ਸਦੀਆਂ ਬਾਅਦ ਪੈਗੰਬਰ ਕੋਈ ਹੋਏ ਪੈਦਾ,
ਜਿਹੜਾ ਤਪਦੀ ਲੋਕਾਈ ਨੂੰ ਠਾਰ ਦੇਵੇ।
ਕਦੇ ਕਦਾਈਂ ਹੀ ਮਾਲੀ ਕੋਈ ਆਏ ਐਸਾ,
ਜਿਹੜਾ ੳੱੁਜੜੇ ਬਾਗ ਸੁਆਰ ਦੇਵੇ।
ਕਦੇ ਬੇੜੀ ਨੂੰ ਮਿਲੇ ਮਲਾਹ ਐਸਾ,
ਜੋ ਤੂਫਾਨਾਂ ‘ਚੋਂ ਕੱਢ ਲਾ ਪਾਰ ਦੇਵੇ।
ਕਦੇ ਨਾਨਕ, ਗੋਬਿੰਦ, ਰਵਿਦਾਸ ਆ ਕੇ,
ਡੁੱਬਦੀ ਹੋਈ ਮਨੁੱਖਤਾ ਤਾਰ ਦੇਵੇ।
ਪ੍ਰਭੂ ਬੈਠ ਕੇ ਆਪ ਰਵਿਦਾਸ ਅੰਦਰ,
ਵਾਰਾਨਸੀ ਦੇ ਭਾਗ ਜਗਾਉਣ ਆਇਆ।
ਉਹਦੀ ਜਾਤ ਨੂੰ ਕਹਿੰਦੇ ਸੀ ਨੀਚ ਜਿਹੜੇ,
ਉਹਨਾਂ ਲੋਕਾਂ ਨੂੰ ਸਬਕ ਸਿਖਾਉਣ ਆਇਆ।
ਤਿੱਖੀ ਰੰਬੀ ਨੇ ਚਮੜਾ ਹੀ ਨਹੀਂ ਲਾਹਿਆ,
ਖੱਲ ਜ਼ੁਲਮਾਂ ਦੀ ਵੀ ਉਹ ਲਾਹੁਣ ਆਇਆ।
ਸੂਈ ਉਹਦੀ ਨੇ ਦੁਖੀਆਂ ਦੇ ਫੱਟ ਸੀਤੇ,
ਮਲ੍ਹਮ ਉਹਨਾਂ ਦੇ ਫੱਟਾਂ ‘ਤੇ ਲਾਉਣ ਆਇਆ।
ਰਟਨ ਵੇਦਾਂ ਦਾ ਕਰਨ ਜੋ ਉਮਰ ਸਾਰੀ,
ਜਾਣੇ ਜਾਂਦੇ ਸੀ ਜੋ ਵਿਦਵਾਨ ਪੰਡਤ।
ਜੇਕਰ ਸ਼ੂਦਰ ਦੇ ਕੰਨਾਂ ‘ਚ ਪਏ ਮੰਤਰ,
ਸਿੱਕਾ ਢਾਲ ਕੇ ਪਾਉਣ ਮਹਾਨ ਪੰਡਤ।
ਅੰਤਰ- ਆਤਮਾ ‘ਚੋਂ ਰਵਿਦਾਸ ਦੇ ਜਦ,
ਫੁੱਟਿਆ ਗਿਆਨ ਤੇ ਹੋਇਆ ਹੈਰਾਨ ਪੰਡਤ।
ਜਿਹਦੀ ਜਾਤ ਦੇ ਨੇੜ ਕੋਈ ਢੁੱਕਦਾ ਨਾ,
ਹੱਥੀਂ ਆਪਣੇ ਕਰਨ ਸਨਮਾਨ ਪੰਡਤ।
ਨਾ ਕੋਈ ਗੁਰੂੁ ਨਾ ਵਿਦਿਆ ਹੋਈ ਹਾਸਲ,
ਐਪਰ ਅੰਦਰੋਂ ਫੁੱਟੀ ਸੰਗੀਤ ਬਾਣੀ।
ਜੁੱਤੀ ਗੰਢਦਿਆਂ ਮਨ ਵੀ ਗਿਆ ਗੰਢਿਆ,
ਸੱਚੇ ਰੱਬ ਦੇ ਨਾਲ ਪ੍ਰੀਤ ਬਾਣੀ।
‘ਅਬ ਤੂਹੀ’ ਮੇਰੀ ਨਾ ਹੋਂਦ ਕੋਈ,
ਇਹ ਤਾਂ ਮੁਕਤੀ ਦੇ ਦਰ ਦਾ ਗੀਤ ਬਾਣੀ।
ਵਿਸ਼ੇ-ਵਿਕਾਰਾਂ ਦੀ ਮੈਲ਼ ਨੂੰ ਲਾਹ ਸੁੱਟੇ,
ਜੇਕਰ ਬਣ ਜਾਏ ਸਾਡੀ ਇਹ ਮੀਤ ਬਾਣੀ।
40 ਸ਼ਬਦ ਤੇ ਇੱਕ ਸਲੋਕ ਬਾਣੀ,
16 ਰਾਗਾਂ ‘ਚ ਦਿੱਤੀ ਉਚਾਰ ਉਹਨਾਂ।
‘ਤੋਹੀ ਮੋਹੀ’ ਦਾ ਅੰਤਰ ਮਿਟਾ ਦਿੱਤਾ,
ਲਾਹਿਆ ਮਨ ਤੋਂ ਹਉਮੈਂ ਦਾ ਭਾਰ ਉਹਨਾਂ।
‘ਬੇਗਮਪੁਰੇ’ ਦੇ ਵਾਸੀ ਹੀ ਹੋਣ ਸਾਰੇ,
ਦਿੱਤਾ ਅਸਲੋਂ ਨਵਾਂ ਵਿਚਾਰ ਉਹਨਾਂ।
ਦੀਨ-ਦੁਖੀਆਂ ਗਰੀਬਾਂ ਦਾ ਪੱਖ ਲੈ ਕੇ,
ਕੀਤਾ ਨੀਵਿਆਂ ਉੱਤੇ ਉਪਕਾਰ ਉਹਨਾਂ।
ਮੇਰੇ ਦਾਤਿਆ ਤੇਰੇ ਇਸ ਦੇਸ਼ ਅੰਦਰ,
ਦਸਾਂ ਨਹੁੰਆਂ ਦੀ ਕਿਰਤ ਮਹਾਨ ਭੁੱਲ ਗਏ।
ਏਥੇ ਮਜ੍ਹਬਾਂ ਦੇ ਰੇੜਕੇ ਪਏ ਰਹਿੰਦੇ,
ਲੋਕੀਂ ਆਪਣਾ ਦੀਨ-ਇਮਾਨ ਭੁੱਲ ਗਏ।
ਸਾਨੂੰ ਹਉਮੈਂ ਦੀ ਅੱਗ ਨੇ ਸਾੜ ਸੁੱਟਿਆ,
ਰਵਿਦਾਸ ਜੀ- ਤੇਰਾ ਗਿਆਨ ਭੁੱਲ ਗਏ।
‘ਦੀਸ਼’ ਆਖਦੀ ਸਾਨੂੰ ਸੁਮੱਤ ਦੇ ਦੇ,
ਅਸੀਂ ਜੀਵਨ ਦੀ ਸਹੀ ਪਹਿਚਾਨ ਭੁੱਲ ਗਏ।

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਸੰਪਰਕ: +1 403 404 1450