ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਕਾਫ਼ੀ ਸਮੇਂ ਤੋਂ ਆਰ.ਟੀ.ਓ. ਦਫ਼ਤਰ ਵਿਖੇ ਕੰਮਕਾਜ ’ਚ ਦੇਰੀ ਹੋਣ ਕਾਰਨ ਸਬੰਧਤ ਲੋਕਾਂ ’ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ। ਲੋਕ ਅਕਸਰ ਹੀ ਇਸ ਦਫ਼ਤਰ ਦੇ ਕੰਮਕਾਜ ਸਬੰਧੀ ਸ਼ੋਸ਼ਲ ਮੀਡੀਆ ’ਤੇ ਵੀ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਰਹੇ ਹਨ ਪ੍ਰੰਤੂ ਪਿਛਲੇ ਹਫ਼ਤੇ ਇਸ ਦਫ਼ਤਰ ’ਚ ਨਵੇਂ ਆਰ.ਟੀ.ਓ ਗੁਰਨਾਮ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਦੇ ਚਾਰਜ ਸੰਭਾਲਣ ਉਪਰੰਤ ਲੋਕਾਂ ਦੇ ਕੰਮਕਾਜ ਵਿਚ ਕਾਫ਼ੀ ਤੇਜ਼ੀ ਦੇਖਣ ਨੂੰ ਮਿਲੀ ਹੈ। ਜਿਸ ਕਰਕੇ ਸਬੰਧਿਤ ਲੋਕਾਂ ’ਚ ਕੰਮਕਾਜ ਨੂੰ ਲੈ ਕੇ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਲੈਕਚਰਾਰ ਸੁਖਬੀਰ ਸਿੰਘ, ਲੈਕਚਰਾਰ ਕੰਵਰਜੀਤ ਸਿੰਘ ਸੇਖੋਂ, ਪਰਮਜੀਤ ਸਿੰਘ, ਮੈਨੇਜਰ ਜਗਰੂਪ ਸਿੰਘ ਸੰਧੂ, ਗੁਰਨੈਬ ਸਿੰਘ ਬਰਾੜ, ਅਮਰਜੀਤ ਸਿੰਘ ਗੋਂਦਾਰਾ, ਸੁਦੇਸ਼ ਕਮਲ ਸ਼ਰਮਾ ਆਦਿ ਨੇ ਕਿਹਾ ਕਿ ਆਰ.ਟੀ.ਓ ਦਫ਼ਤਰ ਦੇ ਕੰਮਕਾਜ ਵਿਚਲੀ ਦੇਰੀ ਨੂੰ ਲੈ ਕੇ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਨਾਰਾਜ਼ ਚਲੇ ਆ ਰਹੇ ਸਨ, ਕਿਉਂਕਿ ਵਾਰ ਵਾਰ ਗੇੜੇ ਕੱਢਣ ਦੇ ਬਾਵਜੂਦ ਵੀ ਉਨ੍ਹਾਂ ਦਾ ਕੰਮ ਨਹੀਂ ਹੋ ਰਿਹਾ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੈਕਚਰਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੀ ਕਾਰ ਦਾ ਨੰਬਰ ਲੈਣ ਲਈ ਅਗਸਤ ਮਹੀਨੇ ’ਚ ਅਪਲਾਈ ਕੀਤਾ ਸੀ। ਜਿਸ ਦੇ ਸਾਰੇ ਕਾਗਜ਼ਾਤ ਤੇ ਪੂਰੀ ਫ਼ੀਸ ਵੀ ਭਰ ਦਿੱਤੀ ਗਈ ਸੀ ਪ੍ਰੰਤੂ 5-6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਵਾਰ-ਵਾਰ ਗ਼ਲਤ ਇਤਰਾਜ਼ ਲਗਾਏ ਜਾ ਰਹੇ ਸਨ। ਇਸ ਸਬੰਧੀ ਉਨ੍ਹਾਂ ਨੇ ਬਕਾਇਦਾ ਆਪਣਾ ਇਤਰਾਜ਼ ਵੀ ਜਤਾਇਆ ਸੀ ਪ੍ਰੰਤੂ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਸਹੀ ਵੀ ਕੰਮ ਨਹੀਂ ਕੀਤਾ ਗਿਆ। ਹੁਣ ਜਦੋਂ ਉਨ੍ਹਾਂ ਨੇ ਦਫ਼ਤਰ ਦੇ ਮੁਲਾਜ਼ਮ ਗੁਰਮੀਤ ਸਿੰਘ ਰਾਹੀਂ ਆਪਣੀ ਬੇਨਤੀ ਆਰ.ਟੀ.ਓ ਗੁਰਨਾਮ ਸਿੰਘ ਨੂੰ ਕੀਤੀ ਤਾਂ ਉਨ੍ਹਾਂ ਨੇ ਬਿਨਾਂ ਕੋਈ ਦੇਰੀ ਕੀਤਿਆਂ ਉਨ੍ਹਾਂ ਦਾ ਇਹ ਕੰਮ ਤੁਰੰਤ ਕਰ ਦਿੱਤਾ। ਇਸ ਸਬੰਧੀ ਨਾ ਤਾਂ ਉਨ੍ਹਾਂ ਨੂੰ ਕੋਈ ਰਾਜਸੀ ਸਿਫ਼ਾਰਸ ਕਰਵਾਈ ਗਈ ਤਾਂ ਨਾ ਹੀ ਕੋਈ ਰਿਸ਼ਵਤ ਦਿੱਤੀ ਗਈ। ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਨਾ ਤਾਂ ਉਹ ਟਰਾਂਸਪੋਰਟ ਹਨ ਅਤੇ ਨਾ ਹੀ ਉਹ ਕਦੇ ਗੁਰਨਾਮ ਸਿੰਘ ਨੂੰ ਮਿਲੇ ਹਨ। ਪਰ ਉਹ ਮੰਗ ਕਰਦੇ ਹਨ ਕਿ ਅਜਿਹੇ ਅਫ਼ਸਰ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਗੁਰਨਾਮ ਸਿੰਘ ਵਰਗੇ ਕੰਮਕਾਜ ’ਚ ਤੇਜ਼ੀ ਲਿਆਉਣ ਵਾਲੇ ਅਫ਼ਸਰਾਂ ਨੂੰ ਇੱਥੇ ਹੀ ਰੱਖਿਆ ਜਾਵੇ ਤਾਂ ਜੋ ਭਾਰੀ ਮਾਤਰਾ ਵਿਚ ਪਿਛਲੇ ਸਮੇਂ ਤੋਂ ਰੋਕੀਆਂ ਗਈਆਂ ਫ਼ਾਈਲਾਂ ਨੂੰ ਕਿਸੇ ਸਿਰੇ ਲਗਾਇਆ ਜਾ ਸਕੇ।