ਭਾਰਤ ਦੇਵੀ ਦੇਵਤਿਆਂ,ਗੁਰੂਆਂ ,ਪੀਰਾਂ ,ਪੈਗੰਬਰਾਂ ਦੀ ਧਰਤੀ ਹੈ। ਜਿੱਥੇ ਹਰ ਧਰਮ ਮਜ੍ਹਬ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਤੀਜ਼ ਤਿਉਹਾਰ ਜੁੜਿਆ ਹੋਇਆ ਹੈ। ਭਾਵੇਂ ਕਿ ਇਨ੍ਹਾਂ ਨਾਲ਼ ਕੁਝ ਇਤਿਹਾਸਕ ਤੇ ਮਿਥਿਹਾਸਕ ਦੰਤ ਕਥਾਵਾਂ ਜੁੜੀਆਂ ਹੋਈਆਂ ਹਨ ।ਜੋ ਸਾਡੇ ਸਮਾਜ ਵਿੱਚ ਰਹਿ ਰਹੇ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ।ਪਰ ਅਜੋਕੇ ਸਮੇਂ ਵਿੱਚ ਕੁਝ ਰੂੜ੍ਹੀਵਾਦੀ ਵਿਚਾਰਾਂ ਨੂੰ ਤਿਆਗਣ ਦੀ ਲੋੜ ਹੈ। ਖ਼ਾਸ ਕਰਕੇ ਉਸ ਸਮੇਂ ਜਦੋਂ ਸਾਡੇ ਸਮਾਜ ਵਿੱਚ ਹਵਾ, ਪਾਣੀ,ਖਾਣ ਪੀਣ ਦੀਆਂ ਸਾਰੀਆਂ ਹੀ ਵਸਤੂਆਂ, ਮੁੱਕਦੀ ਗੱਲ ਇਹ ਕਿ ਅਸੀਂ ਆਪਣੀਆਂ ਫ਼ਸਲਾਂ ਤੇ ਨਸਲਾਂ ਨੂੰ ਖੁਦ ਤਬਾਹ ਕਰਨ ਤੇ ਲੱਗੇ ਹੋਏ । ਫੈ਼ਕਟਰੀਆਂ, ਕਾਰਖਾਨੇ, ਪਰਮਾਣੂ ਪ੍ਰੀਖਣ, ਫ਼ਸਲਾਂ ਦੀ ਰਹਿੰਦ ਖੂਹੰਦ, ਤਿਉਹਾਰ, ਤੇ ਵਿਆਹ ਸ਼ਾਦੀਆਂ ਉੱਪਰ ਚੱਲਣ ਵਾਲ਼ੇ ਪਟਾਕੇ ਆਤਸ਼ਬਾਜ਼ੀ ਵਰਗੇ ਪ੍ਰਦੂਸ਼ਣ ਸਮਾਜਿਕ ਵਰਤਾਰੇ ਲਈ ਘਾਤਕ ਸਿੱਧ ਹੋ ਰਹੇ ਹਨ।ਹਰ ਕੋਈ ਆਪਣੀ ਗਲਤੀ ਦਾ ਠੀਕਰਾ ਦੂਜੇ ਸਿਰ ਫੋੜ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦਾ ਹੈ। ਅਫ਼ਸਰਸ਼ਾਹੀ ਕੁੰਭਕਰਨੀ ਨੀਂਦ ਸੁੱਤੀ ਹੈ। ਰਾਜਨੀਤਕ ਲੋਕਾਂ ਨੂੰ ਆਪਣੀ ਵੋਟ ਬੈਂਕ ਤੱਕ ਮਤਲਬ ਹੈ। ਉਨ੍ਹਾਂ ਲਈ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਹੈ। ਉਨ੍ਹਾਂ ਦੇ ਇਲਾਜ ਲਈ ਮਹਿੰਗੇ ਹਸਪਤਾਲ ਉਪਲਬਧ ਹਨ।ਆਮ ਲੋਕ ਆਪਣੇ ਹੀ ਬੁਣੇ ਮੱਕੜਜਾਲ ਵਿੱਚ ਫਸ ਕੇ ਆਪਣੀ ਜਾਨ ਮਾਲ ਦਾ ਨੁਕਸਾਨ ਝੱਲ ਰਹੇ ਹਨ। ਪਿੱਛੇ ਜਿਹੇ ਹੋਏ ਇੱਕ ਸਰਵੇਖਣ ਅਨੁਸਾਰ ਸਵਿਟਜ਼ਰਲੈਂਡ ਦੇ ਲੋਕਾਂ ਨੇ ਆਪਣੀ ਔਸਤ ਉਮਰ 60 ਸਾਲ ਤੋਂ ਵਧਾ ਕੇ 84 ਸਾਲ ਦੀ ਕਰ ਲਈ ਹੈ। ਜਿਸ ਦੇ ਲਈ ਉਨ੍ਹਾਂ ਨੇ ਵਾਤਾਵਰਣ ਨੂੰ ਸ਼ੁੱਧ ਅਤੇ ਸਵੱਛ ਬਣਾਉਣ ਲਈ ਯਤਨ ਕੀਤੇ। ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕੀਤਾ।ਸੋ ਆਓ ਆਪਾਂ ਵੀ ਇਸ ਦੀਵਾਲੀ ਇਨ੍ਹਾਂ ਪਟਾਕਿਆਂ ਦੀ ਥਾਂ ਕੁਝ ਨਵਾਂ ਕਰੀਏ। ਘਰਾਂ ਦੇ ਬਨੇਰਿਆਂ ਦੀ ਥਾਂ ਦਿਲ ਅਤੇ ਦਿਮਾਗ ਨੂੰ ਰੌਸ਼ਨ ਕਰੀਏ। ਧਰਤੀ ਤੇ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਘੱਟ ਤੋਂ ਘੱਟ ਪਟਾਕਿਆਂ ਦੀ ਵਰਤੋਂ ਕਰੀਏ। ਵਾਤਾਵਰਣ ਸਵੱਛ ਬਣਾਈਏ।
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
Leave a Comment
Your email address will not be published. Required fields are marked with *