ਦੀਵਾਲੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਉਸ ਦੇ ਨਾਲ ਹੀ ਲੋਕਾਂ ਵੱਲੋਂ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ ਦੀ ਸਾਫ਼ ਸਫ਼ਾਈ ਅਤੇ ਲਿੱਪਾ ਪੋਚੀ ਕੀਤੀ ਜਾ ਰਹੀ ਹੈ।ਕੋਈ ਇਹ ਗੱਲ ਨਹੀਂ ਕਿ ਦੀਵਾਲੀ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੀ ਸਾਫ਼ ਸਫ਼ਾਈ ਨਹੀਂ ਕਰਦੇ। ਸਾਫ਼ ਸਫ਼ਾਈ ਤਾਂ ਸਾਨੂੰ ਸਮੇਂ ਸਮੇਂ ਤੇ ਕਰਦੇ ਰਹਿਣੀ ਚਾਹੀਦੀ ਹੈ, ਜੋ ਅਸੀਂ ਕਰਦੇ ਵੀ ਰਹਿੰਦੇ ਹਾਂ ਪਰੰਤੂ ਦੀਵਾਲੀ ਦੇ ਮੌਕੇ ਤੇ ਕੀਤੀ ਸਫ਼ਾਈ ਦਾ ਆਪਣਾ ਹੀ ਆਨੰਦ ਅਤੇ ਇੱਕ ਰਾਜ਼ ਛੁਪਿਆ ਹੁੰਦਾ ਹੈ। ਜਿਵੇਂ ਕਿਸੇ ਵਿਆਹ ਵਾਲੇ ਘਰ ਵਿੱਚ ਸਾਫ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਆਏ ਗਏ ਰਿਸ਼ਤੇਦਾਰਾਂ ਨੂੰ ਘਰ ਸੁੰਦਰ ਦਿਖੇ, ਬਿਲਕੁਲ ਉਸੇ ਤਰਾਂ ਹੀ ਅਸੀਂ ਦੀਵਾਲੀ ਤੇ ਕਰਦੇ ਹਾਂ ਤਾਂ ਕਿ ਦੀਵਾਲੀ ਮੌਕੇ ਸਾਡਾ ਘਰ ਵੀ ਵਿਲੱਖਣ ਅਤੇ ਸਾਰਿਆਂ ਤੋਂ ਸੋਹਣਾ ਲੱਗੇ। ਅਸੀਂ ਹਰ ਸਾਲ ਦੀਵਾਲੀ ਮਨਾਉਂਦੇ ਹਾਂ।ਆਏ ਸਾਲ ਦੀਵਾਲੀ ਆਪਣੇ ਸਮੇਂ ਤੇ ਆ ਜਾਂਦੀ ਹੈ ਪਰੰਤੂ ਤਿਉਹਾਰਾਂ ਦੇ ਰੰਗ ਦਿਨੋਂ ਦਿਨ ਫਿੱਕੇ ਪੈ ਰਹੇ ਹਨ, ਜਿਹਨਾਂ ਪਿੱਛੇ ਬਹੁਤ ਮਹੱਤਵਪੂਰਨ ਕਾਰਨ ਛੁਪੇ ਹੋਏ ਹਨ ਆਉ ਇੱਕ ਇੱਕ ਕਰਕੇ ਇਹਨਾਂ ਤੇ ਚਰਚਾ ਕਰੀਏ।
1.ਵਾਤਾਵਰਨ ਦੀ ਸਰੁੱਖਿਆ – ਦੀਵਾਲੀ ਵਾਲੇ ਦਿਨ ਕੀਤੀ ਗਈ ਆਤਿਸ਼ਬਾਜ਼ੀ ਜਾਂ ਚਲਾਏ ਗਏ ਪਟਾਕਿਆਂ ਨਾਲ ਹਵਾ ਵਿੱਚ ਪ੍ਰਦੂਸ਼ਣ ਫੈਲਦਾ ਹੈ। ਦੀਵਾਲੀ ਦੀ ਰਾਤ ਤੋਂ ਬਾਅਦ ਜਦੋਂ ਅਸੀਂ ਅਗਲੇ ਦਿਨ ਉਠਦੇ ਹਾਂ ਤਾਂ ਸਾਨੂੰ ਸ਼ਾਹ ਲੈਣ ਵਿੱਚ ਤਕਲੀਫ ਹੋ ਰਹੀ ਹੁੰਦੀ ਹੈ,ਇਹ ਸਾਡੇ ਦੁਆਰਾ ਚਲਾਏ ਜਾਂਦੇ ਪਟਾਕਿਆਂ ਕਰਕੇ ਹੀ ਹੁੰਦਾ ਹੈ।ਹਰ ਸਾਲ ਕਰੋੜਾਂ ਰੁਪਏ ਪਟਾਕਿਆਂ ਤੇ ਖ਼ਰਚ ਕੀਤੇ ਜਾਂਦੇ ਹਨ ਜਿਹਨਾਂ ਦਾ ਕੋਈ ਫ਼ਾਇਦਾ ਨਹੀਂ। ਕੋਈ ਜ਼ਰੂਰੀ ਨਹੀਂ ਹਰੇਕ ਖੁਸ਼ੀ ਨੂੰ ਪਟਾਕਿਆਂ ਨਾਲ ਜਾਂ ਬੰਦੂਕ ਦੀ ਗੋਲੀਆਂ ਹੇਠ ਹੀ ਮਨਾਈ ਜਾਵੇ, ਆਪਣਿਆਂ ਦੇ ਸਾਥ ਹੋਣ ਨਾਲ ਵੀ ਖੁਸ਼ੀਆਂ ਦੇ ਰੰਗ ਦੁੱਗਣੇ ਹੋ ਜਾਂਦੇ ਹਨ। ਵਾਤਾਵਰਨ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਸੀਂ ਸਾਰੇ ਹੀ ਵਾਤਾਵਰਨ ਦਾ ਹਿੱਸਾ ਹਾਂ। ਅਸੀਂ ਇਹੋ ਜਿਹਾ ਕੰਮ ਕਿਉਂ ਕਰੀਏ ਜਿਸ ਦੇ ਬਦਲੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣ, ਸਾਨੂੰ ਦੋਸ਼ ਦਹਿਣ ਕਿ ਅਸੀਂ ਉਹਨਾਂ ਦੇ ਜਿਉਣ ਲਈ ਸਾਫ਼ ਪੌਣ ਪਾਣੀ ਕੁਝ ਵੀ ਨਹੀਂ ਛੱਡਿਆ। ਵਾਤਾਵਰਨ ਦੀ ਸਰੁੱਖਿਆ ਨੂੰ ਦੇਖਦੇ ਹੋਏ ਜਿਥੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਉਥੇ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਦੂਜਿਆਂ ਨੂੰ ਜਾਗਰੂਕ ਕਰਦੇ ਹੋਏ ਪਟਾਕੇ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਦੀਵਾਲੀ ਦਾ ਤੋਹਫ਼ਾ ਕਿਹੋ ਜਿਹਾ ਹੋਵੇ – ਦੀਵਾਲੀ ਦੇ ਮੌਕੇ ਸਾਰੇ ਰਿਸ਼ਤੇਦਾਰ ਸਕੇ ਸਬੰਧੀ ਇੱਕ ਦੂਜੇ ਨੂੰ ਮਠਿਆਈਆਂ, ਕਪੜੇ, ਪਟਾਕੇ, ਕਪੜੇ ਅਤੇ ਹੋਰ ਸਾਜੋ ਸਮਾਨ ਤੋਹਫ਼ੇ ਦੇ ਰੂਪ ਵਿੱਚ ਦਿੰਦੇ ਹਨ, ਜਿਹਨਾਂ ਤੇ ਅਸੀਂ ਹਜ਼ਾਰਾਂ ਰੁਪਏ ਖ਼ਰਚ ਕਰ ਦਿੰਦੇ ਹਾਂ।ਇਸ ਵਾਰ ਅਸੀਂ ਤੋਹਫ਼ੇ ਜ਼ਰੂਰ ਦੇਵਾਂਗਾ ਪਰ ਤੋਹਫ਼ੇ ਦੇ ਰੂਪ ਵਿੱਚ ਫ਼ਲਦਾਰ ਅਤੇ ਫੁੱਲਦਾਰ ਬੂਟੇ ਭੇਂਟ ਕਰਾਂਗੇ ਤਾਂ ਕਿ ਜਦੋਂ ਬੂਟੇ ਵੱਡੇ ਹੋਵਣ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਸਾਡੀ ਯਾਦ ਅਤੇ ਵਾਤਾਵਰਨ ਨੂੰ ਫ਼ਲ ਫੁੱਲ ਅਤੇ ਸੁਗੰਧੀਆਂ ਵੰਡ ਕੇ ਸ਼ੁੱਧ ਕਰਦੇ ਰਹਿਣ।
ਖ਼ੁਸ਼ੀਆਂ ਨੁੰ ਦੁੱਗਣਾ ਕਰੀਏ ਪਰ ਕਿਵੇਂ – ਦੁੱਖ ਵੰਡਣ ਨਾਲ ਦੁੱਖ ਘਟ ਜਾਂਦਾ ਹੈ ਪ੍ਰੰਤੂ ਖੁਸ਼ੀਆਂ ਵੰਡਣ ਨਾਲ ਵਧ ਜਾਂਦੀਆਂ ਹਨ।ਇਸੇ ਤਰ੍ਹਾਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਵੀ ਅਸੀਂ ਦੁੱਗਣਾ ਕਰ ਸਕਦੇ ਹਾਂ।ਇਸ ਲਈ ਸਾਨੂੰ ਆਪਣੀਆਂ ਖੁਸ਼ੀਆਂ ਨੂੰ ਦੂਜਿਆਂ ਨਾਲ ਵੰਡਣਾ ਹੋਵੇਗਾ।ਇਹ ਸਾਡੇ ਸਕੇ ਸਬੰਧੀ ਨਹੀਂ ਸਗੋਂ ਬੇਸਹਾਰਾ ਅਤੇ ਅਨਾਥ ਲੋਕ ਹੋਣਗੇ ਜ਼ੋ ਪਤਾ ਨਹੀਂ ਕਿੰਨੇ ਸਮਿਆਂ ਤੋਂ ਸਾਡੀ ਉਡੀਕ ਕਰ ਰਹੇ ਹੋਣਗੇ। ਅਸੀਂ ਅਨਾਥ ਬੱਚਿਆਂ ਨੂੰ ਮਠਿਆਈਆਂ, ਗਰਮ ਕੱਪੜੇ ਅਤੇ ਗਿਆਨ ਦੀ ਜੋਤ ਜਗਾਉਣ ਲਈ ਕਿਤਾਬਾਂ ਭੇਂਟ ਕਰ ਸਕਦੇ ਹਾਂ। ਇਹ ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਹੈ ਕਿ ਗ਼ਰੀਬ ਦਾ ਮੂੰਹ ਗੁਰੂ ਦਾ ਗੋਲਕ ਹੁੰਦੀ ਹੈ। ਜਦੋਂ ਬੇਸਹਾਰਿਆਂ ਅਤੇ ਲੋੜਵੰਦਾਂ ਦੀ ਮਦਦ ਕਰ ਰਹੇ ਹੋਵਾਂਗੇ ਤਾਂ ਉਸ ਸਮੇਂ ਅਸੀਂ ਵਾਹਿਗੁਰੂ ਦਾ ਹੀ ਸਿਮਰਨ ਕਰ ਰਹੇ ਹੋਵਾਂਗੇ।
ਦੇਸੀ ਸਮਾਨ ਖਰੀਦੋ – ਕੁਝ ਸਮਾਂ ਪਹਿਲਾਂ ਦੀਵਾਲੀ ਤੇ ਮਿੱਟੀ ਦੇ ਬਣਿਆਂ ਦੀਵਿਆਂ ਵਿੱਚ ਸਰੋਂ ਦਾ ਤੇਲ ਪਾ ਕੇ ਦੀਪ ਮਾਲਾ ਕੀਤੀ ਜਾਂਦੀ ਸੀ।ਮਿੱਟੀ ਦੇ ਦੀਵੇ ਅਤੇ ਸਰੋਂ ਦਾ ਤੇਲ ਵਾਤਾਵਰਨ ਨੂੰ ਸ਼ੁੱਧ ਰੱਖਦੇ ਸਨ ਪ੍ਰੰਤੂ ਅਜੋਕੇ ਸਮੇਂ ਵਿੱਚ ਚਾਇਨਾ ਤੋਂ ਬਣੀਆਂ ਹੋਈਆਂ ਬਿਜਲੀ ਨਾਲ ਚੱਲਣ ਵਾਲੀਆਂ ਲੜੀਆਂ ਆ ਗਈਆਂ ਹਨ ਪ੍ਰੰਤੂ ਇਹ ਸਾਡੇ ਮਿੱਟੀ ਦੀ ਰੀਸ ਨਹੀਂ ਕਰ ਸਕਦੀਆਂ। ਸਾਨੂੰ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਦੀ ਖਰੀਦਦਾਰੀ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਹ ਪੈਸਾ ਸਾਡੇ ਦੇਸ਼ ਦੇ ਵਿਕਾਸ ਵਿੱਚ ਲੱਗੇਗਾ ਪ੍ਰੰਤੂ ਜਦੋਂ ਅਸੀਂ ਵਿਦੇਸ਼ੀ ਚੀਜ਼ਾਂ ਖ਼ਰੀਦਦੇ ਹਾਂ ਤਾਂ ਅਸੀਂ ਅਪਣਾ ਪੈਸਾ ਦੂਜੇ ਦੇਸ਼ਾਂ ਨੂੰ ਦੇ ਰਹੇ ਹੁੰਦੇ ਹਾਂ, ਉਹੀ ਦੇਸ਼ ਸਾਡੇ ਪੈਸੇ ਨੂੰ ਹਥਿਆਰ ਖਰੀਦਣ ਲਈ ਵਰਤਕੇ ਸਾਡੇ ਹੀ ਫ਼ੌਜੀ ਜਵਾਨਾਂ ਤੇ ਹਮਲੇ ਕਰਦੇ ਹਨ। ਪ੍ਧਾਨ ਮੰਤਰੀ ਦੁਆਰਾ ਵੀ ਭਾਰਤ ਵਿੱਚ ਹੱਥ ਨਾਲ ਬਣੀਆਂ ਹੋਈਆਂ ਕ੍ਰਿਤੀਆਂ ਨੂੰ ਖ੍ਰੀਦਣ ਲਈ ਲੋਕਲ ਫਾਰ ਵੋਕਲ ਨਾਂ ਦੀ ਪਹਿਲ ਚਲ ਰਹੀਆਂ ਹੈ ਜਿਸ ਦਾ ਮੁੱਖ ਮੰਤਵ ਭਾਰਤ ਨੂੰ ਆਪਣੇ ਪੁਰਾਣੇ ਵਿਰਸੇ ਅਤੇ ਸੱਭਿਅਤਾ ਨਾਲ ਜਾਣੂ ਕਰਵਾਉਣਾ ਹੈ।
ਦੀਵਾਲੀ ਆ ਰਹੀ,ਆ ਕੇ ਚਲੀ ਜਾਵੇਗੀ। ਇਸ ਵਾਰ ਅਸੀਂ ਦੀਵਾਲੀ ਮਨਾਵਾਂਗੇ ਜ਼ਰੂਰ ਪ੍ਰੰਤੂ ਵਾਤਾਵਰਨ ਬਚਾਉਂਦੇ ਹੋਏ, ਪ੍ਰਦੂਸ਼ਣ ਮੁਕਤ, ਦੂਜਿਆਂ ਨਾਲ ਖੁਸ਼ੀਆਂ ਵੰਡਦੇ ਹੋਏ, ਲੋੜਵੰਦਾਂ ਦੀ ਮਦਦ ਕਰਦੇ ਹੋਏ ਦੀਵਾਲੀ ਮਨਾਵਾਂਗੇ ਤਾਂ ਜ਼ੋ ਇਸ ਦੀਵਾਲੀ ਨੂੰ ਵੀ ਇੱਕ ਚੰਗੇ ਕੰਮ ਦੀ ਪਹਿਲ ਵਜੋਂ ਯਾਦ ਰੱਖਿਆ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969
Leave a Comment
Your email address will not be published. Required fields are marked with *