ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ 6 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋ ਰਹੀ ਹੈ। ਪੰਜਾਬ ਦੇ 7 ਲੱਖ ਤੋਂ ਜ਼ਿਆਦਾ ਮੁਲਾਜ਼ਮ, ਪੈਨਸ਼ਨਰ ਤੇ ਹੋਰ ਵੱਖ ਵੱਖ ਵਰਗਾਂ ਦੇ ਲੋਕ ਆਸ ਲਗਾਈ ਬੈਠੇ ਹਨ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਦੀਵਾਲੀ ਤੋਂ ਪਹਿਲਾਂ ਦੇਣ ਬਾਰੇ ਫੈਸਲਾ ਲਵੇਗੀ, ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ, ਠੇਕਾ ਅਧਾਰਤ ਅਤੇ ਆਊਟ ਸੋਰਸ ਮੁਲਾਜ਼ਮ ਅਤੇ ਸਕੀਮ ਵਰਕਰਜ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਹੋਣ ਦੀ ਆਸ ਲਗਾਈ ਬੈਠੇ ਹਨ, ਜਨਵਰੀ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਤਹਿਤ ਕੰਮ ਕਰਦੇ ਮੁਲਾਜ਼ਮ 21 ਅਕਤੂਬਰ 2022 ਨੂੰ ਪੰਜਾਬ ਮੰਤਰੀ ਮੰਡਲ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਫੈਸਲਾ ਅਸਲ ਰੂਪ ਵਿੱਚ ਲਾਗੂ ਹੋਣ ਦੇ ਇੰਤਜ਼ਾਰ ਵਿੱਚ ਹਨ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਸਾਢੇ ਪੰਜ ਸਾਲਾਂ ਦਾ ਰਹਿੰਦਾ ਬਕਾਇਆ ਦੇਣ ਬਾਰੇ ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕ ਸਿਖਿਆ ਵਿਭਾਗ ਪੰਜਾਬ ਸਰਕਾਰ ਅਧੀਨ ਮਰਜ਼ ਹੋਣ ਦੀ ਆਸ ਲਗਾਈ ਬੈਠੇ ਹਨ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਪੰਜਾਬ ਮੰਤਰੀ ਮੰਡਲ ਦੀ 6 ਨਵੰਬਰ ਨੂੰ ਹੋ ਰਹੀ ਮੀਟਿੰਗ ਕਿਹੜੇ ਕਿਹੜੇ ਲੋਕ ਪੱਖੀ ਫੈਸਲੇ ਲੈਂਦੀ ਹੈ ਅਤੇ ਕਿਨਾਂ ਬਾਰੇ ਅਜੇ ਹੋਰ ਚੁੱਪ ਧਾਰਕੇ ਰੱਖਦੀ ਹੈ। ਇਸ ਗੱਲ ਦੀ ਵਿਚਾਰ ਚਰਚਾ ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਜਿਲ੍ਹਾ ਫਰੀਦਕੋਟ ਦੀ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਪੁਰਾਣਾ ਕਿਲਾ ਪਾਰਕ ਵਿੱਚ ਹੋਈ ਮੀਟਿੰਗ ਦੌਰਾਨ ਬੜੇ ਖੁੱਲ ਕੇ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਪ੍ਰੇਮ ਚਾਵਲਾ, ਸੋਮਨਾਥ ਅਰੋੜਾ, ਤਰਸੇਮ ਨਰੂਲਾ, ਪ੍ਰਿੰਸੀਪਲ ਬਲਵੀਰ ਸਿੰਘ ਬਰਾੜ ਨੇ ਅਫਸੋਸ ਪ੍ਰਗਟ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਅਜੇ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਇੱਕ ਵੀ ਚੋਣ ਵਾਅਦਾ ਅਜੇ ਤੱਕ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਸਾਰੇ ਚੋਣ ਵਾਅਦੇ ਯਾਦ ਰੱਖਣੇ ਚਾਹੀਦੇ ਹਨ ਕਿਉਂਕਿ ਚੋਣ ਵਾਅਦੇ ਭੁੱਲਣ ਵਾਲੇ ਰਾਜਨੀਤਕ ਲੋਕਾਂ ਨੂੰ ਲੋਕ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਪੌੜੀਆਂ ਨਹੀਂ ਚੜਨ ਦਿੰਦੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਮਦਨ ਲਾਲ ਸ਼ਰਮਾ ਸੰਧਵਾਂ, ਅਮਰਜੀਤ ਕੌਰ ਛਾਬੜਾ, ਪਰਮਜੀਤ ਕੌਰ ਔਲਖ, ਵਿਨੋਦ ਕੁਮਾਰ ਲੈਕਚਰਾਰ, ਹਾਕਮ ਸਿੰਘ, ਮੇਜਰ ਸਿੰਘ ਡੀ ਪੀ ਈ, ਸੁਖਦਰਸ਼ਨ ਸਿੰਘ ਗਿੱਲ, ਮਲਕੀਤ ਸਿੰਘ ਸੁਪਰਡੈਂਟ ਢਿੱਲਵਾਂ ਕਲਾਂ, ਜਸਵਿੰਦਰ ਸਿੰਘ ਬਰਾੜ ਰਣ ਸਿੰਘ ਵਾਲਾ ਤੇ ਪ੍ਰਿੰਸੀਪਲ ਦਰਸ਼ਨ ਸਿੰਘ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *