ਮੈਨੂੰ ਜੰਗ ਨਹੀਂ ਅਮਨ ਚਾਹੀਦਾ…..! ਬਿਲਕੁਲ ਜੀ ਆਮ ਇਨਸਾਨ ਹਮੇਸ਼ਾ ਹੀ ਅਮਨ ਭਾਲਦਾ ਰਿਹਾ ਹੈ। ਅੱਜ ਤੱਕ ਦੁਨੀਆਂ ਦੇ ਜਿੰਨਾ-ਜਿੰਨਾ ਦੇਸ਼ਾਂ ਅੰਦਰ ਵੀ ਜੰਗ ਲੱਗੀ ਹੈ, ਉਸ ਜੰਗ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪਿਆ। ਪਹਿਲਾਂ ਯੂਕਰੇਨ ਅਤੇ ਰੂਸ ਦੇ ਵਿਚਕਾਰ ਹੋ ਰਹੀ ਹਊਮੈਂ ਦੀ ਜੰਗ ਨੇ ਆਮ ਲੋਕਾਂ ਦੇ ਘਰ ਬਾਹਰ ਤਬਾਹ ਕਰ ਦਿੱਤੇ। ਉਹਨਾਂ ਦੀਆਂ ਭਾਵਨਾਵਾਂ ਨਾਲ਼ ਖੇਡਿਆ। ਦਿਨ-ਰਾਤ ਮਿਹਨਤ ਕਰਕੇ ਬਣਾਏ ਹੋਏ ਘਰ ਛੱਡਣੇ ਪਏ। ਹਜ਼ਾਰਾਂ ਲੱਖਾਂ ਸੁਪਨੇ ਟੁੱਟੇ, ਇਸ ਨਾਲ਼ ਕਈ ਤਾਂ ਮਾਨਸਿਕ ਬਿਮਾਰ ਵੀ ਜ਼ਰੂਰ ਹੋ ਗਏ ਹੋਣਗੇ। ਜੀਵਨ ਬਚਾਉਣ ਲਈ ਲੋਕਾਂ ਵਿੱਚ ਹਫੜਾ- ਤਫੜੀ ਮੱਚ ਗਈ।
ਆਮ ਇਨਸਾਨ ਨੇ ਕਦੇ ਵੀ ਇਹ ਨਹੀਂ ਚਾਹਿਆ ਕਿ ਦੋ ਦੇਸ਼ ਆਪਸ ਵਿੱਚ ਸਿਰਫ਼ ਕੁਝ ਬੰਦਿਆਂ ਦੀ ਹਉਮੈ ਕਰਕੇ ਉਜੜ ਜਾਣ। ਵੱਡੀਆਂ ਵੱਡੀਆਂ ਬਿਲਡਿੰਗਾਂ ਜਿਨਾਂ ਨੂੰ ਬਣਾਉਣ ਵਿੱਚ ਕਈ ਕਈ ਸਾਲ ਲੱਗੇ, ਕਈਆਂ ਦੀ ਮਿਹਨਤ ਲੱਗੀ। ਘਰਾਂ ਨੂੰ ਤਬਾਹ ਕਰਨ ਲੱਗਿਆਂ ਇੱਕ ਮਿੰਟ ਦਾ ਸਮਾਂ ਹੀ ਲੱਗਿਆ ਹੋਵੇਗਾ, ਪਰ ਇਹਨਾਂ ਘਰਾਂ ਨੂੰ ਬਣਾਉਣ ਦੇ ਲਈ ਮਨੁੱਖ ਦੀ ਜ਼ਿੰਦਗੀ ਭਰ ਦੀ ਕਮਾਈ ਲੱਗਦੀ ਹੈ… ਕੀ ਕਦੀ ਇਹਨਾਂ ਹਊਮੈਂ ਭਰੇ ਦਿਮਾਗਾਂ ਵਿੱਚ ਅਜਿਹੀਆਂ ਚੀਜ਼ਾਂ ਆ ਸਕਦੀਆਂ ਹਨ ਕਿ ਆਮ ਲੋਕਾਂ ਦੀ ਮਿਹਨਤ ਅਤੇ ਭਾਵਨਾਵਾਂ ਨੂੰ ਸਮਝ ਸਕਣ..!
ਆਪਣੀਆਂ ਖਾਹਿਸ਼ਾਂ ਅਤੇ ਖੁਸ਼ੀਆਂ ਨੂੰ ਮਾਰ ਕੇ ਪਾਈ-ਪਾਈ ਜੋੜ ਕੇ ਬਣਾਏ ਘਰ ਮਿੰਟਾਂ ਵਿੱਚ ਤਬਾਹ ਹੁੰਦੇ ਦੇਖੇ।
ਇਕ ਦਮ ਘਰਾਂ ਚੋਂ ਬਾਹਰ ਨਿਕਲ ਕੇ ਸੜਕਾਂ ‘ਤੇ ਰੁਲਦੇ ਲੋਕ, ਹੰਝੂ ਭਰ-ਭਰ ਕੇ ਰੋਂਦੇ ਵੇਖੇ। ਕਿੰਨੇ ਬੇਕਸੂਰ ਹਨ ਇਹ ਲੋਕ .. ਜੋ ਆਪਣੀਆਂ ਕੀਮਤੀ ਜਾਨਾਂ ਗਵਾ ਬੈਠੇ। ਪਰ ਆਮ ਜਨਤਾ ਨੂੰ ਕੌਣ ਸੁਣਦਾ…? ਉਹਨਾਂ ਦੇ ਦੁੱਖੜੇ ਹਮੇਸ਼ਾ ਦੁੱਖ ਹੀ ਰਹੇ। ਇਥੋਂ ਤੱਕ ਕਿ ਮਾਸੂਮ ਬੱਚਿਆਂ ਨੂੰ ਵੀ ਕਿਸੇ ਨੇ ਨਹੀਂ ਬਖਸ਼ਿਆ। ਕਾਸ਼ ..! ਵਿਲਕਦੇ ਬੱਚੇ ਅਤੇ ਬੱਚਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਹੱਥਾਂ ਵਿੱਚ ਫੜ ਕੇ ਤੜਫਦੀਆਂ ਮਾਵਾਂ ਦਾ ਦੁੱਖ ਇਹਨਾਂ ਠੇਕੇਦਾਰਾਂ ਨੂੰ ਮਹਿਸੂਸ ਹੋਇਆ ਹੁੰਦਾ।
ਹੁਣ ਇਜਰਾਇਲ ਅਤੇ ਫ਼ਲਸਤੀਨੀ ਦੇਸ਼ਾਂ ਵਿੱਚ ਹੋ ਰਹੀ ਭਿਆਨਕ ਤਬਾਹੀ ਨੇ ਇੱਕ ਵਾਰ ਫਿਰ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਸ਼ਹਿਰ ਦੇ ਲੋਕ ਇਥੋਂ ਤੱਕ ਬਗ਼ਾਵਤ ‘ਤੇ ਉਤਰ ਆਏ ਹਨ ਕਿ ਉਹ ਮਰ ਜਾਣਗੇ, ਪਰ ਆਪਣਾ ਦੇਸ਼ ਉਹਨਾਂ ਦੇ ਆਪਣੇ ਪੁਰਖਿਆਂ ਦੀ ਧਰਤੀ ਨਹੀਂ ਛੱਡਣਗੇ। ਇਹ ਹਉਮੈ ਦੀਆਂ ਪੰਡਾਂ ਚੁੱਕਣ ਵਾਲੇ ਲੋਕ… ਆਮ ਲੋਕਾਂ ਬਾਰੇ ਕਦੀ ਵੀ ਨਹੀਂ ਸੋਚ ਸਕਦੇ। ਆਮ ਲੋਕਾਂ ਨੇ ਹਮੇਸ਼ਾ ਪਿਆਰ, ਸਾਂਝ, ਏਕਤਾ ਅਤੇ ਭਾਈਚਾਰਾ ਚਾਹਿਆ ਹੈ। ਉਹ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਹਨ । ਇਹ ਮਿਹਨਤੀ ਲੋਕ ਲੜਾਈਆਂ ਝਗੜੇ ਨਹੀਂ ਕਰ ਸਕਦੇ। ਇਹਨਾਂ ਨੂੰ ਆਪਣੇ ਪਰਿਵਾਰਾਂ ਨਾਲ਼ ਪਿਆਰ ਹੁੰਦਾ ਹੈ ਅਤੇ ਉਹਨਾਂ ਦੀ ਬਿਹਤਰੀ ਲਈ ਹਮੇਸ਼ਾ ਮਿਹਨਤ ਕਰਦੇ ਹਨ।
ਇਹ ਜੰਗ.. ਇਹ ਯੁੱਧ.. ਇਹ ਵਿਸ਼ਵ ਵਾਰਾਂ ਕਦੀ ਵੀ ਆਮ ਲੋਕਾਂ ਨੇ ਨਹੀਂ ਚਾਹੀਆਂ। ਆਮ ਇਨਸਾਨ ਸਿਰਫ਼ ਦੋ ਵਕਤ ਦੀ ਰੋਟੀ ਅਤੇ ਰਹਿਣ ਲਈ ਛੱਤ ਭਾਲਦਾ ਹੈ। ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਵਧੀਆ ਇਨਸਾਨ ਬਣਾਉਣ ਦੀ ਤਾਕ ਵਿੱਚ ਰਹਿੰਦਾ ਹੈ। ਜ਼ਿੰਦਗੀ ਨੂੰ ਖੁਸ਼ੀ ਅਤੇ ਖੁਸ਼ਹਾਲੀ ਨਾਲ ਜਿਊਣਾ ਚਾਹੁੰਦਾ ਹੈ। ਆਪਣੇ ਸੁਪਨਿਆਂ ਦੇ ਘਰ ਵਿੱਚ ਆਪਣੇ ਪਰਿਵਾਰ ਨਾਲ਼ ਰਹਿਣਾ ਚਾਹੁੰਦਾ ਹੈ। ਉਹ ਇਹਨਾਂ ਜੰਗਾਂ ਯੁੱਧਾਂ ਦੇ ਕਹਿਰ ਤੋਂ ਦੂਰ ਰਹਿਣਾ ਚਾਹੁੰਦਾ ਹੈ। ਪਰ ਕੌਣ ਸੁਣਦਾ ਹੈ ਇਨਾਂ ਆਮ ਇਨਸਾਨਾਂ ਦੇ ਦਿਲ ਦੀਆਂ ਗੱਲਾਂ? ਕਾਸ਼..! ਇਨਾ ਮਿਹਨਤੀ ਹੱਥਾਂ ਨੂੰ ਧਰਵਾਸ ਦੇਣ ਵਾਲਾ ਕੋਈ ਹੋਵੇ। ਕਾਸ਼..!ਉਜੜ ਰਹੇ ਘਰਾਂ ਨੂੰ ਬਚਾਉਣ ਵਾਲਾ ਵੀ ਕੋਈ ਹੁੰਦਾ।
ਇਹ ਜੰਗ-ਯੁੱਧ ਮਾਨਸਿਕ ਤੌਰ ਤੇ ਵੀ ਤਬਾਹੀ ਮਚਾ ਕੇ ਜਾਂਦੇ ਹਨ। ਲਾਸ਼ਾਂ ਦੇ ਢੇਰ ਲਗਾ ਕੇ ਜਾਂਦੇ ਹਨ ਅਤੇ ਘਰਾਂ ਨੂੰ ਵੀਰਾਨ ਕਰ ਜਾਂਦੇ ਹਨ। ਪਤਾ ਨਹੀਂ ਕਿਸ ਚੀਜ਼ ਦੀ ਹਊਮੈਂ ਹੈ….. ਜੋ ਇਨਸਾਨ ਨੂੰ ਇਨਸਾਨ ਹੱਥੋਂ ਹੀ ਮਰਵਾਈ ਜਾ ਰਹੀ ਹੈ। ਵਿਸ਼ਵ ਸ਼ਾਂਤੀ ਦੇ ਸਾਰੇ ਦਾਅਵੇ ਖੋਖਲੇ ਹੋ ਜਾਂਦੇ ਹਨ ਅਤੇ ਰਹਿ ਜਾਂਦੀਆਂ ਹਨ ਅਸਹਿ ਪੀੜਾਂ, ਕੋਝੇ ਦੁੱਖ ਜੋ ਸਦੀਆਂ ਤੱਕ ਨਹੀਂ ਭਰਦੇ। ਇਹ ਅਪਾਹਜ ਸੋਚ ਲੱਖਾਂ ਸਾਬਤ ਸਰੀਰਾਂ ਨੂੰ ਅਪਾਹਜ ਬਣਾ ਜਾਂਦੀ ਹੈ। ਅਣਕਹੇ ਦੁੱਖ, ਲਾਸ਼ਾਂ ਵਿੱਚ ਦਫ਼ਨ ਅਸਹਿ ਅਲਾਪ ਹਨ, ਜਿੰਨਾ ਨੂੰ ਧਰਤੀ ਸੁਣਦੀ ਹੈ ਅਤੇ ਅੰਬਰ ਛੰਮ-ਛੰਮ ਬਰਸਦਾ ਹੈ। ਹਾਏ ਰੱਬਾ..! ਰੋਕ ਦੇ ਇਹ ਦੇਸ਼ਾਂ ਦੀਆਂ ਲੜਾਈਆਂ। ਜੀਣ ਦੇ ਆਮ ਲੋਕਾਂ ਨੂੰ ਆਪਣਿਆਂ ਨਾਲ਼। ਮਾਸੂਮ ਜਿੰਦਾਂ ਨੂੰ ਤਬਾਹੀ ਦਾ ਮੰਜ਼ਰ ਨਾ ਦਿਖਾ। ਵਾਸਤਾ ਹੈ ਤੇਰੇ ਅੱਗੇ ਮਾਲਕਾਂ .. ਰੋਕ ਦੇ ਇਹ ਜੰਗਾਂ।
ਪਰਵੀਨ ਕੌਰ ਸਿੱਧੂ
8146536200
Leave a Comment
Your email address will not be published. Required fields are marked with *