ਇਹ ਡਾ.ਸੁਗ਼ਰਾ ਸੱਦਫ਼ ਦੀਆਂ ਪੰਜਾਬੀ ਗ਼ਜ਼ਲਾਂ ਦਾ ਪਰਾਗਾ ਹੈ ਜਿਹਦਾ ਸਮਰਪਣ ਉਨ੍ਹਾਂ ਚੜ੍ਹਦੇ ਪੰਜਾਬ ਦੇ ਉਚੇਰੇ ਸ਼ਾਇਰ ਗੁਰਭਜਨ ਸਿੰਘ ਗਿੱਲ ਦੇ ਨਾਮ ਕੀਤਾ ਏ। ਡਾ. ਸੁਗ਼ਰਾ ਸੱਦਫ਼ ਹੋਰੀਂ ਪੰਜਾਬੀ ਸ਼ਾਇਰੀ ਵਿਚ ਨਿਵੇਕਲਾ ਅਸਥਾਨ ਰੱਖਦੇ
ਨੇ। ਉਨ੍ਹਾਂ ਦੀ ਵਾਰਤਕ ਵਿਚ ਵੀ ਸ਼ਾਇਰਾਨਾ ਅੰਗ ਮੌਜੂਦ ਹੁੰਦਾ ਏ। ਪੰਜਾਬੀ ਜ਼ਬਾਨ ਲਈ ਲਾਹੌਰ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਦਾਰੇ “ਪਿਲਾਕ”ਦੀ ਡਾਇਰੈਕਟਰ ਜਨਰਲ ਦੇ ਤੌਰ ਤੇ ਉਨ੍ਹਾਂ ਦੇ ਕੰਮਾਂ ਦੀ ਪੂਰੇ ਜੱਗ ਦੇ ਪੰਜਾਬੀਆਂ ਨੇ ਸਲਾਹੁਤਾ ਕੀਤੀ। ਉਨ੍ਹਾਂ ਸੂਫ਼ੀ ਸ਼ਾਇਰਾਂ ਦੇ ਕਲਾਮ ਨੂੰ ਪੰਜਾਬੀ ਵਿਚ ਤਰਜਮਾ ਕਰ ਕੇ ਉੱਚਾ ਕੰਮ ਕੀਤਾ ਏ। ਆਪ ਵੀ ਸੂਫ਼ੀਇਜ਼ਮ ਵਿਚ ਪੀ ਐਚ ਡੀ ਨੇ । ਇੰਝ ਤਸੱਵੁਫ਼ ਉਨ੍ਹਾਂ ਦੀ ਜ਼ਾਤ ਵਿਚ ਰਚਿਆ ਵਸਿਆ ਹੋਇਆ ਏ। ਇਸ ਸ਼ਿਅਰੀ ਪਰਾਗੇ ਵਿਚ ਵੀ ਤੁਹਾਨੂੰ ਰੋਮਾਨੀਅਤ ਤੇ ਤਸੱਵੁਫ਼ ਦਾ ਨਿਵੇਕਲਾ ਮਿਲਾਪ ਨਜ਼ਰੀਂ ਅਵੇਗਾ। ਗ਼ਜ਼ਲਾਂ ਬਹੁਤ ਸੋਹਣੀਆਂ ਤੇ ਚੰਗੀਆਂ ਨੇ। ਹੱਕੀ ਗੱਲ ਇਹ ਵੇ ਕਿ ਡਾਕਟਰ ਸੁਗ਼ਰਾ ਸਦਫ਼ ਦੀ ਸ਼ਾਇਰੀ ਵਿਚ ਉਹ ਸਾਰੀਆਂ ਨਜ਼ਾਕਤਾਂ, ਡੂੰਘੀਆਂ ਰਮਜ਼ਾਂ ਤੇ ਸੱਜਰੀਆਂ ਖ਼ੁਸ਼ਬੁਆਂ ਛਲਕ ਛਲਕ ਪੈਂਦੀਆਂ ਨੇ ਜਿਹੜੀਆਂ ਏਸ ਵੱਡੀ ਜ਼ਬਾਨ ਦਾ ਖ਼ਾਸਾ ਨੇਂ।
ਅਸਲ ਵਿਚ ਇਹ ਮੁਹੱਬਤ ਦੀ ਸ਼ਾਇਰੀ ਏ ਜਿਹਦੇ ਵਿਚ ਤਸੱਵੁਫ਼ ਤੇ ਰੂਹਾਨੀਅਤ ਦਾ ਤੜਕਾ ਬਹੁਤ ਸੋਹਣੇ ਢੰਗ ਨਾਲ਼ ਖ਼ੁਸ਼ਬੂਆਂ ਖਿਲਾਰਦਾ ਪਿਆ ਏ ।
ਜ਼ਫ਼ਰ ਇਕਬਾਲ
ਲਾਹੌਰ(ਪਾਕਿਸਤਾਨ)