ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਤਕਾਲੀਨ ਸਰਕਾਰਾਂ ਮੌਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਤੇ ਹੁਣ ਸੱਤਾ ਤਬਦੀਲੀ ਤੋਂ ਬਾਅਦ ਵੀ ਠੱਗੀਆਂ ਮਾਰਨ ਦਾ ਉਕਤ ਸਿਲਸਿਲਾ ਲਗਾਤਾਰ ਜਾਰੀ ਹੈ। ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਗੁਰਮੇਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਕਾਲੇਕੇ ਜਿਲਾ ਮੋਗਾ ਦੇ ਬਿਆਨਾ ਦੇ ਆਧਾਰ ’ਤੇ ਆਸਟ੍ਰੇਲੀਆ ਦਾ ਵੀਜਾ ਲਵਾਉਣ ਦੇ ਝਾਂਸੇ ਵਿੱਚ 10 ਲੱਖ 60 ਹਜਾਰ ਰੁਪਏ ਦੀ ਕਥਿੱਤ ਠੱਗੀ ਮਾਰਨ ਦੇ ਦੋਸ਼ ਹੇਠ ਸਤਪਾਲ ਸਿੰਘ ਟੀਟੂ ਵਾਸੀ ਪਿੰਡ ਚੱਕ ਫਤਹਿ ਸਿੰਘ ਵਾਲਾ ਅਤੇ ਫਲੈਲ ਸਿੰਘ ਵਾਸੀ ਪਿੰਡ ਕਾਲੇਕੇ ਖਿਲਾਫ ਆਈਪੀਸੀ ਦੀ ਧਾਰਾ 420 ਅਤੇ ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਮੁਤਾਬਿਕ ਉਕਤਾਨ ਨੇ ਮੁਦੱਈ ਦੇ ਬੇਟੇ ਨੂੰ ਆਸਟ੍ਰੇਲੀਆ ਦਾ ਵੀਜਾ ਲਵਾ ਕੇ ਦੇਣ ਲਈ 14 ਲੱਖ ਰੁਪਏ ਦਾ ਖਰਚਾ ਦੱਸਿਆ ਅਤੇ ਮੁਦੱਈ ਤੋਂ ਤਿੰਨ ਕਿਸ਼ਤਾਂ ਵਿੱਚ 10 ਲੱਖ 60 ਹਜਾਰ ਰੁਪਏ ਲੈ ਲਏ, ਨਕਲੀ ਵੀਜਾ ਅਤੇ ਹੋਰ ਦਸਤਾਵੇਜ ਦੇ ਦਿੱਤੇ ਪਰ ਜਦ ਉਹ ਆਪਣੇ ਬੇਟੇ ਨੂੰ ਹਵਾਈ ਅੱਡੇ ’ਤੇ ਚੜਾਉਣ ਲਈ ਗਿਆ ਤਾਂ ਉੱਥੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਵੀਜਾ ਤਾਂ ਨਕਲੀ ਹੈ। ਸ਼ਿਕਾਇਤ ਕਰਤਾ ਮੁਤਾਬਿਕ ਉਕਤਾਨ ਨੇ ਪਰਿਵਾਰ ਨੂੰ ਪ੍ਰੇਸ਼ਾਨ ਵੀ ਕੀਤਾ ਅਤੇ ਪੈਸੇ ਵੀ ਵਾਪਸ ਕਰਨ ਦੀ ਜਰੂਰਤ ਨਾ ਸਮਝੀ। ਤਫਤੀਸ਼ੀ ਅਫਸਰ ਏਐਸਆਈ ਲਛਮਣ ਸਿੰਘ ਮੁਤਾਬਿਕ ਮੁਲਜਮਾ ਦੀ ਭਾਲ ਜਾਰੀ ਹੈ।