ਹਲਵਾਰਾ 30 ਮਾਰਚ (ਵਰਲਡ ਪੰਜਾਬੀ ਟਾਈਮਜ਼)
ਅੱਠਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਕਹਾਣੀਕਾਰ ਜਿੰਦਰ ਨੂੰ, ਇਪਸਾ ਆਸਟ੍ਰੇਲੀਆ ਵੱਲੋਂ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰੱਸਟ ਤਹਿਤ ਪਿੰਡ ਹਲਵਾਰਾ ਵਿਚ ਹੁੰਦੇ ਸਮਾਗਮ ਤਹਿਤ ਦਿੱਤਾ ਜਾਣ ਵਾਲਾ ਹਰਭਜਨ ਹਲਵਾਰਵੀ ਪੁਰਸਕਾਰ ਇਸ ਵਾਰ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਿਤੀ 21 ਅਪ੍ਰੈਲ ਐਤਵਾਰ ਵਾਲੇ ਦਿਨ ਕਹਾਣੀਕਾਰ, ਅਨੁਵਾਦਕ, ਸ਼ਬਦ ਮੈਗਜ਼ੀਨ ਦੇ ਸੰਪਾਦਕ, ਸਿਰੜੀ ਅਦਬੀ ਕਾਮੇ ਜਿੰਦਰ ਨੂੰ ਪ੍ਰਦਾਨ ਕੀਤਾ ਜਾਵੇਗਾ। ਜਿੰਦਰ ਆਧੁਨਿਕ ਕਹਾਣੀ ਦਾ ਨਕਸ਼ਾ ਨਿਗਾਰ ਹੈ। ਜਿੰਦਰ ਦਾ ਨਾਮ ਪੰਜਾਬੀ ਸਾਹਿਤ ਜਗਤ ਵਿਚ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ, ਉਹ ਆਧੁਨਿਕ ਪੰਜਾਬੀ ਕਹਾਣੀ ਨੂੰ ਨਵੀਆਂ ਦਿਸ਼ਾਵਾਂ ਅਤੇ ਛੋਹਾਂ ਦੇਣ ਵਾਲਿਆਂ ਵਿੱਚੋਂ ਇਕ ਹੈ। ਉਹ ਹੁਣ ਤਕ ਦਰਜਨ ਤੋਂ ਜ਼ਿਆਦਾ ਕਿਤਾਬਾਂ ਲਿਖ ਚੁੱਕਾ ਹੈ। ਦੁਆਬੇ ਦੇ ਨਿੱਕੇ ਜਹੇ ਪਿੰਡ ਲੱਧੜਾਂ ਤੋਂ ਉੱਠ ਕੇ ਉਹਨਾਂ ਨੇ ਨਕੋਦਰ ਦੇ ਡੀ ਏ ਵੀ ਕਾਲਜ ਅਤੇ ਜਲੰਧਰ ਦੇ ਡੀ ਏ ਵੀ ਕਾਲਜ ਤੋਂ ਉਚੇਰੀ ਵਿੱਦਿਆ ਹਾਸਲ ਕੀਤੀ ਹੈ। ਇਸ ਤੋਂ ਬਾਅਦ ਮਾਰਕੀਟ ਕਮੇਟੀ ਨਕੋਦਰ ਵਿਚ ਬੋਲੀ ਰਿਕਾਰਡਰ ਵਜੋਂ, ਅਗਰਵਾਲ ਫ਼ਰਮ ਵਿਚ ਮੁਨੀਮ ਵਜੋਂ ਅਤੇ ਕੁੱਝ ਐਮ ਬੀ ਡੀ ਪ੍ਰਕਾਸ਼ਨ ਵਿਚ ਪਰੂਫ਼ ਰੀਡਰ ਵਜੋਂ ਕੰਮ ਕੀਤਾ ਹੈ। ਸਾਲ 1988 ਤੋਂ ਉਹ ਪੰਜਾਬ ਟਰਾਂਸਪੋਰਟ ਵਿਭਾਗ ਵਿਚ 2012 ਵਿਚ ਸੇਵਾ ਮੁਕਤ ਹੋਣ ਤੱਕ ਆਡੀਟਰ ਵਜੋਂ ਨੌਕਰੀ ਕਰਦੇ ਰਹੇ ਹਨ।
ਜ਼ਿੰਦਗੀ ਵਿਚ ਦੁਸ਼ਵਾਰ ਹਾਲਤਾਂ ਨਾਲ ਦੋ ਚਾਰ ਹੁੰਦਿਆਂ ਉਹ ਆਮ ਜਨ ਜੀਵਨ ਦੇ ਬਹੁਤ ਨੇੜੇ ਰਿਹਾ ਹੋਣ ਕਰਕੇ ਯਥਾਰਥਵਾਦੀ ਕਹਾਣੀਕਾਰ ਹੈ। ਸਾਡੇ ਸਮਾਜ ਵਿਚ ਹੇਠਲੇ ਪੱਧਰ ਦੇ ਲੋਕਾਂ ਦਾ ਤਲਖ਼ ਯਥਾਰਥ, ਹਾਸ਼ੀਆਗ੍ਰਸਤ ਲੋਕਾਂ ਨੂੰ ਨਕਾਰਨ, ਨਪੀੜਣ ਅਤੇ ਨਜ਼ਰ-ਅੰਦਾਜ਼ ਕਰਨ ਦਾ ਪ੍ਰਚਲਣ, ਅਰਧ ਜਗੀਰੂ ਸਮਾਜ ਵਿਚ ਔਰਤ ਅਤੇ ਮਰਦ ਦੇ ਰਿਸ਼ਤਿਆਂ ਦੀ ਤ੍ਰਿਸਕਾਰੀ, ਸਮਾਜਿਕ ਦਵੰਦ, ਖੁੱਲ/ਡਰ ਆਦਿ ਦੀ ਭਾਵਨਾ ਉਸ ਦੀਆਂ ਕਹਾਣੀਆਂ ਦੇ ਉੱਖੜਵੇਂ ਨਕਸ਼ ਹਨ। ਪ੍ਰਸ਼ਾਸਨਿਕ ਅਹੁਦਿਆਂ ਵਿਚ ਸੱਤਾ ਅਤੇ ਅਧਿਕਾਰ ਵਾਲੇ ਅਹੁਦਿਆਂ ਦੀ ਬਜਾਏ ਜਿੰਦਰ ਦਾ ਲੰਬਾ ਸਮਾਂ ਇਕ ਗੈਰ ਅਕਾਦਮਿਕ, ਗੈਰ ਸੰਜੀਦਾ ਵਰਗ ਨਾਲ ਵਿਚਾਰ/ਵਿਵਹਾਰ ਕਰਦਿਆਂ ਗੁਜ਼ਰਿਆ ਹੋਣ ਕਰਕੇ ਉਹਦੀਆਂ ਕਹਾਣੀਆਂ ਦੇ ਪਾਠਕ ਸਮਾਜ ਵਿਚ ਤੁਰੇ ਫਿਰਦੇ ਨਜ਼ਰ ਆਉਂਦੇ ਹਨ। ਉਹ ਕਹਾਣੀ ਲਿਖਦਾ ਨਹੀਂ, ਬਲਕਿ ਕਹਾਣੀ ਨੂੰ ਜੀਂਦਾ ਹੈ। ਕਹਾਣੀ ਲਿਖਣ ਲਈ ਉਸ ਨੂੰ ਓਪਰੇ ਅਨੁਭਵ ਗ੍ਰਹਿਣ ਕਰਨ ਜਾਂ ਕਸ਼ੀਦਣ ਦੀ ਜ਼ਰੂਰਤ ਨਹੀਂ ਪੈਂਦੀ, ਉਸ ਦੇ ਆਲੇ ਦੁਆਲੇ ਵਿਚ ਪਏ ਬਿਰਤਾਂਤ ਉਸਦੀਆਂ ਕਹਾਣੀਆਂ ਦੀ ਬੁਨਿਆਦ ਬਣਦੇ ਹਨ। ਉਸ ਦੀਆਂ ਕਹਾਣੀਆਂ ਵਿਚਲੇ ਪਾਤਰ ਸਜੀਵ ਅਤੇ ਬਨਾਉਟੀ ਕਲਾਤਮਕ ਪਾਲਸ਼ ਤੋਂ ਰਹਿਤ ਹਨ। ਉਸ ਦੀਆਂ ਤਿੰਨ ਕਿਤਾਬਾਂ ਸਵੈ ਜੀਵਨੀ ਵਜੋਂ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਦੇ ਨਾਮ ਚੰਡੀਗੜ੍ਹ ਵਾਇਆ ਨਵਾਂ ਸ਼ਹਿਰ, ਅਜੇ ਇਹ ਅੰਤ ਨਹੀਂ ਹੋਇਆ, ਇਕ ਸੀ ਹਰਜਿੰਦਰ……. ਇਹ ਤਿੰਨੇ ਹੀ ਕਿਤਾਬਾਂ ਸਿਰਫ ਜਿੰਦਰ ਹੁਰਾਂ ਦੇ ਜੀਵਨ ਪੰਧ ਨੂੰ ਬਿਆਨ ਕਰਦੀਆਂ, ਇਹ ਪੁਸਤਕਾਂ ਉਸ ਦੀ ਸਮੁੱਚੀ ਰਚਨਾਕਾਰੀ ਦੀ ਕੈਨਵਸ ਨੂੰ ਪੈਨੋਰਮਾ ਵਾਂਗ ਸਾਡੀਆਂ ਅੱਖਾਂ ਅੱਗੇ ਘੁੰਮਾ ਦਿੰਦੀਆਂ ਹਨ। ਇਕ ਅਨੁਵਾਦਕ ਵਜੋਂ ਪਾਕਿਸਤਾਨੀ ਸਾਹਿਤ ਦੀ ਉਲਥਾਕਾਰੀ ਕਰਨ ਵਿਚ ਉਸਦਾ ਕੰਮ ਗਿਣਤੀ ਦੇ ਪੱਖ ਤੋਂ ਹੀ ਨਹੀਂ, ਮਿਆਰ ਦੇ ਪੱਖ ਤੋਂ ਵੀ ਆਹਲਾ ਦਰਜੇ ਦਾ ਹੈ। ਸ਼ਬਦ ਮੈਗਜ਼ੀਨ ਦੀ ਸੰਪਾਦਕੀ ਕਰਦਿਆਂ ਉਹ ਵਰਤਮਾਨ ਵਿਚ ਪ੍ਰਕਾਸ਼ਿਤ ਹੋ ਰਹੇ ਪਾਏਦਾਰ ਸਾਹਿਤਿਕ ਰਸਾਲਿਆਂ ਦੇ ਬਰਾਬਰ ਇਸ ਦੇ ਪੱਧਰ ਨੂੰ ਬਣਾਈ ਰੱਖਣ ਵਿਚ ਬਹੁਤ ਮਿਹਨਤ ਕਰ ਰਿਹਾ ਹੈ।
ਇਹ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਕਰਵਾਇਆ ਜਾਵੇਗਾ। ਇਸ ਪੁਰਸਕਾਰ ਵਿਚ ਸਨਮਾਨਿਤ ਹੋਣ ਵਾਲੀ ਹਸਤੀ ਨੂੰ 21000 ਹਜ਼ਾਰ ਰੁਪੈ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਪ੍ਰਦਾਨ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਕਹਾਣੀਕਾਰ ਜਿੰਦਰ ਤੋਂ ਪਹਿਲਾਂ ਪ੍ਰੋ. ਗੁਰਭਜਨ ਗਿੱਲ (2018) ਜਤਿੰਦਰ ਪੰਨੂ (2019) ਦਰਸ਼ਨ ਖਟਕੜ (2020) ਹੰਸਾ ਸਿੰਘ ਨਾਟਕਕਾਰ (2021) ਡਾ. ਅਰਵਿੰਦਰ ਕਾਕੜਾ (2021) ਸੰਤ ਸਿੰਘ ਸੰਧੂ (2022) ਡਾ. ਅਨੂਪ ਸਿੰਘ (2023) ਨੂੰ ਮਿਲ ਚੁੱਕਾ ਹੈ। ਪੰਜਾਬੀ ਦੇ ਸਿਰਮੌਰ ਨਾਵਲਕਾਰ ਬਲਦੇਵ ਸੜਕਨਾਮਾ ਜੀ ਇਸ ਦੇ ਮੁੱਖ ਮਹਿਮਾਨ ਹੋਣਗੇ, ਉਨ੍ਹਾਂ ਦੇ ਨਾਲ ਪ੍ਰੋ. ਗੁਰਭਜਨ ਗਿੱਲ, ਡਾ. ਗੁਰਇਕਬਾਲ ਸਿੰਘ, ਡਾ. ਜੰਗ ਬਹਾਦਰ ਸੇਖੋਂ, ਡਾ. ਹਰਜੀਤ ਸਿੰਘ ਦੁਆਬਾ ਕਾਲਜ, ਕਾਮਰੇਡ ਕੁਲਬੀਰ ਸਿੰਘ ਸੰਘੇੜਾ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਣਗੇ। ਮੰਚ ਸੰਚਾਲਨ ਡਾ. ਗੋਪਾਲ ਸਿੰਘ ਬੁੱਟਰ ਕਰਨਗੇ। ਇਸ ਸਮਾਗਮ ਵਿਚ ਹਰਭਜਨ ਹਲਵਾਰਵੀ ਪਰਿਵਾਰ ਵੱਲੋਂ ਉਨ੍ਹਾਂ ਦੇ ਪਤਨੀ ਸ੍ਰੀਮਤੀ ਪ੍ਰਿਤਪਾਲ ਕੌਰ ਹਲਵਾਰਵੀ ਅਤੇ ਨਿੱਕੇ ਭਰਾ ਡਾ. ਨਵਤੇਜ ਸਿੰਘ ਹਲਵਾਰਵੀ ਵੀ ਹਾਜ਼ਰ ਰਹਿਣਗੇ। ਇਸ ਮੌਕੇ ਹਾਜ਼ਰੀਨ ਕਵੀਆਂ ਤੇ ਆਧਾਰਿਤ ਕਵੀ ਦਰਬਾਰ ਵੀ ਆਯੋਜਿਤ ਕੀਤਾ ਜਾਵੇਗਾ।
Leave a Comment
Your email address will not be published. Required fields are marked with *