ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਮਤਿ ਲੋਕ ਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਪਰਵਾਸ ਅਤੇ ਪੰਜਾਬੀ ਮਾਨਸਿਕਤਾ ਬਾਰੇ ਸੰਵਾਦ ਰਚਾਇਆ ਗਿਆ। ਇਸ ਮੌਕੇ ਤੇ ਬੋਲਦੇ ਹੋਏ ਮੁੱਖ ਵਕਤਾ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ “ਸੰਵਾਦ ਦਾ ਸੰਕਲਪ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਜਿੱਥੇ ਵਿਵਾਦ ਦਾ ਮੰਤਵ ਜਿੱਤ ਹਾਰ ਸਥਾਪਿਤ ਕਰਨਾ ਹੁੰਦਾ ਹੈ। ਉੱਥੇ ਸੰਵਾਦ ਦਾ ਮੰਤਵ ਮਿਲਕੇ ਸੱਚ ਦੀ ਖੋਜ ਕਰਨਾ ਹੁੰਦਾ ਹੈ। ਪਰਵਾਸ ਅੱਜ ਪੰਜਾਬੀਆਂ ਦੀ ਸੱਭ ਤੋਂ ਵੱਡੀ ਸਮੱਸਿਆ ਤੇ ਚੁਣੌਤੀ ਬਣ ਗਿਆ ਹੈ। ਪਰਵਾਸ ਪੰਜਾਬੀਆਂ ਦੀ ਮਾਨਸਿਕਤਾ ਦਾ ਹਿੱਸਾ ਬਣ ਗਿਆ ਹੈ। ਅੱਜ ਪੰਜਾਬੀਆਂ ਵਿੱਚ ਟੱਪਰੀਵਾਸ (ਨੋਪੈਤਿਕ) ਰੁਚੀ ਭਾਰੂ ਹੋ ਚੁੱਕੀ ਹੈ। ਪੰਜਾਬੀ ਅੱਜ ਪਰਵਾਸ ਨੂੰ ਆਪਣੇ ਚੰਗੇ ਭਵਿੱਖ ਅਤੇ ਖੁਸ਼ਹਾਲੀ ਨਾਲ ਜੋੜ ਕੇ ਦੇਖਦੇ ਹਨ, ਪਰਵਾਸ ਅੱਜ ਪੰਜਾਬੀ ਸਮਾਜ ਵਿੱਚ ਤੁਹਾਡਾ ਸਮਾਜਿਕ ਸਥਾਨ ਵੀ ਨਿਰਧਾਰਿਤ ਕਰਦਾ ਹੈ। ਚੰਗੀਆਂ ਨੌਕਰੀਆਂ, ਪੁਜ਼ੀਸ਼ਨਾਂ ਅਤੇ ਜ਼ਮੀਨਾਂ, ਜਾਇਦਾਦਾਂ ਛੱਡ ਕੇ ਵੀ ਪੰਜਾਬੀ ਪਰਵਾਸ ਕਰ ਰਹੇ ਹਨ। ਜੇ ਅਸੀਂ ਡੂੰਘਾਈ ਨਾਲ ਸੋਚੀਏ ਤਾਂ ਪਰਵਾਸ ਨਾਲ ਸਬੰਧਤ ਪੰਜਾਬੀ ਮਾਨਸਿਕਤਾ ਪੱਛਮ ਪ੍ਰਤੀ ਗੁਲਾਮ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ। ਅਸੀਂ ਵਲੈਤੀ ਜਾਂ ਇਮਪੋਰਟਡ ਚੀਜ਼ ਨੂੰ ਦੇਸੀ ਨਾਲੋਂ ਵਧੀਆਂ ਸਮਝਦੇ ਹਾਂ ਭਾਵੇਂ ਕਿ ਕਈ ਵਾਰੀ ਪੰਜਾਬੀਆਂ ਦਾ ਆਪਣਾ ਨਜ਼ਰੀਆਂ ਹੀ ਇਸ ਧਾਰਨਾ ਦੇ ਉਲਟ ਹੁੰਦਾ ਹੈ ਜਿਵੇਂ ਦੇਸੀ ਘਿਓ, ਦੇਸੀ ਆਂਡਾ, ਦੇਸੀ ਮੁਰਗਾ, ਦੇਸੀ ਕਣਕ ਆਦਿ ਦਾ ਸਵਾਦ ਪੰਜਾਬੀਆਂ ਨੂੰ ਵਲੈਤੀ ਨਾਲੋਂ ਚੰਗਾ ਲਗਦਾ ਰਿਹਾ ਹੈ। ਸਭ ਤੋਂ ਵਧੀਆਂ ਦੇਸੀ ਚੀਜ਼ ਪੰਜਾਬ ਦਾ ਜਲਵਾਯੂ ਹੈ ਜੋ ਕਿ ਕਨੇਡਾ ਜਿੱਥੇ ਸਭ ਤੋਂ ਵੱਧ ਪੰਜਾਬੀ ਪਰਵਾਸ ਕਰ ਰਹੇ ਹਨ ਨਾਲੋਂ ਕਈ ਗੁਣਾ ਵਧੀਆ ਹੈ। ਕੁਦਰਤੀ ਪਰਵਾਸ ਕਠੋਰ ਤੋਂ ਨਰਮ ਜਲਵਾਯੂ ਵੱਲ ਹੁੰਦਾ ਹੈ ਪ੍ਰੰਤੂ ਅਸੀਂ ਇਸ ਦੇ ਉਲਟ ਕਰ ਰਹੇ ਹਾਂ। ਜ਼ਾਹਿਰ ਹੈ ਕਿ ਇਹ ਪਰਵਾਸ ਕੁਦਰਤੀ ਨਹੀਂ ਕਿਹਾ ਜਾ ਸਕਦਾ ਇਸ ਨੂੰ ਸਾਮਰਾਜੀ ਪਰਵਾਸ ਕਹਿਣਾ ਜ਼ਿਆਦਾ ਉਚਿਤ ਹੈ। ਪਹਿਲਾਂ ਸਾਮਰਾਜੀਆਂ ਦਾ ਅਸਾਵਾਂ ਵਿਕਾਸ ਜਿਸ ਵਿੱਚ ਸਾਡਾ ਕੁਦਰਤੀ ਵਿਕਾਸ ਨਾ ਹੋਣ ਦੇਣਾ ਪਰਵਾਸ ਦਾ ਮੁੱਖ ਕਾਰਨ ਬਣਿਆ। ਅੱਜ ਪਰਵਾਸ ਸਾਡੇ ਨਾਲੋਂ ਜ਼ਿਆਦਾ ਸਾਮਰਾਜੀਆਂ ਦੀ ਲੋੜ ਬਣ ਚੁੱਕਾ ਹੈ। ਉਨ੍ਹਾਂ ਕੋਲ ਹੇਠਲੀ ਜਮਾਤ ਵਾਲੇ ਕੰਮਾਂ ਲਈ ਮਨੁੱਖੀ ਸ਼ਕਤੀ ਨਹੀਂ। ਹੁਣ ਸਾਮਰਾਜੀਆਂ ਦੇ ਆਰਥਿਕ ਸੰਕਟ ਵਿੱਚ ਪਰਵਾਸ ਉਨ੍ਹਾਂ ਲਈ ਸਰਮਾਇਆ ਵੀ ਪ੍ਰਦਾਨ ਕਰ ਰਿਹਾ ਹੈ। ਪਰਵਾਸ ਨੇ ਪੰਜਾਬੀਆਂ ਨੂੰ ਉੱਚੇਰੀ ਵਿੱਦਿਆ ਤੋਂ ਵਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਰਤਾਰੇ ਨਾਲ ਪੰਜਾਬੀ ਸਮੁੱਚੇ ਤੌਰ ਤੇ ਹੇਠਲੀ ਜਮਾਤ (ਅੰਡਰ ਕਲਾਸ) ਬਣਨ ਵੱਲ ਅੱਗੇ ਵੱਧ ਰਹੇ ਹਨ। ਪਰਵਾਸ ਪ੍ਰਤੀ ਪੰਜਾਬੀਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ ਨਹੀਂ ਤਾਂ ਇਹ ਸਾਮਰਾਜੀ ਪਰਵਾਸ ਨਾ ਸਿਰਫ਼ ਸਾਨੂੰ ਸੰਸਾਰ ਦੀ ਹੇਠਲੀ ਸ਼੍ਰੇਣੀ ਵੱਲ ਧੱਕ ਦੇਵੇਗਾਂ ਸਗੋਂ ਸਾਡੀ ਸਭਿਆਚਾਰਕ ਹੋਂਦ ਲਈ ਹੀ ਵੱਡਾ ਖਤਰਾ ਪੈਂਦਾ ਕਰ ਦੇਵੇਗਾਂ। ਡਾ. ਭੀਮਇੰਦਰ ਸਿੰਘ ਡਾਇਰੈਕਟਰ ਨੇ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਇਹ ਸੈਂਟਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਅਤੇ ਪੰਜਾਬੀ ਪਿਆਰੇ ਇਸ ਵਿੱਚ ਆਪਣੀ ਭੂਮਿਕਾ ਅਦਾ ਕਰਨਗੇ। ਉਨ੍ਹਾਂ ਨੇ ਹੋਰ ਕਿਹਾ ਕਿ ਪਰਵਾਸ ਨੇ ਪੰਜਾਬੀਆਂ ਨੂੰ ਹਰ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਵਿਸ਼ਵ ਪੰਜਾਬੀ ਕੇਂਦਰ ਭਵਿੱਖ ਵਿੱਚ ਇਸ ਸੰਵਾਦ ਲੜੀ ਨੂੰ ਨਿਰੰਤਰ ਜਾਰੀ ਰੱਖੇਗਾ ਤਾਂ ਜੋ ਪੰਜਾਬੀਆਂ ਨੂੰ ਚੇਤੰਨ ਕੀਤਾ ਜਾ ਸਕੇ। ਪੰਜਾਬ ਦੇ ਪਰਵਾਸ ਬਾਰੇ ਝੂਠਾ ਵਿਰਤਾਂਤ ਸਿਰਜਿਆ ਜਾ ਰਿਹਾ ਹੈ। ਜਿਸ ਨੂੰ ਤੋੜਨ ਦੀ ਲੋੜ ਹੈ। ਡਾ. ਭਗਵੰਤ ਸਿੰਘ ਜਨਰਲ ਸਕੱਤਰ ਗੁਰਮਤਿ ਲੋਕਧਾਰਾ ਵਿਚਾਰ ਮੰਚ ਨੇ ਕਿਹਾ ਕਿ ਡਾ. ਸਵਰਾਜ ਸਿੰਘ ਦੀਆਂ ਧਾਰਨਾਵਾਂ ਅੱਜ ਸਹੀ ਸਾਬਤ ਹੋ ਰਹੀਆਂ ਹਨ। ਪੰਜਾਬੀਆਂ ਦੀ ਮਾਨਸਿਕਤਾ ਵਿੱਚ ਆਏ ਨਿਘਾਰ ਲਈ ਪਰਵਾਸ ਮੁੱਖ ਕਾਰਣ ਹੈ। ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਪਰਵਾਸ ਨੇ ਸਾਡੇ ਵਿੱਦਿਅਕ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਦੀਵ ਗਿੱਲ ਨੇ ਅਜੋਕੀਆਂ ਪ੍ਰਸਥਿਤੀਆਂ ਲਈ ਭਾਰਤ ਦੀ ਵੰਡ ਪਿਛਲੇ ਕਾਰਨਾ ਦਾ ਵਿਸ਼ਲੇਸ਼ਣ ਕੀਤਾ। ਡਾ. ਤਰਲੋਚਨ ਕੌਰ, ਰਿਪਨਜੋਤ ਕੌਰ ਸੋਨੀ, ਡਾ. ਪਰਮਵੀਰ ਸਿੰਘ, ਸੰਦੀਪ ਸਿੰਘ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਰਾਕੇਸ਼ ਸ਼ਰਮਾ, ਇਕਬਾਲ ਗੱਜਣ, ਥਾਨਾ ਸਿੰਘ, ਏ.ਪੀ. ਸਿੰਘ, ਅਮਰਜੀਤ ਸਿੰਘ, ਐਮ.ਪੀ. ਸਿੰਘ, ਸ. ਨਾਹਰ ਸਿੰਘ ਪੀ.ਪੀ.ਐਸ., ਦਰਸ਼ਨ ਸਿੰਘ, ਗੁਰਜੀਤ ਸਿੰਘ, ਕਿਰਨਦੀਪ ਕੌਰ, ਸੰਦੀਪ ਕੌਰ, ਬਲਜਿੰਦਰ ਸਿੰਘ, ਅਵਤਾਰਜੀਤ ਆਦਿ ਨੇ ਆਪਣੇ ਵਿਚਾਰਾਂ ਨੂੰ ਤਰਕਮਈ ਢੰਗ ਨਾਲ ਪੇਸ਼ ਕਰਕੇ ਸੰਵਾਦ ਦੀ ਸਾਰਥਿਕਤਾ ਨੂੰ ਵਧਾਇਆ। ਇਸ ਸੰਵਾਦ ਵਿੱਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਸਵਾਲ ਵੀ ਪੁੱਛੇ। ਸੰਵਾਦ ਦੇ ਆਰੰਭ ਵਿੱਚ ਡਾ. ਚਰਨਜੀਤ ਸਿੰਘ ਉਡਾਰੀ ਦੇ ਵਿਛੋੜੇ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜ਼ਲੀ ਅਰਪਿਤ ਕੀਤੀ ਅਤੇ ਪ੍ਰਸਿੱਧ ਵਿਦਵਾਨ ਪ੍ਰੋ. ਮੇਵਾ ਸਿੰਘ ਤੁੰਗ ਦੀ ਸਿਹਤਯਾਬੀ ਲਈ ਕਾਮਨਾ ਵੀ ਕੀਤੀ ਗਈ।
ਜਾਰੀ ਕਰਤਾ:-
ਸੰਦੀਪ ਸਿੰਘ
98148-51500
Leave a Comment
Your email address will not be published. Required fields are marked with *