ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਚਲਾਏ ਜਾ ਰਹੇ ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿੱਚ ਕਾਰਜਕਾਰਨੀ ਦੀ ਐਮਰਜੈਂਸੀ ਮੀਟਿੰਗ ਦੀ ਸ਼ੁਰੂਆਤ ਵਿੱਚ ਬਰਾਦਰੀ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਮੌਨ ਧਾਰਿਆ ਗਿਆ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਅਤੇ ਸਰਪ੍ਰਸਤ ਜਗਦੀਸ਼ ਛਾਬੜਾ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਅਰੋੜਾ ਬਰਾਦਰੀ ਦੇ ਇਕ ਵਿਅਕਤੀ ਵਲੋਂ ਆਤਮ ਹੱਤਿਆ ਕਰ ਲੈਣ ਕਾਰਨ ਪਰਿਵਾਰ ਨੂੰ ਗੁਜਾਰਾ ਚਲਾਉਣਾ ਔਖਾ ਹੋ ਗਿਆ ਸੀ ਤੇ ਹੁਣ ਉਸਦੀ ਹੋਣਹਾਰ ਬੇਟੀ ਮੈਡੀਕਲ ਦੀ 12ਵੀਂ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪੁਜੀਸ਼ਨ ਲੈਣ ਤੋਂ ਬਾਅਦ ਜੀਐਨਐਮ ਦੀ ਪੜਾਈ ਕਰਨਾ ਚਾਹੁੰਦੀ ਹੈ। ਉਸਦੀ ਫੀਸ ਵਿੱਚ ਹਰ ਸਾਲ ਯੋਗਦਾਨ ਪਾਉਣ ਦਾ ਫੈਸਲਾ ਕਰਦਿਆਂ ਸਭਾ ਨੇ ਪਹਿਲੇ ਸਾਲ ਦੀ ਫੀਸ ਲਈ 20 ਹਜਾਰ ਰੁਪਏ ਜਮਾ ਕਰਵਾਇਆ। ਸੈਂਟਰ ਦੇ ਡਾਇਰੈਕਟਰ ਮੋਹਨ ਲਾਲ ਗੁਲਾਟੀ ਨੇ ਦੱਸਿਆ ਕਿ ਸਰਬਸੰਮਤੀ ਨਾਲ ਹੋਏ ਫੈਸਲੇ ਮੁਤਾਬਿਕ ਬਰਾਦਰੀ ਨਾਲ ਸਬੰਧਤ ਹੁਸ਼ਿਆਰ ਲੜਕੇ-ਲੜਕੀਆਂ ਦੀ ਫੀਸ ਭਰਨ ਲਈ ਇਕ ਵੱਖਰਾ ਫੰਡ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਲਈ ਕਾਰਜਕਾਰਨੀ ਦਾ ਹਰ ਮੈਂਬਰ ਘੱਟੋ ਘੱਟ 500 ਰੁਪਿਆ ਹਰ ਮਹੀਨੇ ਜਮਾ ਕਰਵਾਏਗਾ, ਲੋੜਵੰਦ ਲੜਕੇ-ਲੜਕੀ ਦੀ ਫੀਸ ਜਾਂ ਦਾਖਲਾ ਭਰਨ ਤੋਂ ਪਹਿਲਾਂ ਉਸਦੀ ਬਕਾਇਦਾ ਪੜਤਾਲ ਵੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਭਾ ਦੀਆਂ ਸਰਗਰਮੀਆਂ ਅਤੇ ਕੰਪਿਊਟਰ ਸੈਂਟਰ ਦੀ ਕਾਰਗੁਜਾਰੀ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
Leave a Comment
Your email address will not be published. Required fields are marked with *