ਕਸ਼ਮੀਰ ਕੌਰ ਨੇ ਫਗਵਾੜੇ ਆਪਣੇ ਨਵੇਂ ਬਣਾਏ ਘਰ ਵਿੱਚ ਪਰਿਵਾਰ ਸਮੇਤ ਕੁੱਝ ਦਿਨ ਪਹਿਲਾਂ ਹੀ ਸ਼ਿਫਟ ਕੀਤਾ ਸੀ। ਮੁੰਡਾ, ਬਹੂ ਆਪਣੇ ਕੰਮਾਂ, ਕਾਰਾਂ ਤੇ ਚਲੇ ਜਾਂਦੇ ਸਨ। ਕਸ਼ਮੀਰ ਕੌਰ ਤੋਂ ਕੱਲੀ ਤੋਂ ਏਡੇ ਵੱਡੇ ਘਰ ਦੀ ਸਫਾਈ ਕਰਨੀ ਬੜੀ ਔਖੀ ਸੀ। ਇਸ ਲਈ ਉਸ ਨੂੰ ਘਰ ਦੀ ਸਫਾਈ ਕਰਨ ਲਈ ਇੱਕ ਕੰਮ ਵਾਲੀ ਦੀ ਲੋੜ ਸੀ। ਗੁਆਂਢੀਆਂ ਤੋਂ ਵੀ ਉਸ ਨੇ ਕਿਸੇ ਕੰਮ ਵਾਲੀ ਬਾਰੇ ਪਤਾ ਕੀਤਾ ਸੀ, ਉਨ੍ਹਾਂ ਨੇ ਵੀ ਕੋਈ ਲੜ ਪਤਾ ਨਹੀਂ ਸੀ ਫੜਾਇਆ। ਫਿਰ ਇੱਕ ਦਿਨ ਕਿਸੇ ਨੇ ਡੋਰ ਬੈੱਲ ਦਾ ਬਟਨ ਦਬਾਇਆ। ਬੈੱਲ ਵੱਜਣ ਤੇ ਉਸ ਨੇ ਬਾਹਰ ਨਿਕਲ ਕੇ ਗੇਟ ਖੋਲ੍ਹ ਦਿੱਤਾ। ਉਸ ਨੇ ਦੇਖਿਆ, ਬਾਹਰ ਇੱਕ ਤੀਹ ਕੁ ਸਾਲਾਂ ਦੀ ਔਰਤ ਖੜ੍ਹੀ ਸੀ।
“ਹਾਂ, ਦੱਸੋ ਕੀ ਕੰਮ ਆ?” ਉਸ ਨੇ ਆਖਿਆ।
“ਆਂਟੀ ਜੀ, ਮੈਂ ਘਰਾਂ ‘ਚ ਸਫਾਈ ਕਰਨ ਦਾ ਕੰਮ ਕਰਦੀ ਆਂ। ਜੇ ਤੁਹਾਨੂੰ ਲੋੜ ਆ,ਤਾਂ ਦੱਸੋ।”ਉਸ ਔਰਤ ਨੇ ਆਖਿਆ।
“ਹਾਂ, ਲੋੜ ਆ।ਮੈਂ ਤਾਂ ਆਪ ਕਈ ਦਿਨਾਂ ਤੋਂ ਕਿਸੇ ਕੰਮ ਵਾਲੀ ਨੂੰ ਲੱਭਦੀ ਫਿਰਦੀ ਆਂ। ਪਹਿਲਾਂ ਮੈਂ ਤੇਰੇ ਕੋਲੋਂ ਕੁੱਝ ਜਾਣਕਾਰੀ ਲੈਣੀ ਚਾਹੰਨੀ ਆਂ, ਜੇ ਗੁੱਸਾ ਨਾ ਕਰੇਂ।”
“ਆਂਟੀ ਜੀ, ਪੁੱਛੋ ਕੋਈ ਗੱਲ ਨ੍ਹੀ।”
“ਤੇਰਾ ਨਾਂ ਕੀ ਆ? ਕਿਹੜੇ ਮਹੱਲੇ ‘ਚ ਰਹਿੰਨੀ ਆਂ ਤੇ ਤੇਰਾ ਪਤੀ ਕੀ ਕੰਮ ਕਰਦਾ ਆ?”
“ਮੇਰਾ ਨਾਂ ਰੱਜੀ ਆ ਤੇ ਭੁੱਚਰਾਂ ਮਹੱਲੇ ‘ਚ ਰਹਿੰਨੀ ਆਂ। ਆਪਣੇ ਪਤੀ ਬਾਰੇ ਕੀ ਦੱਸਾਂ। ਉਹ ਜਿੰਨਾ ਕਮਾਂਦਾ ਆ, ਉੱਨੇ ਦੀ ਸ਼ਰਾਬ ਪੀ ਲੈਂਦਾ ਆ। ਸ਼ਰਾਬ ਪੀ ਕੇ ਰੱਜ ਕੇ ਮੈਨੂੰ ਗਾਲ੍ਹਾਂ ਕੱਢਦਾ ਆ, ਨਾਲੇ ਕੁੱਟਮਾਰ ਕਰਦਾ ਆ। ਮੇਰੇ ਕੋਲੋਂ ਪੈਸੇ ਖੋਹ ਲੈਂਦਾ ਆ। ਹਰ ਮਹੀਨੇ ਤਿੰਨ ਹਜ਼ਾਰ ਦੇ ਡੋਡੇ ਮੇਰੇ ਕੋਲੋਂ ਪੈਸੇ ਲੈ ਕੇ ਪੀ ਜਾਂਦਾ ਆ। ਉਹ ਤਾਂ ਮੇਰੇ ਤੇ ਬੋਝ ਆ। ਜੇ ਮੈਂ ਕੰਮ ਨਾ ਕਰਾਂ, ਮੈਂ ਤੇ ਮੇਰੇ ਬੱਚੇ ਭੁੱਖੇ ਮਰ ਜਾਵਾਂਗੇ। ਪਤਾ ਨਹੀਂ ਮੇਰਾ ਉਦ੍ਹੇ ਕੋਲੋਂ ਕਦੋਂ ਖਹਿੜਾ ਛੁੱਟਣਾ? ਉਸ ਨੇ ਤਾਂ ਮੇਰੀ ਜ਼ਿੰਦਗੀ ਨਰਕ ਬਣਾਈ ਹੋਈ ਆ।”ਏਨਾ ਕੁੱਝ ਦੱਸਦਿਆਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸਨ।
ਕਸ਼ਮੀਰ ਕੌਰ ਨੇ ਉਸ ਤੋਂ ਹੋਰ ਬਹੁਤਾ ਕੁੱਝ ਪੁੱਛਣਾ ਠੀਕ ਨਾ ਸਮਝਿਆ ਤੇ ਉਸ ਨੂੰ ਸਵੇਰ ਤੋਂ ਕੰਮ ਤੇ ਆਣ ਲਈ ਹਾਂ ਕਰ ਦਿੱਤੀ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ -144514
ਫੋਨ 9915803554
Leave a Comment
Your email address will not be published. Required fields are marked with *