ਕੋਟਕਪੂਰਾ, 31 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸਦਾ ਮਨੋਰਥ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ਵਿੱਚ ਮੱਲਾਂ ਮਾਰਦੇ ਰਹੇ ਹਨ, ਉਥੇ ਸਮਾਜਕ ਅਤੇ ਲੋਕ ਚੇਤਨਾ ਦੇ ਕੰਮਾਂ ਵਿੱਚ ਵੀ ਅੱਗੇ ਹਨ।ਸਮੇਂ-ਸਮੇਂ ਉੱਤੇ ਵਿਦਿਆਰਥੀ ਵੱਖ-ਵੱਖ ਰੈਲੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਲੋਕਾਂ ਦਾ ਰਾਹ ਰੁਸ਼ਨਾਉਂਦੇ ਹਨ। ਬੀਤੇ ਦਿਨੀਂ ਸਕੂਲ ਦੇ ਯੂਥ ਅਤੇ ਇਕੋ ਕਲੱਬ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੱਖ-ਵੱਖ ਕਿਸਮ ਦੇ ਰੁੱਖ ਦੇ ਕੇ ‘ਰੁੱਖ ਲਾਓ ਅਤੇ ਵਾਤਾਵਰਨ ਬਚਾਓ’ ਦੀ ਅਪੀਲ ਕਰਨ ਲਈ ਵਿਦਿਆਰਥੀਆਂ ਨੂੰ ਭਗਤਾ ਇਲਾਕੇ ਵਿੱਚ ਭੇਜਿਆ ਗਿਆ। ਵਿਦਿਆਰਥੀਆਂ ਨੇ ਲੋਕਾਂ ਨੂੰ ਪੌਦੇ ਵੰਡ ਕੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ। ਬੱਚਿਆ ਨੇ ਆਮ ਜਨਤਾ ਨੂੰ ਸਿਰਫ਼ ਪੌਦੇ ਲਾਉਣ ਬਾਰੇ ਹੀ ਨਹੀਂ ਬਲਕਿ ਇਨ੍ਹਾਂ ਦੀ ਸਾਂਭ-ਸੰਭਾਲ ਦਾ ਸੰਕਲਪ ਲੈਣ ਲਈ ਵੀ ਕਿਹਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਨੇ ਕਿਹਾ ਕਿ ਅੱਜ ਦੇ ਹਲਾਤਾਂ ਨੂੰ ਤੇ ਵੱਧਦੀ ਗਰਮੀ ਨੂੰ ਦੇਖਦੇ ਹੋਏ ਰੁੱਖਾਂ ਨੂੰ ਲਗਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜੇ ਰੁੱਖ ਹਨ, ਤਾਂ ਧਰਤੀ ਹੈ ਤੇ ਜੇ ਧਤਰੀ ਹੈ ਤਾਂ ਸਾਡੀ ਹੋਂਦ ਹੈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ।