ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਕਾ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਹਰ ਖਾਸ ਵਿਸ਼ੇਸ ਦਿਵਸ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਵੇਰ ਦੀ ਸਭਾ ਵਿੱਚ ਸਿੱਖ ਧਰਮ ਦੇ ਬਾਨੀ ਅਤੇ ਸਾਰੇ ਧਰਮਾਂ ਦੇ ਸਾਂਝੇ ਗੁਰੂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮੇਂ ਸਕੂਲ ਦੇ ਨਰਸਰੀ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਵੱਲੋਂ ਵੱਖ-ਵੱਖ ਸ਼ਬਦ ਗਾਇਨ ਕੀਤੇ ਗਏ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸੰਗਤ ਦੇ ਰੂਪ ਵਿੱਚ ਸੰਗੀਤਕ ਅਧਿਆਪਕਾਂ ਦੀ ਅਗਵਾਈ ਵਿੱਚ ਗਾਇਨ ਕੀਤੇ ਗਏ ਰਸ-ਭਰੇ ਸ਼ਬਦਾਂ ਦਾ ਆਨੰਦ ਮਾਣਿਆ। ਛੇਵੀਂ ਜਮਾਤ ਦੇ ਵਿਦਿਆਰਥੀ ਫਤਿਹ ਸਿੰਘ, ਪਰਮਵੀਰ ਸਿੰਘ ਅਤੇ ਗੁਰਮਨ ਸਿੰਘ ਨੇ ਕਵਿਸ਼ਰੀ ਗਾ ਕੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਨੂੰ ਪ੍ਰਗਟ ਕੀਤਾ।ਕੁਲਦੀਪ ਸਿੰਘ ਵੱਲੋਂ ਬੜੀ ਹੀ ਸੁਰੀਲੀ ਅਵਾਜ਼ ਵਿੱਚ ਕਵਿਤਾ ਪੇਸ਼ ਕੀਤੀ ਗਈ। ਅਧਿਆਪਕਾ ਸ੍ਰੀਮਤੀ ਪਰਮਪਾਲ ਕੌਰ, ਪਰਮਜੀਤ ਕੌਰ ਅਤੇ ਰਾਮ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਸ਼ੇ ਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੰਸਥਾ ਦੇ 250 ਵਿਦਿਆਰਥੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਹਿਜ ਪਾਠ ਆਰੰਭ ਕਰਨ ਲਈ ਗੁਰਦੁਆਰਾ ਭੂਤਾਂ ਵਾਲਾ ਖੂਹ ਪਾਤਸ਼ਾਹੀ ਦਸਵੀਂ ਵਿਖੇ ਨਤਮਸਕ ਹੋਏ। ਜ਼ਿਕਰਯੋਗ ਹੈ ਕਿ ਸਕੂਲ ਦੇ ਧਾਰਮਿਕ ਸਿੱਖਿਆ ਦੇ ਲਗਭਗ 500 ਵਿਦਿਆਰਥੀਆਂ ਵੱਲੋਂ ਮਲਟੀਪਰਪਜ਼ ਹਾਲ ਵਿੱਚ ਗੁਰੂ ਜੀ ਦੀ ਪ੍ਰਮੁੱਖ ਬਾਣੀ ਜੁਪਜੀ ਸਾਹਿਬ ਦਾ ਸਮੂਹ ਰੂਪ ਵਿੱਚ ਪਾਠ ਵੀ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਗੁਰੂ ਨਾਨਕ ਦੇਵ ਜੀ ਸਿਰਫ ਗੁਰੂ ਹੀ ਨਹੀਂ ਸਨ, ਉਹ ਇੱਕ ਬਹੁਤ ਵੱਡੇ ਕਵੀ ਵੀ ਸਨ। ਉਹ ਇੱਕ ਸਮਾਜ ਸੁਧਾਰਕ ਵੀ ਸਨ। ਉਹ ਅੱਜ ਵੀ ਸਾਡੇ ਮਾਰਗ ਦਰਸ਼ਕ ਹਨ। ਉਹਨਾਂ ਦੀ ਬਾਣੀ ਅੱਜ ਵੀ ਭੁੱਲੇ-ਭਟਕਿਆਾਂ ਨੂੰ ਰਾਹ ਦਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਗਏ ਮਾਰਗ ਤੇ ਚੱਲ ਕੇ ਜੀਵਨ ਜਿਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਅਤੇ ਸਕੂਲ ਦਾ ਸਮੂਹ ਸਟਾਫ਼ ਵੀ ਮੌਜੂਦ ਸਨ।