ਬਠਿੰਡਾ, 16 ਫਰਵਰੀ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਏ.ਆਰ.ਓ ਫਿਰੋਜ਼ਪੁਰ ਵਿਖੇ ਹੋ ਰਹੀ ਆਰਮੀ ਅਗਨੀਵੀਰ ਦੀ ਭਰਤੀ ਰੈਲੀ ਲਈ ਮੁਫਤ ਪੂਰਵ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ । ਭਰਤੀ ਦੇਖਣ ਲਈ ਪਹਿਲਾ ਆਰਮੀ ਦੀ ਵੈਬਸਾਈਟ www.joinindianarmy.nic.in ਤੇ ਆਨ-ਲਾਈਨ ਅਪਲਾਈ ਕਰਨਾ ਜ਼ਰੂਰੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਜ਼ਿਲ੍ਹਿਆ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਯੁਵਕ 20 ਫਰਵਰੀ 2024 ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਤੋਂ ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਆਰਮੀ ਲਈ ਆਨ-ਲਾਈਨ ਅਪਲਾਈ ਕੀਤੇ ਸਰਟੀਫਿਕੇਟ ਦੀ ਫੋਟੋ ਕਾਪੀ, 02 ਤਾਜਾ ਪਾਸਪੋਰਟ ਸਾਈਜ ਫੋਟੋ ਆਦਿ ਦਸਤਾਵੇਜ਼ ਲੈ ਕੇ ਪਿੰਡ ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਕੈਂਪ ਵਿੱਚ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2024-25 ਲਈ ਆਰਮੀ ਦੀ ਅਗਨੀਵੀਰ ਦੀ ਭਰਤੀ ਲਈ ਰਜਿਸਟ੍ਰੇਸ਼ਨ 13 ਫਰਵਰੀ 2024 ਤੋਂ ਸ਼ੁਰੂ ਹੋ ਕੇ 22 ਮਾਰਚ 2024 ਤੱਕ ਹੋਣੀ ਹੈ । ਆਰਮੀ ਅਗਨੀਵੀਰ ਭਰਤੀ ਦਾ ਆਨਲਾਈਨ ਲਿਖਤੀ ਪੇਪਰ 22 ਅਪ੍ਰੈਲ 2024 ਨੂੰ ਹੋਵੇਗਾ । ਸਿਖਲਾਈ ਦੌਰਾਨ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ । ਇਹ ਜਾਣਕਾਰੀ ਕੈਂਪ ਇੰਚਾਰਜ ਸ. ਹਰਮੇਲ ਸਿੰਘ ਦੁਆਰਾ ਦਿੱਤੀ ਗਈ। ਵਧੇਰੇ ਜਾਣਕਾਰੀ ਲਈ 94641-52013, 95493-00001, 94638-31615 ਤੇ ਸੰਪਰਕ ਕੀਤਾ ਜਾ ਸਕਦਾ ਹੈ ।