ਦੁਨੀਆਂ ਵਿੱਚ ਲੋਕ ਆਉਂਦੇ ਨੀ ਤੇ ਚਲੇ ਜਾਂਦੇ ਨੇ ਪਰ ਕੁੱਝ ਲੋਕ ਅਜਿਹੇ ਹੁੰਦੇ ਨੇ ਜੋ ਆਪਣੇ ਜੀਵਨ ਕਾਲ ਨੂੰ ਮੁਕਾਉਂਦਿਆਂ ਆਪਣੇ ਹੁਨਰ ਸਦਕਾ ਐਸਾ ਮੁਕਾਮ ਹਾਸਲ ਕਰਦੇ ਨੇ ਜੋ ਇਤਿਹਾਸ ਦੇ ਪੰਨਿਆਂ ‘ਤੇ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਜਾਂਦੇ ਹਨ ਤੇ ਦੁਨੀਆਂ ਉੱਤੇ ਸਦਾ ਸਦਾ ਲਈ ਅਮਰ ਹੋ ਜਾਂਦੇ ਨੇ। ਅਜਿਹਾ ਹੀ ਬਹੁਤ ਸੁਰੀਲਾ ਕਲਾਕਾਰ ਸੀ ਮੇਜਰ ਮਹਿਰਮ ਜਿਸ ਨੇ ਆਪਣੀ ਗਾਇਨ ਕਲਾ ਰਾਹੀਂ ਦੁਨੀਆਂ ਵਿੱਚ ਨਾਮਣਾ ਖੱਟਿਆ। ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਹ ਦਿਲਾਂ ਦਾ ਮਹਿਰਮ ਕੁੱਝ ਦਿਨ ਪਹਿਲਾਂ ਸਭ ਨੂੰ ਸਦੀਵੀ ਵਿਛੋੜਾ ਦੇ ਕੇ ਬੇਵਕਤੀ ਮੌਤ ਦੀ ਬੁੱਕਲ ਵਿੱਚ ਹਮੇਸ਼ਾ ਹਮੇਸ਼ਾ ਲਈ ਜਾ ਸੁੱਤਾ ਹੈ।
ਮੇਜਰ ਮਹਿਰਮ ਦਾ ਜਨਮ ਅੱਜ ਤੋਂ ਤਕਰੀਬਨ 58 ਕੁ ਸਾਲ ਪਹਿਲਾਂ 10 ਅਕਤੂਬਰ 1966 ਨੂੰ ਪਿੰਡ ਚੂਹੜ ਚੱਕ ਜ਼ਿਲ੍ਹਾ ਮੋਗਾ ਵਿਖੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਤੇ ਪਿਤਾ ਜੀਤ ਸਿੰਘ ਦੇ ਘਰ ਵਿੱਚ ਹੋਇਆ। ਉਹ ਤਿੰਨ ਭਾਈਆਂ ਅਤੇ ਦੋ ਭੈਣਾਂ ਦਾ ਸਭ ਤੋਂ ਨਿੱਕੜਾ ਤੇ ਲਾਡਲਾ ਵੀਰ ਸੀ। ਉਸਦੀ ਸ਼ਾਦੀ ਪਰਮਜੀਤ ਕੌਰ ਨਾਲ ਹੋਈ ਅਤੇ ਉਹਨਾਂ ਦੀ ਇੱਕੋ ਇੱਕ ਬੇਟੀ ਸੰਦੀਪ ਜੋਤੀ ਹੈ। ਗਾਇਕੀ ਦੀ ਚੇਟਕ ਸਦਕਾ ਉਹ ਜ਼ਿਆਦਾ ਉੱਚੇਰੀ ਪੜ੍ਹਾਈ ਗ੍ਰਹਿਣ ਨਹੀਂ ਕਰ ਸਕਿਆ ਬੱਸ ਜੋ ਪਿੰਡ ਦੇ ਸਕੂਲ ਤੋਂ ਵਿਦਿਆ ਪ੍ਰਾਪਤ ਕੀਤੀ ਓਹੋ ਹੀ ਉਸਦਾ ਹਾਸਲ ਸੀ। ਉਸਦੇ ਸੰਘਰਸ਼ ਦੀ ਦਾਸਤਾਂ ਬਹੁਤ ਲੰਬੀ ਹੈ ਜਿਸਨੂੰ ਕੁੱਝ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਗੱਲ 1991ਵਿਆਂ ਦੀ ਹੈ ਜਦੋਂ ਮੇਜਰ ਮਹਿਰਮ ਬਾਬਾ ਸ਼ੇਖ ਫਰੀਦ ਜੀ ਦੀ ਵਰੋਸਾਈ ਨਗਰੀ ਫਰੀਦਕੋਟ ਵਿਖੇ ਆਇਆ। ਓਦੋਂ ਤੱਕ ਮੇਰੀ ਕੈਸਿਟ ਕੁੱਕੂ ਰਾਣਾ ਰੋਂਦਾ ਵੀ ਅੰਤਰ ਰਾਸ਼ਟਰੀ ਪੱਧਰ ‘ਤੇ ਪੰਜਾਬੀ ਜਗਤ ਵਿੱਚ ਬੁਲੰਦੀਆਂ ਛੂਹ ਚੁੱਕੀ ਸੀ। ਜਿਸ ਕਰਕੇ ਉਹ ਇੱਕ ਕਲਾਕਾਰ ਹੋਣ ਦੇ ਨਾਤੇ ਮੈਨੂੰ ਮੇਰੇ ਦਫਤਰ ਫਰੀਦਕੋਟ ਮਿਲਣ ਆਇਆ ਤੇ ਉਸਨੂੰ ਸੁਣਕੇ ਮੈਨੂੰ ਇੱਕ ਵੱਖਰਾ ਹੀ ਸਕੂਨ ਮਿਲਿਆ ਸੀ। ਉਸਤੋਂ ਪਹਿਲਾਂ ਅਸੀਂ ਮੇਰੇ ਬਹੁਤ ਪਿਆਰੇ ਦੋਸਤ ਮਨਜਿੰਦਰ ਗੋਲ੍ਹੀ ਵੱਲੋਂ ਕੀਤੀ ਸੁਰਤਾਲ ਕੈਸਿਟ ਕੰਪਨੀ ਦਾ ਆਗਾਜ਼ ਕਰ ਚੁੱਕੇ ਸੀ ਜਿਸ ਵਿੱਚ ਮਾਸਟਰ ਸਲੀਮ ਦੀ ਪਲੇਠੀ ਕੈਸਿਟ ਚਰਖੇ ਦੀ ਘੂਕ ਰਿਲੀਜ਼ ਕੀਤੀ ਤੇ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਲੜੀ ਵਿੱਚ ਪ੍ਰੋਣ ਅਤੇ ਇਸ ਸੁਰੀਲੇ ਗਾਇਕ ਨੂੰ ਰਿਕਾਰਡ ਕਰਨ ਲਈ ਮੈਂ ਆਪਣੇ ਮਿੱਤਰ ਮਨਜਿੰਦਰ ਗੋਲ੍ਹੀ ਨੂੰ ਮਨਾ ਲਿਆ ਸੀ ਜਿੱਥੋਂ ਮੇਜਰ ਮਹਿਰਮ ਦੀ ਗਾਇਕੀ ਦਾ ਪਿੜ ਬੱਝਿਆ। ਅਸੀਂ ਮਿਲਕੇ ਕੈਸਿਟ ਦਾ ਮੈਟਰ ਸਲੈਕਟ ਕਰ ਉਹਦੀ ਪਹਿਲੀ ਟੇਪ ਮੁੱਖੜਾ ਗੁਲਾਬੀ ਮਰਹੂਮ ਸੰਗੀਤਕਾਰ ਸੁਰਿੰਦਰ ਬਚਨ ਦੇ ਸੰਗੀਤ ਵਿੱਚ ਚੀਮਾ ਸਟੂਡੀਓ ਚੰਡੀਗੜ੍ਹ ਵਿਖੇ ਰਿਕਾਰਡ ਕੀਤੀ ਅਤੇ 1992 ਵਿੱਚ ਹੀ ਰਿਲੀਜ਼ ਕੀਤੀ ਜਿਸ ਨੂੰ ਲੋਕਾਂ ਦੀ ਭਰਪੂਰ ਦਾਦ ਮਿਲੀ।
ਮੁੱਖੜਾ ਗੁਲਾਬੀ ਤੋਂ ਬਾਅਦ ਇਸ ਫ਼ਨਕਾਰ ਦੀ ਅਗਲੀ ਕੈਸਿਟ ਵਿਆਹ ਦੀ ਐਲਬਮ, ਇੱਕੋ ਨਾਗਣੀ ਦੇ ਡੰਗੇ ਦੋਸਤਾ, ਹੰਝੂਆਂ ਨੇ ਖਤ ਲਿਖਤੇ, ਕੁੜੀ ਸੱਪ ਦੀ ਮਣੀ ਤੇ ਮੁੰਦਰੀ ਦੇ ਜਾ ਮਾਹੀਆ ਆਈਆਂ। ਇਹਨਾਂ ਵਿੱਚ ਦੋ ਗਾਣੇ ਵੀ ਸਨ ਜਿੰਨ੍ਹਾ ਵਿੱਚ ਨਾਮਵਰ ਗਾਇਕਾਵਾਂ ਨੇ ਉਸਦਾ ਸਾਥ ਦਿੱਤਾ। ਮੇਜਰ ਮਹਿਰਮ ਨੇ ਅਦੀਬ ਸ਼ਾਇਰ ਸੁਲੱਖਣ ਮੈਹਮੀ, ਜਾਗੀਰ ਸੱਧਰ, ਮਨਜਿੰਦਰ ਗੋਲ੍ਹੀ, ਜੀਤ ਕੰਮੇਆਣਾ, ਲੱਕੀ ਕੰਮੇਆਣਾ ਤੇ ਕੁੱਝ ਹੋਰ ਗੀਤਕਾਰਾਂ ਦੇ ਵੀ ਗੀਤ ਗਾਏ ਨੇ। ਪ੍ਰਸਿੱਧ ਸੰਗੀਤਕਾਰ ਰਵਿੰਦਰ ਟੀਨਾ ਨੇ ਉਸਦੀ ਜ਼ਿੰਦਗੀ ਵਿੱਚ ਉਸਦਾ ਬਹੁਤ ਸਾਥ ਦਿੱਤਾ ਅਤੇ ਸਮੇਂ ਸਮੇਂ ਉਸਦੇ ਗੀਤਾਂ ਨੂੰ ਸ਼ਿੰਗਾਰਿਆ ਵੀ ਉਭਾਰਿਆ ਵੀ। ਉਸਦੇ ਅੰਤਲੇ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਹੀ ਮਨਜਿੰਦਰ ਗੋਲ੍ਹੀ ਦੇ ਸੁਰਤਾਲ ਰਿਕਾਰਡਜ਼ ਚੈਨਲ ਉੱਤੇ ਰਵਿੰਦਰ ਟੀਨਾ ਦੇ ਹੀ ਸੰਗੀਤ ‘ਚ ਗੁੰਦੇ ਗੀਤ ਰੰਗਲਾ ਪੰਜਾਬ ਤੇ ਨਖ਼ਰਾ ਤੇਰਾ ਨੂੰ ਲੋਕ ਅਰਪਣ ਕੀਤਾ ਗਿਆ ਸੀ ਜੋ ਆਪਣੀ ਅਮਿੱਟ ਤੇ ਵੱਖਰੀ ਛਾਪ ਛੱਡ ਰਹੇ ਨੇ। ਮੇਜਰ ਮਹਿਰਮ ਸਰੀਰਕ ਤੌਰ ਤੇ ਭਾਵੇਂ ਸਾਡੇ ਵਿੱਚਕਾਰ ਨਹੀਂ ਪਰ ਉਸਦਾ ਪਿਆਰ ਸਤਿਕਾਰ ਤੇ ਉਸਦੇ ਬੋਲ ਸਦਾ ਸਾਡੇ ਅੰਗ ਸੰਗ ਰਹਿਣਗੇ।
ਅੱਜ 9 ਫਰਵਰੀ ਸ਼ੁੱਕਰਵਾਰ 2024 ਨੂੰ ਉਸਦੇ ਪ੍ਰਵਾਰ, ਅੰਗੀ ਸਾਕੀ, ਦੋਸਤ ਮਿੱਤਰ ਤੇ
ਚਾਹੁਣ ਵਾਲਿਆਂ ਵੱਲੋਂ ਗੁਰੂਦੁਆਰਾ ਸ੍ਰੀ ਨਿਸ਼ਾਨ ਸਾਹਿਬ ਜਰਮਨ ਕਲੋਨੀ ਪੁਰਾਣਾ ਕੈਂਟ ਰੋਡ (ਕੰਮੇਂਆਣਾ ਰੋਡ) ਫਰੀਦਕੋਟ ਵਿਖੇ ਵਿੱਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਜੋਦੜੀ ਕੀਤੀ ਜਾ ਰਹੀ ਹੈ। ਆਪਣੇ ਮਹਿਬੂਬ ਫ਼ਨਕਾਰ ਨੂੰ ਸਿੱਜਦਾ ਕਰਨ, ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਰੂਹ ਦੀ ਸ਼ਾਂਤੀ ਲਈ ਹੋਣ ਵਾਲੀ ਅੰਤਿਮ ਅਰਦਾਸ ਵਿੱਚ ਆਪ ਸਭ ਨੇ ਜ਼ਰੂਰ ਸ਼ਾਮਲ ਹੋਣਾ। ਬੱਸ ਏਹੋ ਦੁਆ ਤੇ ਅਰਦਾਸਿ ਹੈ ਕਿ ਵਾਹਿਗੁਰੂ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਾਹਿਗੁਰੂ ਪ੍ਰਵਾਰ ਉੱਤੇ ਮਿਹਰ ਬਣਾਈ ਰੱਖੇ।
ਵੱਲੋ :- ਬਲਧੀਰ ਮਾਹਲਾ (ਲੋਕ ਗਾਇਕ)
ਪੇਸ਼ਕਸ਼:- ਧਰਮ ਪ੍ਰਵਾਨਾਂ, ਕਿਲ੍ਹਾ ਨੌਂ ਫਰੀਦਕੋਟ
ਫੋਨ ਨੰਬਰ 9876717686