ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੀ ਜ਼ਿੰਦਗੀ ਹੈ | ਖ਼ੁਸ਼ੀਆਂ ਦਾ ਪੂਰਾ ਅੰਬਰ ਕਿਸੇ ਕੋਲ ਨਹੀਂ ਹੈ ਕਿ ਮਨੁੱਖ ਜਦੋਂ ਚਾਹੇ ਖ਼ੁਸ਼ੀ ਦਾ ਤਾਰਾ ਤੋੜ ਕੇ ਜ਼ਿੰਦਗੀ ਨੂੰ ਸ਼ਿੰਗਾਰ ਲਵੇ | ਮਨੁੱਖ ਨੇ ਮੌਸਮਾਂ, ਦਿਨਾਂ, ਵਾਤਾਵਰਣ, ਰੀਤੀ-ਰਿਵਾਜ਼, ਰਿਸ਼ਤਿਆਂ-ਨਾਤਿਆਂ, ਸਬੰਧਾਂ, ਮੁਹੱਬਤ, ਪ੍ਰੇਮ, ਮੋਹ, ਲਗਾਵ ਅਤੇ ਪਰੰਪਰਾਵਾਂ ਆਦਿ ਨੂੰ ਮੱਦੇਨਜ਼ਰ ਰੱਖਦੇ ਹੋਏ ਖੁਸ਼ੀਆਂ, ਸਧਰਾਂ, ਚਾਵਾਂ, ਖੇੜਿਆਂ ਆਦਿ ਨੂੰ ਲੱਭਣ ਲਈ ਮੇਲਿਆ, ਤਿਉਹਾਰਾਂ ਨੂੰ ਹੋਂਦ ਵਿਚ ਲਿਆਂਦਾ ਹੈ | ਦੋਸਤੋ, ਅਗਰ ਮਨੁੱਖ ਦੀ ਜ਼ਿੰਦਗੀ ਵਿਚ ਮੇਲਿਆਂ, ਤਿਉਹਾਰਾਂ ਤੇ ਮਹੱਤਵਪੂਰਨ ਦਿਨਾਂ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਸਾਰੀ ਜ਼ਿੰਦਗੀ ਨੀਰਸ ਜਿਹੀ, ਫਿਕੀ ਜਿਹੀ ਤੇ ਬੇ-ਸੁਆਦੀ ਜਿਹੀ ਹੋ ਕੇ ਰਹਿ ਜਾਏ | ਮਨੁੱਖ ਦੀ ਜ਼ਿੰਦਗੀ ਵਿਚ ਖੂਬਸੂਰਤੀਆਂ, ਜੀਣ ਦੀ ਨਵੀਂ ਉਮੰਗ, ਇਕ ਲਲਕ, ਇਕ ਇੱਛਾ ਪੈਦਾ ਕਰਦੇ ਹਨ ਮੇਲੇ ਤੇ ਤਿਉਹਾਰ |
ਲੋਹੜੀ ਸ਼ਬਦ ‘ਲੋਹੀ’ ਤੋਂ ਬਣਿਆ ਜਿਸ ਦਾ ਮਤੱਲਬ ਹੈ ਮੀਂਹ ਪੈਣਾ, ਫਸਲਾਂ ਦਾ ਫੁੱਟਣਾ | ਇਕ ਕਹਾਵਤ ਹੈ ਮੀਂਹ ਵਸੇ ਲੋਹੀ ਇਕੋ ਜਿਹੀ ਹੋਈ | ਇਕ ਹੋਰ ਕਹਾਵਤ ਲੋਹੜੀ ਦੇ ਅਰਥ ਖੋਲ੍ਹਦੀ ਹੈ ‘ਜੇ ਮੀਂਹ ਨਾ ਪਵੇ ਲੋਹੜੀ ਤਾਂ ਹਾੜੀ ਲਗੂ ਕੋਹੜੀ, ਭਾਵ ਕਿ ਜਦੋਂ ਲੋਹੜੀ ਦੇ ਮੌਕੇ ‘ਤੇ ਮੀਂਹ ਨਾ ਪਵੇ ਤਾਂ ਖੇਤੀ ਦਾ ਨੁਕਸਾਨ ਹੁੰਦਾ ਹੈ |
ਪਰੰਪਰਾ ਦੇ ਗੁਲਸ਼ਨ ‘ਚੋਂ ਹੀ ਜਨਮ ਲੈਂਦਾ ਹੈ ਲੋਹੜੀ ਦਾ ਪਵਿੱਤਰ ਤਿਉਹਾਰ | ਇਹ ਤਿਉਹਾਰ ਮੌਸਮ ਦੀ ਤਬਦੀਲੀ, ਫਸਲਾਂ ਦੀ ਪੂੰਗਰਨ ਅਤੇ ਕਈ ਇਤਿਹਾਸਕ ਤੇ ਮਿਤਿਹਾਸਕ ਦੰਦ ਕਥਾਵਾਂ ਨਾਲ ਜੁੜਿਆ ਹੋਇਆ ਹੈ | ਮੁੱਖ ਤੌਰ ‘ਤੇ ਭਾਰਤ ਦਾ ਪ੍ਰਸਿੱਧ ਪੰਜਾਬ ਰਾਜ ਖੇਤੀਬਾੜੀ ਪ੍ਰਧਾਨ ਰਾਜ ਹੈ | ਇਸ ਕਰਕੇ ਕਿਸਾਨਾਂ, ਜ਼ਿੰਮੀਦਾਰਾਂ ਤੇ ਮਜ਼ਦੂਰਾਂ ਦੀ ਮਿਹਨਤ ਨਾਲ ਮੇਲ ਖਾਂਦਾ ਹੋਇਆ ਲੋਹੜੀ ਦਾ ਤਿਉਹਾਰ ਖੁਸ਼ੀਆਂ ਰੀਝਾਂ ਨੂੰ ਸਰਦੀ ਦੀ ਜਵਾਨ ਰੁੱਤ ਵਿਚ ਕਿਰਤੀਮਾਨ ਕਰਦਾ ਹੈ | ਲੋਹੜੀ ਸਭ ਮਜ਼ਹਬਾਂ, ਧਰਮਾਂ ਲਈ ਏਕਤਾ ਦਾ ਪ੍ਰਤੀਕ, ਪਿਆਰ ਮੁਹੱਬਤ, ਸਾਂਝੀਵਾਲਤਾ, ਮਿਲਵਰਤਨ, ਸਦਭਾਵਨਾਂ, ਰਿਸ਼ਤਿਆਂ ਦੀ ਮਿਠਾਸ ਵਾਲਾ ਤੇ ਸਭਿਆਚਾਰ ਦਾ ਇਕ ਸੁੰਦਰ ਉਪਹਾਰ ਹੈ |
ਲੋਹੜੀ ਮਾਘ ਮਹੀਨੇ ਦੀ ਸੰਗਰਾਂਦ ਤੇ ਪਹਿਲੀ ਰਾਤ ਨੂੰ ਮਨਾਈ ਜਾਂਦੀ ਹੈ | ਕਿਸਾਨ ਹਾੜੀ ਦੀਆਂ ਫਸਲਾਂ ਬੀਜ ਦੇ ਵਿਹਲਾ ਹੈ ਚੁਕਿਆ ਹੁੰਦਾ ਹੈ ਤੇ ਇਸ ਤਿਉਹਾਰ ਨੂੰ ਚਾਵਾਂ, ਸਧਰਾਂ ਨਾਲ ਮਨਾਉਂਦਾ ਹੈ ਜਿਸ ਘਰ ਵਿਚ ਲੜਕਾ ਜੰਮਿਆ ਹੋਵੇ ਉਸ ਦੀ ਸ਼ਗਨਾਂ ਨਾਲ, ਖੁਸ਼ੀਆਂ ਨਾਲ ਲੋਹੜੀ ਪਾਈ ਜਾਂਦੀ ਹੈ | ਬੈਂਡ-ਵਾਜੇ ਵਜਾਏ ਜਾਂਦੇ ਹਨ | ਬਾਜ਼ੀਗਰਨਾ, ਗਲੋਲਨੀਆਂ ਅਤੇ ਭੰਡ ਰਿਸ਼ਤਿਆਂ, ਨਾਤਿਆਂ ਦੇ ਗੀਤ ਅਤੇ ਟੱਪੇ ਆਦਿ ਸੁਣਾ ਕੇ ਹਾਸ ਵਿਅੰਗ ਦੇ ਮਖੋਲ-ਗਾਇਣ ਸੁਣਾ ਕੇ ਆਪਣੀ ਬਣਦੀ ਲੋਹੜੀ (ਵਧਾਈ) ਬਟੋਰ ਕੇ ਲੈ ਜਾਂਦੇ ਹਨ | ਇਸ ਦਿਨ ਹਰ ਘਰ ਵਿਚ ਮੂੰਗਫਲੀ, ਰਿਉੜੀਆਂ, ਚਿੜਵੜੇ, ਗਚਕ, ਭੁੱਗਾ, ਤਿੱਲ ਚੋਲੀ, ਮੱਕੀ ਦੇ ਫੁੱਲੇ ਭੁੱਜੇ ਦਾਣੇ, ਗੁੜ, ਫੱਲ ਆਦਿ ਲੋਹੜੀ ਵੰਡਣ ਲਈ ਰੱਖੇ ਜਾਂਦੇ ਹਨ | ਗੰਨੇ ਦੀ ਰਹੁ (ਰਸ) ਦੀ ਖੀਰ ਬਣਾਈ ਜਾਂਣੀ ਹੈ | ਦਹੀ ਦੇ ਨਾਲ ਇਸ ਦਾ ਆਪਣਾ ਹੀ ਸੁਆਦ ਹੁੰਦਾ ਹੈ | ਇਸ ਨਵ-ਜੰਮੇ ਬੱਚੇ ਦੀ ਲੋਹੜੀ ਪਾਈ ਜਾਂਦੀ ਹੈ | ਦਾਦਕੇ, ਨਾਨਕੇ, ਰਿਸ਼ਤੇਦਾਰ ਉਸ ਲਈ ਸੁੰਦਰ ਕਪੜੇ, ਖਿਡਾਉਣੇ ਅਤੇ ਜੇਵਰਾਤ ਆਦਿ ਬਣਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ | ਖਾਸ ਕਰਕੇ ਬੱਚੇ ਨੂੰ ਸੋਨੇ ਦਾ ਕੜਾ ਪਾਉਣਾ ਸ਼ੁਭ ਸਮਝਿਆ ਜਾਂਦਾ ਹੈ |
ਅੱਜ ਕੱਲ ਲੜਕੀਆਂ ਦੇ ਜੰਮਨ ਦੀ ਖੁਸ਼ੀ ਵੀ ਉਨੇ ਹੀ ਪ੍ਰੇਮ ਅਤੇ ਸਧਰਾਂ, ਚਾਵਾਂ ਨਾਲ ਮਨਾਈ ਜਾਂਦੀ ਹੈ | ਵਿਕਸਿਤ ਅਤੇ ਉਨਤ ਪਰਿਵਾਰਾਂ ਵਿਚ ਲੜਕੀਆਂ ਦੀ ਲੋਹੜੀ ਪਾਈ ਜਾਂਦੀ ਹੈ ਅਤੇ ਲੜਕੇ ਨਾਲੋਂ ਵੱਧ ਚਾਅ, ਖੁਸ਼ੀਆਂ ਲੜਕੀ ਦੀ ਲੋਹੜੀ ਤੇ ਕਰਦੇ ਹਨ | ਜਿਸ ਲੜਕੀ ਦੀ ਲੋਹੜੀ ਪਾਈ ਜਾਵੇ, ਰਿਸ਼ਤੇਦਾਰ ਉਸ ਨੂੰ ਗਹਿਣੇ ਅਤੇ ਖਾਸ ਕਰਕੇ ਪੈਰ੍ਹਾਂ ਦੀਆਂ ਝਾਂਜਰਾ ਦੇਣਾ ਸੁਭ ਸ਼ਗੁਨ ਸਮਝਦੇ ਹਨ | ਇਸ ਦਿਨ ਘਰਾਂ ਦੇ ਵਿਹੜਿਆਂ ਵਿਚ, ਸੰਸਥਾਵਾਂ ਵਿਚ, ਸੱਥਾਂ, ਮੁਹੱਲਿਆਂ, ਬਜਾਰਾਂ ਆਦਿ ਵਿਚ ਲੰਬੀਆਂ ਲਕੜਾਂ ਦਾ ਢੇਰ ਬਣਾ ਕੇ ਜਾਂ ਗੋਏ ਦੀਆਂ ਪਾਥੀਆਂ ਅਤੇ ਟੱਕਲਿਆਂ ਦਾ ਢੇਰ ਬਣਾ ਕੇ ਉਸ ਦੀ ਅਗੱਨੀ ਦੇ ਸੇਕ ਦਾ ਲੁਤੱਫ ਲਿਆ ਜਾਂਦਾ ਹੈ ਚਾਰ-ਚੁਫੇਰੇ ਪਸਰੀ ਠੰਡ ਅਤੇ ਰੂੰ ਵਾਂਗ ਫੈਲ੍ਹੀ ਧੂੰਦ ਵਿਚ ਸੇਕ ਦਾ ਆਪਣਾ ਹੀ ਇਕ ਆਨੰਦ ਹੁੰਦਾ ਹੈ | ਇਸ ਅੱਗਨੀ ਵਿਚ ਤਿੱਲ ਆਦਿ ਸੁਟਦੇ ਹਨ | ਘਰਾਂ ਵਿਚ ਸਾਰੇ ਦਾ ਸਾਰਾ ਪਰਿਵਾਰ ਬੈਠ ਕੇ ਖੁਸ਼ੀ ਦੀ ਅਭਿਵਿਅਕਤੀ ਲਈ ਗੀਤ, ਟੱਪੇ ਗਾਉਂਦੇ ਹਨ | ਦੇਰ ਰਾਤ ਤੱਕ ਢੋਲਕੀ ਦੀ ਆਵਾਜ਼, ਢੋਲ ਦੇ ਫੜੱਕਦੇ ਤਾਲ, ਗਿੱਧੇ ਦੀ ਧਮਕ ਅਤੇ ਗੀਤਾਂ ਦੀ ਲੈ ਸੁਣਾਈ ਦਿੰਦੀ ਰਹਿੰਦੀ ਹੈ | ਰਿਸ਼ਤਿਆਂ ਦੀ ਖੁਸ਼ਬੂਅ, ਮੋਹ, ਮਮਤਾ ਅਤੇ ਪਿਆਰ ਦਾ ਨਜ਼ਾਰਾ ਚਹੁੰ ਪਾਸੇ ਪਸਰਿਆ ਨਜ਼ਰ ਆਉਂਦਾ ਹੈ | ਇਕ ਸੰਪੂਰਨ ਖੁਸ਼ੀ ਦਾ ਆਲਮ |
ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਪ੍ਰਚਲਿਤ ਹਨ | ਦੱਸਿਆ ਜਾਂਦਾ ਹੈ ਕਿ ਦੁੱਲਾ ਭੱਟੀ ਇਕ ਡਾਕੂ ਹੋਇਆ ਏ | ਉਹ ਜ਼ਾਲਮਾਂ, ਬੇਇਮਾਨਾਂ ਅਤੇ ਧੋਖੇਬਾਜ਼ ਲੋਕਾਂ ਨੂੰ ਹੀ ਲੁੱਟਦਾ ਸੀ | ਦੀਨ-ਦੁੱਖੀਆ, ਬੇ-ਸਹਾਰਿਆਂ, ਲੋੜਵੰਦਾਂ ਅਤੇ ਗ਼ਰੀਬਾਂ ਦੀ ਖੁਲ੍ਹ ਕੇ ਮਦਦ ਕਰਦਾ ਹੈ | ਇਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਸਨ | ਉਹ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਦਾ | ਦੁੱਲੇ ਭੱਟੀ ਨੇ ਉਨ੍ਹਾਂ ਗ਼ਰੀਬ ਲੜਕੀਆਂ ਦੀ ਸ਼ਾਦੀ ਕਰਵਾਈ ਅਤੇ ਮੌਕੇ ‘ਤੇ ਉਸ ਕੋਲ ਜੋ ਬਣਦਾ-ਸਰਦਾ ਸੀ ਉਨ੍ਹਾਂ ਲੜਕੀਆਂ ਦੀ ਝੋਲੀ ਵਿਚ ਪਾਇਆ | ਸੁੰਦਰੀ-ਮੁੰਦਰੀ ਦੀ ਸ਼ਾਦੀ, ਰਾਤ ਦੇ ਸਮੇਂ ਲੱਕੜਾਂ ਦੀ ਅੱਗ ਬਾਲ ਕੇ ਉਨ੍ਹਾਂ ਦੇ ਆਲੇ-ਦੁਆਲੇ ਫੇਰੇ ਕਰਵਾਏ ਤੇ ਇਕ ਬਾਪ ਦੇ ਫਰਜ਼ ਨਿਭਾਉਂਦੇ ਹੋਏ ਦੁੱਲਾ ਭੱਟੀ ਨੇ ਉਨ੍ਹਾਂ ਦੀ ਦੋਵਾਂ ਦੀ ਝੋਲੀ ਵਿਚ ਸ਼ੱਕਰ ਪਾਈ | ਇਸ ਸਬੰਧ ਵਿਚ ਅੱਜ ਵੀ ਇਕ ਪ੍ਰਚਲਿਤ ਹੈ | ਸੁੰਦਰ ਮੁੰਦਰੀਏ, ਹੋ, ਤੇਰਾ ਕੌਣ ਵਿਚਾਰਾ, ਹੋ ਦੁੱਲਾ ਭੱਟੀ ਵਾਲਾ, ਹੋ, ਦੁੱਲੇ ਨੇ ਧੀ ਵਿਆਹੀ, ਹੋ ਸ਼ੇਰ ਸ਼ੱਕਰ ਆਈ, ਹੋ, ਕੁੜੀ ਦੇ ਬੋਝੇ ਪਾਈ, ਹੋ, ਕੁੜੀ ਦਾ ਲਾਲ ਪਟਾਕਾ ਹੋ, ਕੁੜੀਦਾ ਸ਼ਾਲੂ ਪਾਟਾ, ਹੋ, ਸ਼ਾਲੂ ਕੌਣ ਸਮੇਟੇ, ਹੋ, ਚਾਚਾ ਗਾਲੀ ਦੇਸੇ, ਹੋ, ਚਾਚੇ ਚੁਰੀ ਕੁੱਟੀ, ਹੋ, ਜ਼ਿੰਮੀਦਾਰਾਂ ਲੁਟੀ, ਹੋ, ਜ਼ਿਮੀਦਾਰ ਸਦਾਓ, ਹੋ, ਗਿਣਸ਼ਗਿਣ ਪੋਲੇ ਲਾਉ, ਇਕ ਪੌਲਾ ਘਸ ਗਿਆ, ਜ਼ਿਮੀਦਾਰ ਵਹੁਟੀ ਲੈਕੇ ਨਸ ਗਿਆ, ਹੋ,ਹੋ,ਹੋ,ਹੋ,ਹੋ,ਹੋ,ਹੋ, ਸ਼,ਸ਼
ਲੋਹੜੀ ਵਾਲੇ ਦਿਨ ਬਜ਼ੁਰਗ ਲੋਕ ਸੁੰਦਰੀ-ਮੁੰਦਰੀ ਦੀ ਕਥਾ ਵੀ ਸੁਣਾਉਂਦੇ ਹਨ ਕਿ ਕਿਸ ਤਰ੍ਹਾਂ ਦੁੱਲਾ ਭੱਟੀ ਡਾਕੂ ਨੇ ਗ਼ਰੀਬ ਲੜਕੀਆਂ ਦਾ ਵਿਅਹ ਕਰਕੇ ਆਪਣਾ ਧਰਮ ਨਿਭਾਇਆ | ਲੋਹੜੀ ਦੇ ਕਈ ਪਰੰਪਰਾਵਾਦੀ ਗੀਤ ਪ੍ਰਚਲਿਤ ਹਨ ਜਿਵੇਂ
ਲੋਹੜੀ ਬਣੀ ਲੋਹੜੀ, ਦਿਉ ਗੁੜ ਦੀ ਰੋੜੀ, ਵਈ ਰੋੜੀ, ਕਲਮਦਾਨ ਵਿਚ ਘਿਉ, ਜੀਵੇ ਮੁੰਡੇ ਦਾ ਪਿਉ, ਕਲਮਦਾਨ ਵਿਚ ਕਾਂ, ਜੀਵੇ ਮੁੰਡੇ ਦੀ ਮਾਂ, ਕਲਮਦਾਨ ਵਿਚ ਕਾਨਾ, ਜੀਵੇ ਮੁੰਡੇ ਦਾ ਨਾਨਾ, ਕਲਮਦਾਨ ਵਿਚ ਕਾਨੀ, ਜੀਵੇ ਮੁੰਡੇ ਦੀ ਨਾਨੀ |
ਲੜਕੇ ਲੜਕੀਆਂ ਵੀ ਇਸ ਦਿਨ ਲੋਹੜੀ ਮੰਗਦੇ ਹਨ | ਟੋਲੀਆਂ ਬਣਾ ਕੇ ਲੋਹੜੀ ਮੰਗਣ ਦਾ ਆਪਣਾ ਹੀ ਇਕ ਮਜ਼ਾ ਹੈ | ਭਾਵੇਂ ਲੋਹੜੀ ਦੇ ਗੀਤ ਅਲੋਪ ਹੁੰਦੇ ਜਾ ਰਹੇ ਹਨ ਪਰ ਪੁਰਾਣੇ ਬਜ਼ੁਰਗਾਂ ਨੂੰ ਅਜੇ ਵੀ ਇਹ ਗੀਤ ਜੁਬਾਨੀ ਯਾਦ ਹੈ | ਜਿਵੇਂ- ਕੋਠੀ ਹੇਠ ਚਾਕੂ, ਗੁੜ ਦੇਊ ਮੁੰਡੇ ਦਾ ਬਾਪੂ, ਕੋਠੀ ਉਤੇ ਕਾਂ, ਗੁੜ ਦੇਵੇ ਮੁੰਡੇ ਦੀ ਮਾਂ | ਨਵ ਵਿਆਹੁਤਾ ਜੋੜੇ ਲਈ ਲੋਹੜੀ ਦੇ ਗੀਤ ਬੋਲ ਕੇ ਲੋਹੜੀ ਮੰਗੀ ਜਾਂਦੀ ਹੈ ਜਿਵੇਂ ।ਸੀ ਟਾਂਡਾ-ਟਾਂਡਾ ਨੀ ਲਕੜੀਓ ਟਾਂਡਾ ਸੀ, ਇਸ ਟਾਂਡੇ ਨਾਲ ਕਲੀਰਾ ਸੀ, ਜੁੱਗ ਜੀਵੇ ਨੀ ਬੀਬੀ ਤੇਰਾ ਵੀਰ ਸੀ, ਇਸ ਵੀਰ ਦੀ ਵੇਲ੍ਹ ਵਧਾਈ ਸੀ | ਘਰ ਚੂੜ੍ਹੇ-ਤੇ ਬੀੜ੍ਹੇ ਵਾਲੀ ਆਈ ਸੀ, ਚੂੜਾ ਬੀੜਾ ਵਜੇ ਨੀ, ਸਰੀਕਣੀਆਂ ਨੂੰ ਸੱਦੇ ਨੀ, ਸਰੀਕਣੀਆਂ ਮਾਰੇ ਬੋਲ, ਤੇਰਾ ਨਿੱਕਾ ਜੀਵੇ, ਤੇਰਾ ਵੱਡਾ ਜਿਵੇ, ਵੱਡ ਵਡੇਰਾ ਜੀਵੇ, ਗੁੜ ਦੀ ਰੋੜੀ ਜੀਵੇ, ਭਾਈਆਂ ਦੀ ਜੋੜੀ ਜੀਵੇ |
ਘਰ ਵਾਲੇ ਜਲਦੀ ਉਧਾਈ ਨਾ ਦੇਣ ਤਾਂ ਕੁੜੀਆਂ ਇਹ ਗੀਤ ਬੋਲਦੀਆਂ ਹਨ | ਸਾਡੇ ਪੈਰ੍ਹਾ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ, ਸਾਡੇ ਪੈਰਾਂ ਹੇਠ ਦਹੀ, ਅਸੀਂ ਹਿਲਣਾ ਵੀ ਨਹੀਂ, ਸਾਡੇ ਪੈਰ੍ਹਾਂ ਹੇਠ ਪਰਾਤ, ਸਾਨੂੰ ਉਤੋਂ ਪੈ ਗਈ ਰਾਤ, ਮੁੰਡਾ ਜੰਮਨ ਤੇ ਕੁੜੀਆਂ ਹਾਸੇ ਮਜ਼ਾਕ ਵਿਚ ਉਸ ਦੇ ਪਰਿਵਾਰ ਨੂੰ ਇਸ ਗੀਤ ਨਾਲ ਸੰਬੋਧਨ ਕਰਦੀਆਂ ਹਨ | ਗੀਗਾ ਤੱਕੜੀ ਦਾ ਛਾਬਾ, ਵੇ ਲੜਾਕਾ ਤੇਰਾ ਬਾਬਾ, ਗੀਤਾ ਤੱਤਾ-ਤੱਤਾ ਘਿਉ, ਵੇ ਲੜਾਕਾ ਤੇਰਾ ਪਿਉ, ਗੀਗਾ ਗੋਰੀ ਗੋਰੀ ਗਾਂ, ਵੇ ਲੜਾਕੀ ਤੇਰੀ ਮਾਂ | ਇਸ ਤਰ੍ਹਾਂ ਕੁਝ ਹੋਰ ਗੀਤ ਜਿਵੇਂ ਕੁਪੀਏ ਨੀ ਕੁਪੀਏ, ਅਸਮਾਨ ਤੇ ਲੁਟੀਏ, ਅਸਮਾਨ ਪੁਰਾਣਾ, ਛਿੱਕ ਬੰਨ੍ਹ ਤਾਣਾ, ਲੰਗਰੀ ‘ਚ ਦਾਲ, ਮਾਰ ਮੱਥੇ ਨਾਲ, ਮੱਥਾ ਤੇਰਾ ਵੱਡਾ, ਲਿਆ ਲਕੜੀਆਂ ਦਾ ਗੱਡਾ | ਲੋਹੜੀ ਵਾਲੇ ਦਿਨ ਮੁੰਡੇ ਸਵਾਂਗ ਬਣਕੇ ਨੱਚਦੇ-ਨੱਚਦੇ ਵੀ ਲੋਹੜੀ (ਵਧਾਈ) ਮੰਗਦੇ ਹਨ |
ਲੋਹੜੀ ਤੋਂ ਦੂਸਰੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ | ਪੋਹ ਦੇ ਮਹੀਨੇ ਕਾਫੀ ਠੰਢ ਪੈਂਦੀ ਹੈ | ਇਸ ਮਹੀਨੇ ਵਿਚ ਵਿਆਹ ਨਹੀਂ ਕੀਤੇ ਜਾਂਦੇ | ਮਾਘ ਦੇ ਮਹੀਨੇ ਵਿਚ ਸਰਦੀ ਤਾਂ ਹੁੰਦੀ ਹੈ ਪਰ ਵਿਆਹ ਜ਼ਿਆਦਾ ਇਸ ਮਹੀਨੇ ਦੀ ਕੀਤੇ ਜਾਂਦੇ ਹਨ | ਇਸ ਮਹੀਨੇ ਹੀ ਪੁੰਨ ਦਾਨ ਕਰਨਾ, ਖਾਸ ਕਰਕੇ ਲੜਕੀਆਂ ਦੀ ਸ਼ਾਦੀ ਕਰਨਾ, ਉਚਿਤ ਸਮਝਿਆ ਜਾਂਦਾ ਹੈ | ਗ੍ਰਹਿ ਅਤੇ ਨਸ਼ੱਤਰਾਂ ਦੇ ਹਿਸਾਬ ਮਾਘ ਦੇ ਪਹਿਲਾ ਮੰਗਣੀਆਂ, ਮੁਕਲਾਵੇ, ਸ਼ਗੁਨ ਆਦਿ ਲਈ ਸ਼ੁਭ ਸਮਝਿਆ ਜਾਂਦਾ ਹੈ | ਇਸ ਮਹੀਨੇ ਵਿਚ ਨੌਜਵਾਨ ਨੂੰ ਸੰਤੁਲਤ ਖ਼ਰਾਕ ਖਾਣੀ ਚਾਹੀਦੀ ਹੈ ਜੋ ਫਾਇਦੇਮੰਦ ਹੁੰਦੀਹੈ | ਰਜ਼ਾਈ ਦਾ ਨਿੱਘ, ਗੰਨੇ ਦਾ ਰਸ, ਮੂਲੀਆਂ, ਗਾਜਰਾਂ ਆਦਿ ਖਾਣ ਦਾ ਮਜ਼ਾ ਹੀ ਇਸ ਮਹੀਨੇ ਹੁੰਦਾ ਹੈ | ਪਹੁ ਫੁਟਾਲੇ ਉਠ ਕੇ ਬਾਜਰੇ ਦੀ ਖਿਚੜੀ, ਸਰੋ੍ਹ ਦਾ ਸਾਗ, ਜਵਾਰ ਦੀ ਰੋਟੀ ਅਤੇ ਮੱਖਣ ਆਦਿ ਖ਼ਾਣ ਦਾ ਆਪਣਾ ਸੁਆਦ ਹੁੰਦਾ ਹੈ | ਤੇ ਮਾਘੀ ਦਾ ਮੇਲਾ ਪੰਜਾਬ ਵਿਚ ਅਨੇਕਾਂ ਥਾਵਾਂ ‘ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਖਾਸ ਕਰਕੇ ਲੋਹੜੀ ਦਾ ਤਿਉਹਾਰ ਮੁਕਤਸਰ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ |
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਬਾਣੀ ਬਾਰਹ ਮਾਹਾ ਵਿਚ ਵੀ ਮਾਘ ਮਹੀਨੇ ਦੀ ਇੰਜ ਉਸਤਤ ਕੀਤੀ ਹੈ | ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ | ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੇ ਕਰਿ ਦਾਨੁ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨ ਕਾਮਿ ਕਰੋਧਿ ਨਾ ਮੋਹੀਐ ਬਿਨਸੈ ਲੋਭੁ ਸੁਆਨੁ ਸਚੈ ਮਾਰਗਿ ਚਲਦਿਆ ਉਸਤਿਤ ਕਰੇ ਜਹਾਨ ਅਠਸਠਿ ਤੀਰਥ ਸਗਲ ਪੁੰਨ ਜੀਆ ਦਇਆ ਪਰਵਾਨੁ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ |
ਸ੍ਰੀ ਕ੍ਰਿਸ਼ਨ ਭਗਵਾਨ ਨੇ ਵੀ ਗੀਤਾ ਦੇ ਅੱਠਵੇਂ ਅਧਿਆਇ ਵਿਚ ਵੀ ਮਾਘ ਮਹੀਨੇ ਦੀ ਉਸਤਤ ਕੀਤੀ ਹੈ | ਦੁਨੀਆਂ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਧਾਰਮਿਕ ਸਥਾਨ ਪ੍ਰਯਾਗ ਤੀਰਥ ਵਿਖੇ ਸਾਧੂ ਮਹਾਤਮਾ ਲੋਕ ਇਥੇ ਪ੍ਰਕਲਪ ਕਰਦੇ ਹਨ | ਭਾਵ ਕਿ ਇਕ ਮਹੀਨੇ ਤੱਕ ਸਾਧਨਾ ਕਰਦੇ ਹਨ | ਮਾਘ ਮਹੀਨੇ ਤੋਂ ਅੱਗਲੇ 6 ਮਹੀਨੇ ਤੱਕ ਸਾਧੂ ਮਹਾਤਮਾ ਲੋਕ ਜੋ ਤਪੱਸਿਆ ਕਰਦੇ ਹਨ, ਉਸ ਨੂੰ ੳਤਰਾਇਨਮ ਕਹਿੰਦੇ ਹਨ |
ਲੋਹੜੀ ਦਾ ਤਿਉਹਾਰ ਭਾਰਤ ਵਿਚ ਹੀ ਨਹੀਂ | ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਧੂੰਮ-ਧਮ ਤੇ ਸ਼ਰਧਾ ਨਾਲ ਮੰਨਾਉਂਦੇ ਹਨ | ਸ਼ਾਲਾ, ਲੋਹੜੀ ਭਾਰਤ ਨੂੰ ਖੁਸ਼ੀਆਂ, ਸ਼ਾਂਤੀ, ਤਰੱਕੀ, ਭਾਈਚਾਰਾ, ਸਦਭਾਵਨਾ ਅਤੇ ਵੱਖ-ਵੱਖ ਧਰਮਾਂ ਦੇ ਖਿੜਦੇ ਤਾਰਿਆਂ ਨੂੰ ਇਕ ਮਾਨਵਤਾ ਦੇ ਅੰਬਰ ਦੇ ਧਾਗੇ ਵਿਚ ਭਰੋਕੇ ਰੱਖੇ | ਜਿਸ ਤੇ ਸਾਂਝੀ ਵਾਲਤਾ ਦੇ ਰਿਸ਼ਤੇ ਦੀ ਖੂਸ਼ਬੂਅ ਹਮੇਸ਼ਾ-ਹਮੇਸ਼ਾ ਆਉਂਦੀ ਰਹੇ |
ਬਲਵਿੰਦਰ ਬਾਲਮ
ਓਾਕਾਰ ਨਗਰ ਗੁਰਦਾਸਪੁਰ
ਮੋ. ਫੋਨ ਨੰ. 98156-25409