਕਹਿੰਦੇ ਸਨ ਕਿ ਕੋਈ ਵੀ ਧੰਦਾ ਅੰਬ ਦੇ ਰੁੱਖ ਵਾਂਗ ਹੁੰਦਾ ਹੈ। ਤਿੰਨ ਤੋਂ ਚਾਰ ਸਾਲ ਤੱਕ ਖੂਬ ਖਾਦ ਅਤੇ ਪਾਣੀ ਦਿਓ। ਇੱਕ ਬੱਚੇ ਦੀ ਤਰ੍ਹਾਂ ਦੇਖਭਾਲ ਕਰੋ। ਇੱਕ ਵਾਰ ਰੁੱਖ ਬਣਨ ਤੋਂ ਬਾਅਦ ਇਹ ਸਾਲਾਂ ਤੱਕ ਫਲ ਦਿੰਦਾ ਰਹਿੰਦਾ ਹੈ। ਕਾਰੋਬਾਰ ਦਾ ਵੀ ਇਹੀ ਸਿਧਾਂਤ ਹੈ, ਕਿਸੇ ਵੀ ਕਾਰੋਬਾਰ ਵਿਚ ਤਿੰਨ-ਚਾਰ ਸਾਲ ਸਬਰ ਰੱਖੋ ਅਤੇ ਮਿਹਨਤ ਕਰੋ। ਇੱਕ ਵਾਰ ਕਾਰੋਬਾਰ ਸਥਾਪਤ ਹੋ ਗਿਆ ਹੈ ਤਾਂ ਫਿਰ ਮਜ਼ੇ ਹੀ ਮਜ਼ੇ ਹਨ। ਵੇਖ, ਮੈਂ ਰੈਡੀਮੇਡ ਕੱਪੜਿਆਂ ਦੀ ਦੁਕਾਨ ਖੋਲ੍ਹੀ ਅਤੇ ਦੋ ਸਾਲਾਂ ਤੱਕ ਮੰਦੀ ਦਾ ਸਾਹਮਣਾ ਕੀਤਾ। ਪਰ ਮੈਂ ਆਪਣਾ ਧੀਰਜ ਨਹੀਂ ਗਵਾਇਆ ਅਤੇ ਹੁਣ ਦੇਖ, ਪਰਮਾਤਮਾ ਦੀ ਕਿਰਪਾ ਨਾਲ, ਸਭ ਕੁਝ ਠੀਕ ਚੱਲ ਰਿਹਾ ਹੈ। ਤੂੰ ਕੁਝ ਸਮਾਂ ਕਾਰੋਬਾਰ ‘ਤੇ ਧਿਆਨ ਦੇ, ਸ਼ਾਂਤ ਰਹਿ, ਸਖ਼ਤ ਮਿਹਨਤ ਵਿੱਚ ਢਿੱਲ ਨਾ ਛੱਡ ਅਤੇ ਇਮਾਨਦਾਰੀ ਨਾਲ ਕੰਮ ਕਰ। ਵੇਖੀਂ, ਸਭ ਕੁਝ ਠੀਕ ਹੋ ਜਾਵੇਗਾ।”
ਰਾਕੇਸ਼ ਚਾਹ ਦੀ ਚੁਸਕੀ ਲੈਂਦੇ ਹੋਏ ਸੋਹਣ ਦੀਆਂ ਗੱਲਾਂ ‘ਤੇ ਵਿਚਾਰ ਕਰ ਰਿਹਾ ਸੀ।
# ਮੂਲ : ਸ਼ੋਭਾ ਗੋਇਲ, ਜੈਪੁਰ (ਰਾਜਸਥਾਨ)
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *