ਬਸਤੀ ਵਿੱਚ ਭਿਆਨਕ ਤੂਫ਼ਾਨ ਆਇਆ ਹੋਇਆ ਸੀ। ਚਾਰੇ ਪਾਸੇ ਘੁੱਪ ਹਨੇਰਾ ਛਾ ਗਿਆ। ਰੁਕ-ਰੁਕ ਕੇ ਅਕਾਸ਼ ਵਿੱਚ ਤੇਜ਼ ਬਿਜਲੀ ਚਮਕ ਰਹੀ ਸੀ। ਬੱਦਲਾਂ ਦੀ ਗੜਗੜਾਹਟ ਨਾਲ ਸਭ ਦੀ ਜਾਨ ਮੁੱਠੀ ਵਿੱਚ ਆਈ ਹੋਈ ਸੀ। ਬਸਤੀ ਦੇ ਸਾਰੇ ਲੋਕ ਮੰਦਰ ਵਿੱਚ ਇਕੱਠੇ ਹੋ ਕੇ ਭਗਵਾਨ ਦੀ ਮੂਰਤੀ ਦੇ ਸਾਹਮਣੇ ਬਚਾਓ ਲਈ ਆਰਤੀ ਕਰ ਰਹੇ ਸਨ। ਉਦੋਂ ਹੀ ਇੱਕ ਔਰਤ ਆਪਣੇ ਦੋ ਬੱਚਿਆਂ ਨੂੰ ਲੈ ਕੇ ਘਬਰਾਹਟ ਵਿੱਚ ਉੱਥੇ ਆਈ ਤੇ ਲੋਕਾਂ ਨੂੰ ਬੇਨਤੀ ਕਰਨ ਲੱਗੀ, “ਕਿਰਪਾ ਕਰਕੇ ਸਾਨੂੰ ਵੀ ਮੰਦਰ ਵਿੱਚ ਆ ਜਾਣ ਦਿਓ।” ਔਰਤ ਗਣਿਕਾ ਸੀ। ਮੰਦਰ ਦੇ ਪੁਜਾਰੀ ਨੇ ਉਹਨੂੰ ਝਿੜਕਦੇ ਹੋਏ ਕਿਹਾ, “ਚਲੀ ਜਾਹ ਏਥੋਂ! ਇਹ ਪਵਿੱਤਰ ਥਾਂ ਤੇਰੇ ਲਈ ਨਹੀਂ ਹੈ।” “ਇਸ ਤਰ੍ਹਾਂ ਨਾ ਕਹੋ। ਮੇਰੀ ਮਜਬੂਰੀ ਨੂੰ ਸਮਝੋ। ਸਾਡੀ ਰੱਖਿਆ ਕਰੋ… ਭਿਆਨਕ ਰਾਤ ਹੈ ਅਤੇ ਤੂਫ਼ਾਨੀ ਬਾਰਿਸ਼ ਵਿੱਚ ਮੇਰੀ ਝੌਂਪੜੀ ਢਹਿ ਗਈ ਹੈ। ਬਸਤੀ ਵਿੱਚ ਮੈਂ ‘ਕੱਲੀ… ਬੇਘਰ…।” “ਤੇਰੇ ਵਰਗੀਆਂ ਔਰਤਾਂ ‘ਕੱਲੀਆਂ ਹੀ ਰਹਿੰਦੀਆਂ ਹਨ। ਤੂੰ ਨਰਕ ਦੀ ਭਾਗੀਦਾਰ ਹੈਂ! ਤੇਰੇ ਵਰਗੀਆਂ ਔਰਤਾਂ ਕਰਕੇ ਹੀ ਇਹ ਕੁਦਰਤੀ ਆਫ਼ਤ ਆਈ ਹੈ।” ਪੁਜਾਰੀ ਕੋਲ ਖੜ੍ਹੇ ਧਰਮ ਦੇ ਠੇਕੇਦਾਰਾਂ ਨੇ ਵੀ ਉਹਨੂੰ ਖ਼ੂਬ ਝਿੜਕਾਂ ਦਿੱਤੀਆਂ। ਔਰਤ ਲਾਚਾਰ ਹੋ ਕੇ ਆਪਣੇ ਬੱਚਿਆਂ ਨਾਲ ਮੰਦਰ ਦੀਆਂ ਪੌੜੀਆਂ ਉੱਤਰੀ ਹੀ ਸੀ ਕਿ ਭਿਆਨਕ ਗਰਜ ਨਾਲ ਬਿਜਲੀ ਮੰਦਰ ਤੇ ਡਿੱਗੀ ਅਤੇ ਪੁਜਾਰੀ ਸਮੇਤ ਹੋਰ ਲੋਕ ਤੜਪਣ ਲੱਗੇ। ਉਹ ਔਰਤ ਝੱਟ ਆਪਣੇ ਬੱਚਿਆਂ ਨੂੰ ਲੈ ਕੇ ਸਾਰਿਆਂ ਦੀ ਦੇਖਭਾਲ ਵਿੱਚ ਜੁਟ ਗਈ।

* ਮੂਲ : ਡਾ. ਲਤਾ ਅਗਰਵਾਲ ‘ਤੁਲਜਾ’, ਭੋਪਾਲ (ਮੱਧਪ੍ਰਦੇਸ਼)
* ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.