ਰੌਸ਼ਨੀਆਂ ਦਾ ਮੰਜ਼ਰ ਦਿੱਸਦਾ,
ਜਾਪੇ ਜਿਵੇਂ ਦੀਵਾਲੀ।
ਚਾਰੇ ਪਾਸੇ ਚਮਕ ਰਹੀ ਹੈ,
ਆਫ਼ਤਾਬ ਦੀ ਲਾਲੀ।
ਸਭ ਥਾਂ ਖੇੜਾ, ਖੁਸ਼ੀਆਂ ਭਰਿਆ,
ਹਰ ਥਾਂ ਤੇ ਹਰਿਆਲੀ।
ਮਿਹਨਤ ਇੱਕ ਦਿਨ ਅਸਰ ਵਿਖਾਊ,
ਛਾ ਜਾਣੀ ਖੁਸ਼ਹਾਲੀ।
ਹੱਥ ਤੇ ਹੱਥ ਧਰੀ ਬੈਠਾਂਗੇ,
ਆ ਜਾਣੀ ਕੰਗਾਲੀ।
ਰੰਗ-ਬਿਰੰਗੇ ਫੁੱਲ ਖਿੜੇ ਨੇ,
ਮਿਹਨਤਕਸ਼ ਹੈ ਮਾਲੀ।
ਨਾਲ਼ ਸਿਆਣਪ ਸੰਵਰ ਜਾਵਾਂਗੇ,
ਬਿਨ ਅਕਲੋਂ ਖੂਹ ਖਾਲੀ।
ਹਾਲ ਅਸਾਡਾ ਹਰ ਕੋਈ ਜਾਣੇ,
ਕੀ ਪੱਤਾ, ਕੀ ਡਾਲੀ।
ਬਾਲੂ-ਰੇਤ ਦੇ ਘਰ ਨਹੀਂ ਬਣਦੇ,
ਮਤੇ ਨਾ ਪੱਕਣ ਖਿਆਲੀ।
ਬਿਨਾਂ ਮੇਲ ਤੋਂ ਨਿਭੇ ਕਦੇ ਨਾ,
ਕਦੇ ਕੋਈ ਭਾਈਵਾਲੀ।
ਛੱਜੂ ਦੇ ਚੌਬਾਰੇ ਸਾਹਵੇਂ,
ਟਿਕ ਨਾ ਸਕੇ ਮਨਾਲੀ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.