ਫਰੀਦਕੋਟ 16 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਲੰਮੇ ਸਮੇਂ ਤੋਂ ਆਈ.ਟੀ.ਆਈ. ਫਰੀਦਕੋਟ ਦੀ ਤਰਸਯੋਗ ਹਾਲਤ ਦੇ ਚੱਲਦਿਆਂ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਦੇ ਉਪਰਾਲਿਆਂ ਸਦਕਾ ਹੁਣ ਇਸ ਉਦਯੋਗਿਕ ਸਿਖਲਾਈ ਕੇਂਦਰ ਦੀ ਨੁਹਾਰ ਬਦਲੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸੇਖੋਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਨਵੀਆਂ ਲੀਹਾਂ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਕਰੋੜ 13 ਲੱਖ 25 ਹਜਾਰ ਦੀ ਲਾਗਤ ਨਾਲ ਐਡਮਿਨਿਸਟਰੇਟਿਵ ਬਲਾਕ ਅਤੇ ਪੁਰਾਣੀ ਵਰਕਸ਼ਾਪ ਬਲਾਕ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਨਵੇਂ ਹਾਲ ਦੀ ਉਸਾਰੀ ਕੀਤੀ ਜਾਵੇਗੀ। ਇਹ ਕੰਮ 9 ਮਹੀਨਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਆਈ.ਟੀ.ਆਈ. ਵਿੱਚ ਦਸਵੀਂ ਅਤੇ ਬਾਰਵੀਂ ਤੋਂ ਉਪਰੰਤ ਬੱਚੇ ਦਾਖਲਾ ਲੈ ਕੇ ਕਿੱਤਾਮੁਖੀ ਕੋਰਸ ਕਰਦੇ ਹਨ, ਜਿਸ ਨਾਲ ਉਹ ਫੈਕਟਰੀਆਂ, ਵੱਡੀਆਂ ਉਦਯੋਗਿਕ ਇਕਾਈਆਂ ਅਤੇ ਆਪਣਾ ਖੁਦ ਦਾ ਕੰਮ ਵੀ ਸ਼ੁਰੂ ਕਰ ਸਕਦੇ ਹਨ। ਉਹਨਾਂ ਹੈਰਾਨੀ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਵਿੱਦਿਅਕ ਸੰਸਥਾਵਾਂ ਵੱਲ ਕਿਉਂ ਧਿਆਨ ਨਹੀਂ ਦਿੱਤਾ। ਉਹਨਾ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਇਸ ਆਈ.ਟੀ.ਆਈ ’ਚ ਪੜ੍ਹ ਕੇ ਅਤੇ ਕੰਮ ਸਿੱਖ ਕੇ ਛੋਟੀਆਂ-ਵੱਡੀਆਂ ਵਰਕਸ਼ਾਪਾਂ, ਬਿਜਲੀ ਮਹਿਕਮੇ ਅਤੇ ਆਪਣਾ ਖੁਦ ਦਾ ਕੰਮ ਕਰਨ ਲਈ ਨੌਜਵਾਨ ਪੂਰੀ ਇਕਾਗਰਤਾ ਤੇ ਮਿਹਨਤ ਨਾਲ ਇਸ ਸੰਸਥਾ ਤੋਂ ਲਾਭ ਉਠਾਉਣਗੇ।
Leave a Comment
Your email address will not be published. Required fields are marked with *